ਸਮਾਜ ਸੇਵੀ ਸ਼ਖਸੀਅਤ ਮਾ: ਬਿੱਕਰ ਸਿੰਘ ਭਲੂਰ ਦੀ ਹਮਸਫ਼ਰ ਸੁਖਦੇਵ ਕੌਰ ਦਾ ਦੇਹਾਂਤ,ਕਨੇਡੀਅਨ ਪੁੱਤਰਾਂ ਦੇ ਵਤਨ ਪਰਤਣ ’ਤੇ ਕੀਤਾ ਅੰਤਿਮ ਸੰਸਕਾਰ

ਭਲੂਰ, 12 ਮਾਰਚ (ਜਸ਼ਨ)- ਉੱਘੇ ਸਮਾਜ ਸੇਵੀ ਮਾ: ਬਿੱਕਰ ਸਿੰਘ ਹਾਂਗਕਾਂਗ ਪਿੰਡ ਭਲੂਰ ਨੂੰ ਉਸ ਸਮੇਂ ਡੰੂਘਾ ਸਦਮਾ ਲੱਗਾ ਜਦ ਉਹਨਾਂ ਦੀ ਹਮਸਫ਼ਰ ਸਰਦਾਰਨੀ ਸੁਖਦੇਵ ਕੌਰ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਮਾਤਾ ਸੁਖਦੇਵ ਕੌਰ 84 ਵਰਿਆਂ ਦੇ ਸਨ। ਕਨੇਡਾ ਤੋਂ ਪੁੱਤਰਾਂ ਦੀ ਵਤਨ ਵਾਪਸੀ ਉਪਰੰਤ 10 ਮਾਰਚ ਨੂੰ ਮਾਤਾ ਸੁਖਦੇਵ ਕੌਰ ਦਾ ਭਲੂਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਾਤਾ ਸੁਖਦੇਵ ਕੌਰ ਦੇ ਅਚਾਨਕ ਤੁਰ ਜਾਣ ਕਾਰਨ ਉਹਨਾਂ ਦੇ ਭਾਣਜੇ ਸ: ਨਛੱਤਰ ਸਿੰਘ ਮੱਲੀ ,ਜ਼ੋਰਾ ਸਿੰਘ ਮੱਲੀ ,ਸੁਰਜੀਤ ਸਿੰਘ ਮੱਲੀ ,ਅਨਮੋਲਦੀਪ ਸਿੰਘ ਮੱਲੀ ਅਤੇ ਸਮੁੱਚੇ ਪਰਿਵਾਰ ਨੂੰ ਭਾਰੀ ਘਾਟਾ ਪਿਆ ਹੈ।  ਮਾਤਾ ਸੁਖਦੇਵ ਕੌਰ ਵੱਲੋਂ ਮਿਲੀ ਸਿੱਖਿਆ ’ਤੇ ਅਮਲ ਕਰਦਿਆਂ ਉਹਨਾਂ ਦੇ ਸਪੁੱਤਰ ਮਲਕੀਤ ਸਿੰਘ ਅਤੇ ਕਰਮਜੀਤ ਸਿੰਘ ਆਪਣੇ ਪਰਿਵਾਰਾਂ ਸਮੇਤ ਕਨੇਡਾ ਦੀ ਧਰਤੀ ’ਤੇ ਮਿਹਨਤ ਕਰਦਿਆਂ ਪਰਿਵਾਰ ਵੱਲੋਂ ਦਿੱਤੇ ਸੰਸਕਾਰਾਂ ਰਾਹੀਂ ਆਪਣਾ ਅਤੇ ਪਰਿਵਾਰ ਦਾ ਨਾਮ ਰੁਸ਼ਨਾ ਰਹੇ ਹਨ ।  ਜ਼ਿਕਰਯੋਗ ਹੈ ਕਿ ਕਾਫੀ ਸਮਾਂ ਵਿਦੇਸ਼ੀ  ਧਰਤੀ ’ਤੇ ਰਹਿਣ ਮਗਰੋਂ ਮਾ: ਬਿੱਕਰ ਸਿੰਘ ਆਪਣੇ ਪਿੰਡ ਭਲੂਰ ਰਹਿ ਕੇ ਪਿੰਡ ਦੇ ਲੋਕਾਂ ਦੀ ਸੇਵਾ ਵਿਚ ਸਮਾਂ ਲਗਾਉਣ ’ਚ ਵਧੇਰੇ ਖੁਸ਼ੀ ਮਹਿਸੂਸ ਕਰਦੇ ਹਨ । ਜਿੱਥੇ  ਉਹ ਪਿਛਲੇ ਲੰਬੇ ਸਮੇਂ ਤੋਂ ਉਹ ਲੋੜਵੰਦ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਦਾ ਖੂਬਸੂਰਤ ਅਤੇ ਨਿਵੇਕਲਾ ਉੱਦਮ ਕਰ ਰਹੇ ਹਨ ਉੱਥੇ ਹੀ ਪਿੰਡ ਵਿਚ ਹਸਪਤਾਲ,ਨਵੇਂ ਪਾਰਕ ,ਵਧੀਆ ਸਕੂਲ ਅਤੇ ਪਿੰਡ ਦੀਆਂ ਸੱਥਾਂ ਨੂੰ ਵਿਦੇਸ਼ੀ ਦਿਖ ਦੇਣ ਦਾ ਸ਼ਲਾਘਾਯੋਗ ਕਾਰਜ ਵੀ ਕਰ ਰਹੇ ਹਨ । ਮਾ: ਬਿੱਕਰ ਸਿੰਘ ਹਾਂਗਕਾਂਗ ਵੱਲੋਂ ਗੁਰਮੱਖੀ ਲਿੱਪੀ ਅਤੇ ਖੋਜ ਸਬੰਧੀ ਵਿੱਢੇ ਕਾਰਜ ਨੂੰ ਦੇਖਦਿਆਂ ਹਰ ਕੋਈ ਉਹਨਾਂ ਦੇ ਸਿਰੜ ਤੇ ਮਿਹਨਤੀ ਸੁਭਾਅ ਨੂੰ ਸਿੱਜਦਾ ਕਰਦਾ ਹੈ। ਇਸ ਮਹਾਨ ਸ਼ਖਸੀਅਤ ਦੀ ਜੀਵਨ ਸਾਥਣ ਸੁਖਦੇਵ ਕੌਰ ਦੇ ਸਦੀਵੀ ਵਿਛੋੜੇ ’ਤੇ ਰਾਜਨੀਤਕ ,ਧਾਰਮਿਕ ,ਸਿੋੱਖਿਆ ਜਗਤ ਦੀਆਂ ਅਹਿਮ ਹਸਤੀਆਂ ਤੋਂ ਇਲਾਵਾ ਸਮੂਹ ਸਹਿਤ ਸਭਾਵਾਂ ਦੇ ਲੇਖਕਾਂ ਵੱਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਆਲੋਚਕ ਤੇ ਸ਼ਾਇਰ ਡਾ: ਦੇਵਿੰਦਰ ਸੈਫ਼ੀ ,ਜਸਕਰਨ ਸਿੰਘ, ਚਰਨਜੀਤ ਸਿੰਘ ਗਿੱਲ ਸਮਾਲਸਰ,ਜਸਵੀਰ ਭਲੂਰੀਆ,ਨਵਲਕਾਰ ਜੀਤ ਸਿੰਘ ਸੰਧੂ, ਰਾਜਵੀਰ ਸਿੰਘ ਸੰਧੂ, ਗੁਰਜੰਟ ਕਲਸੀ ਲੰਡੇ ,ਡਾ: ਬਸੰਤ ਸਿੰਘ ਸੰਧੂ, ਗਾਇਕ ਦਿਲਬਾਗ ਚਹਿਲ,ਆਰਟਿਸਟ ਯਸ਼ਪਾਲ ਸਿੰਘ ਆਦਿ ਨੇ ਵੀ ਮਾ: ਬਿੱਕਰ ਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।