ਸੰਸਦ ਮੈਂਬਰ ਭਗਵੰਤ ਮਾਨ ਨੇ ਵਰਕਰਾਂ ਨਾਲ ਕੀਤੀ ਮੀਟਿੰਗ,ਮੀਟਿੰਗ ਦੌਰਾਨ ਵਿਰੋਧੀਆਂ ਤੇ ਕੀਤੇ ਤਿੱਖੇ ਹਮਲੇ, ਕੈਪਟਨ ਸਮੇਤ ਮੋਦੀ ਸਰਕਾਰ ਨੂੰ ਵੀ ਲਿਆ ਨਿਸ਼ਾਨੇ ਤੇ

ਫਿਰੋਜ਼ਪੁਰ, 11 ਮਾਰਚ (ਪੰਕਜ ਕੁਮਾਰ)- ਆਮ ਆਦਮੀ ਪਾਰਟੀ ਦੇ ਐਮ ਪੀ ਭਗਵੰਤ ਮਾਨ ਫਿਰੋਜਪੁਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਨ ਲਈ ਵਿਸ਼ੇਸ ਤੌਰ ‘ਤੇ ਪਹੁੰਚੇ ਜਿਥੇ ਭਾਰੀ ਗਿਣਤੀ ਵਿਚ ਆਪ ਆਗੂ ਅਤੇ ਆਪ ਵਰਕਰਾਂ ਦਾ ਹਜ਼ੂਮ ਵੇਖਣ ਨੂੰ ਮਿਲਿਆ। ਭਗਵੰਤ ਮਾਨ ਦੀ ਫਿਰੋਜ਼ਪੁਰ ਫੇਰੀ ਨੇ ਇਥੋਂ ਦੇ ਆਪ ਵਰਕਰਾਂ ਵਿਚ ਨਵਾ ਜੋਸ਼ ਭਰਨ ਦਾ ਕੰਮ ਕੀਤਾ । ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵੱਖ ਵੱਖ ਥਾਵਾਂ ਤੇ ਆਪਣੇ ਵਰਕਰਾਂ ਨਾਲ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ  ਇਸੇ ਦੇ ਚੱਲਦਿਆ ਫਿਰੋਜ਼ਪੁਰ ਵਿਖੇ ਵੀ ਆਪ ਵਰਕਰਾਂ ਵਲੋਂ ਇਕ ਮੀਟਿੰਗ ਰੱਖੀ ਗਈ  ਜਿੱਥੇ ਭਗਵੰਤ ਮਾਨ ਸਣੇ ਕਈ ਪਾਰਟੀ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ ।  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਕ ਸਾਲ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀ ਕੀਤਾ ।  ਉਹਨਾ ਕਿਹਾ ਕਿ ਕਿਸਾਨ ਰੋਜ਼ਾਨਾ ਹੀ ਧਰਨੇ ਲਗਾ ਰਹੇ ਹਨ ਪਰ ਸਰਕਾਰ ਨੇ ਕਿਸਾਨਾਂ ਦਾ ਕੋਈ ਕਰਜ਼ਾ ਮੁਆਫ ਨਹੀਂ ਕੀਤਾ ਅਤੇ ਨਾ ਹੀ ਸਰਕਾਰ ਨੇ ਘਰ ਘਰ ਨੌਕਰੀ ਦਾ ਵਾਦਾ ਪੂਰਾ ਕੀਤਾ ਹੈ । ਮੀਡੀਆ ਨਾਲ ਗੱਲਬਾਤ ਦੌਰਾਨ ਜਿੱਥੇ ਉਨਾਂ ਕੈਪਟਨ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਉਥੇ ਹੀ ਉਨਾਂ ਮੋਦੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ । ਇਸ ਮੌਕੇ ਪੱਤਰਕਾਰਾਂ ਵਲੋਂ ਸੁਖਬੀਰ ਬਾਦਲ ਕੋਲ ਰੈਲੀ ਦੌਰਾਨ ਲਾਲ ਡਾਇਰੀ ਰੱਖਣ ਬਾਰੇ ਪੁੱਛਿਆ ਗਿਆ ਤਾਂ ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਚੁੱਟਕੀ ਲੈਂਦਿਆਂ ਕਿਹਾ ਕਿ ਇਸ ਗੱਲ ਨੂੰ ਸੀਰੀਅਸ ਨਾ ਲਿਆ ਜਾਵੇ  ਉਹਨਾ ਲਾਲ ਡਾਇਰੀ ਦੇ ਸਵਾਲ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਸੁਖਬੀਰ ਬਾਦਲ ਜੋ ਮਰਜ਼ੀ ਬੋਲੀ ਜਾਵੇ ਲੋਕ ਗੁੱਸਾ ਨਹੀਂ ਕਰਦੇ ।