ਮੁੱਖ ਮੰਤਰੀ ਵੱਲੋਂ 115.2 ਕਰੋੜ ਰੁਪਏ ਜਾਰੀ,18 ਜਨਵਰੀ ਤੱਕ ਐਸ.ਸੀ. ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਭੁਗਤਾਨ ਦਾ ਐਲਾਨ

ਚੰਡੀਗੜ, 7 ਮਾਰਚ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਸਰਕਾਰੀ ਅਤੇ ਨਿੱਜੀ ਕਾਲਜਾਂ ਨੂੰ ਐਸ.ਸੀ. ਪੋਸਟ ਮੈਟਰਿਕ ਸਕਾਲਰਸ਼ਿਪ ਜਾਰੀ ਕਰਨ ਦਾ ਐਲਾਨ ਕੀਤਾ ਹੈ ਜਿਨਾਂ ਦੀ ਜਾਅਲੀ ਦਾਖਲਿਆਂ ਦੇ ਸਬੰਧ ਵਿਚ ਆਡਿਟ ਜਾਂਚ ਮੁਕੰਮਲ ਹੋ ਗਈ ਹੈ। ਇਹ ਸਕਾਲਰਸ਼ਿਪ ਇਨਾਂ ਕਾਲਜਾਂ ਨੂੰ ਜਨਵਰੀ 2018 ਤੱਕ ਵਿਤਰਣ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਬੁਢਾਪਾ ਪੈਨਸ਼ਨ ਸਬੰਧੀ ਸਾਰੇ ਬਕਾਇਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਨਾਂ ਦੇ ਵਿਤਰਣ ਦੀ ਪ੍ਰਿਆ ਫਰਵਰੀ ਤੱਕ ਮੁਕੰਮਲ ਕਰ ਲਈ ਹੈ। ਇਸ ਨਾਲ 2018 ਦੇ ਹੁਣ ਤੱਕ ਪੈਨਸ਼ਨ ਦਾ ਭੁਗਤਾਨ ਹੋ ਗਿਆ ਹੈ। ਸਰਕਾਰ ਨੇ ਪਹਿਲਾਂ ਹੀ ਮਾਸਿਕ ਤੌਰ ’ਤੇ 128 ਕਰੋੜ ਰੁਪਏ ਦੇ ਵਿਤਰਣ ਦਾ ਫੈਸਲਾ ਕੀਤਾ ਹੈ ਤਾਂ ਜੋ ਬੁਢਾਪਾ ਪੈਨਸ਼ਨ ਦੇ ਨਿਯਮਤ ਭੁਗਤਾਨ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਬਜਟ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਨਾਲ ਵਿਚਾਰ ਵਟਾਂਦਰੇ ਦੌਰਾਨ ਉਪਰੋਕਤ ਪ੍ਰਗਟਾਵਾ ਕੀਤਾ। ਉਨਾਂ ਨੇ ਬਜਟ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕਰਨ ਲਈ ਇਹ ਵਿਲੱਖਣ ਪਹਿਲਕਦਮੀ ਸ਼ੁਰੂ ਕੀਤੀ ਸੀ ਅਤੇ ਚੁਣੇ ਹੋਏ ਨੁਮਾਇੰਦਿਆਂ ਦੇ ਸੁਝਾਅ ਅਤੇ ਹੋਰ ਜਾਣਕਾਰੀ ਲੈਣ ਲਈ ਇਹ ਜਮਹੂਰੀ ਪ੍ਰਿਆ ਅਪਣਾਈ ਸੀ। ਮੀਟਿੰਗ ਦੌਰਾਨ ਵਿਧਾਇਕਾਂ ਨੇ ਸੂਬੇ ਵਿਚ ਗੈਰ ਕਾਨੂੰਨੀ ਖਣਨ ਦੇ ਸਖ਼ਤੀ ਨਾਲ ਖਾਤਮੇ ਲਈ ਮੁੱਖ ਮੰਤਰੀ ਵੱਲੋਂ ਅਪਣਾਈ ਗਈ ਪਹੁੰਚ ਦੀ ਪ੍ਰਸ਼ੰਸਾ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਨਾਕਸ ਖੰਡ ਮਿਲਾਂ ਦੀ ਸੁਰਜੀਤੀ ਵਾਸਤੇ ਢੰਗ ਤਰੀਕੇ ਲੱਭਣ ਲਈ ਗਠਿਤ ਮਾਹਰਾਂ ਦੇ ਇੱਕ ਗਰੁੱਪ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਵੀ ਵਾਅਦਾ ਕੀਤਾ। ਉਨਾਂ ਨੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਅਜਿਹੀਆਂ ਮਿੱਲਾਂ ਨੂੰ ਮੁੜ ਸ਼ੁਰੂ ਕਰਨ ਲਈ ਸਰਕਾਰ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ ਅਤੇ ਇਨਾਂ ਮਿੱਲਾਂ ਦੇ ਆਧੁਨਿਕੀਕਰਨ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ। ਨਵਾਂਸ਼ਹਿਰ ਦੇ ਮੈਂਬਰਾਂ ਨੇ ਗੰਨਾ ਕਿਸਾਨਾਂ ਦੇ ਲੰਬਿਤ ਪਏ ਬਕਾਏ ਜਾਰੀ ਕਰਨ ਦੀ ਮੰਗ ਕੀਤੀ ਜਿਸ ਸਬੰਧ ਵਿਚ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਮੁੱਦੇ ਨੂੰ ਹੱਲ ਕੀਤਾ ਜਾ ਰਿਹਾ ਹੈ। ਕੁਝ ਮੈਂਬਰਾਂ ਨੇ ਉਦਯੋਗ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਬੜਾਵਾ ਦੇਣ ਵਾਸਤੇ ਨਵੀਆਂ ਚਾਵਲ ਸ਼ੈਲਰ ਇਕਾਈਆਂ ਦੀ ਸਥਾਪਤੀ ਲਈ ਸੀ.ਐਲ.ਯੂ ਦੀਆਂ ਸ਼ਰਤਾਂ ਨਰਮ ਕਰਨ ਵਾਸਤੇ ਵੀ ਆਖਿਆ। ਮੈਂਬਰਾਂ ਵੱਲੋਂ ਆਉਂਦੇ ਬਜਟ ਸਮਾਗਮ ਦੌਰਾਨ ਉਨਾਂ ਦੇ ਹਲਕਿਆਂ ਵਿਚ ਵਿਕਾਸ ਲਈ ਜ਼ਿਆਦਾ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਦੀ ਮੰਗ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਹਾਂ ਪੱਖੀ ਹੁੰਗਾਰਾ ਭਰਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਹਰ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਦੇ ਲਈ ਸਰੋਤਾਂ ਅਤੇ ਮਾਲੀਏ ਨੂੰ ਜੁਟਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਲੁਧਿਆਣਾ ਦੇ ਵਿਧਾਇਕਾਂ ਨੇ 16 ਕਿਲੋਮੀਟਰ ਲੰਮੇ ਬੁੱਢੇ ਨਾਲੇ ਦੀ ਤਰਸਯੋਗ ਹਾਲਤ ਅਤੇ ਸਰਕਾਰੀ ਤੇ ਕਾਰਪੋਰੇਸ਼ਨ ਦੀ ਜ਼ਮੀਨ ਉੱਤੇ ਕਬਜ਼ਿਆਂ ਬਾਰੇ ਚਿੰਤਾ ਪ੍ਰਗਟ ਕੀਤੀ ਜਿਸ ਸਬੰਧ ਵਿਚ ਸਥਾਨਕ ਸਰਕਾਰ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਭਰੋਸਾ ਦਿਵਾਇਆ ਕਿ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪ੍ਰਿਆ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇਗੀ। ਬਹੁਤ ਸਾਰੇ ਮੈਂਬਰਾਂ ਨੇ ਆਪਣੇ ਆਪਣੇ ਹਲਕਿਆਂ ਵਿਚ ਸਿੱਖਿਆ ਬੁਨਿਆਦੀ ਢਾਂਚੇ ਨੂੰ ਵਧੀਆ ਬਣਾਉਣ ’ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਸਰਕਾਰ ਦੇ ਪ੍ਰਾਥਮਿਕ ਏਜੰਡੇ ’ਤੇ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਟਿੰਗ ਦੌਰਾਨ ਦੱਸਿਆ ਕਿ 11 ਮਾਰਚ ਨੂੰ ਕਰਵਾਏ ਜਾ ਰਹੇ ਨੌਕਰੀ ਮੇਲੇ ਦੌਰਾਨ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇ ਪੱਤਰ ਦਿੱਤੇ ਜਾਣਗੇ। ਵਧਦੇ ਭੀੜ ਭੜੱਕੇ, ਸੀਵਰੇਜ਼ ਦੀ ਸਮੱਸਿਆ, ਡੇਅਰੀਆਂ ਨੂੰ ਤਬਦੀਲ ਕਰਨ, ਬੱਸ ਅੱਡਿਆਂ ਅਤੇ ਫਸਲਾਂ ਦੀ ਰਹਿੰਦ ਖੂੰਹਦ ਸਾੜਣ ਵਰਗੇ ਮੁੱਦੇ ਵੀ ਮੈਂਬਰਾਂ ਵੱਲੋਂ ਉਠਾਏ ਗਏ। ਮੈਂਬਰਾਂ ਨੇ ਕੈਂਸਰ ਦੀ ਖੋਜ ਅਤੇ ਰੋਕਥਾਮ ਲਈ ਬਜਟ ਵਿਚ ਜ਼ਿਆਦਾ ਫੰਡ ਰੱਖੇ ਜਾਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨਾਂ ਨੇ ਸੂਬੇ ਵਿਚ ਪ੍ਰਦੂਸ਼ਣ ਦੇ ਨਿਯੰਤਰਣ ’ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਗੈਰ ਕਾਨੂੰਨੀ ਕਲੋਨੀਆਂ ਨੂੰ ਨਿਯਮਤ ਕਰਨ ’ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਸਬੰਧ ਵਿਚ ਸਮਾਂਬੱਧ ਨੀਤੀ ਦੀ ਮੰਗ ਕੀਤੀ ਗਈ। ਮੈਂਬਰਾਂ ਨੇ ਸੂਬੇ ਦੇ ਖਜ਼ਾਨੇ ਲਈ ਮਾਲੀਆ ਇਕੱਤਰ ਕਰਨ ਅਤੇ ਲੋਕਾਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਪੂਰਾ ਕਰਨ ਲਈ ਚਿਰਾਂ ਦੀਆਂ ਕਿਰਾਏ ਦੀਆਂ ਜਾਇਦਾਦਾਂ ਦੇ ਲਈ ਮਾਲਕੀ ਅਧਿਕਾਰ ਦੀ ਰਜਿਸਟਰੇਸ਼ਨ ਨੂੰ ਵੀ ਯਕੀਨੀ ਬਣਾਉਣ ਲਈ ਨੀਤੀ ਦੀ ਮੰਗ ਕੀਤੀ। ਵਿਦੇਸ਼ਾਂ ਵਿਚ ਵਸੇ ਹੋਏ ਪੰਜਾਬੀਆਂ ਦੀਆਂ ਵਿਕਾਸ ਦੇ ਖੇਤਰ ਵਿਚ ਸੇਵਾਵਾਂ ਪ੍ਰਾਪਤ ਕਰਨ ਲਈ ਵੀ ਮੈਂਬਰਾਂ ਨੇ ਸੁਝਾਅ ਦਿੱਤੇ ਅਤੇ ਉਨਾਂ ਨੂੰ ਸੂਬੇ ਵਿਚ ਉਦਯੋਗ ਅਤੇ ਨਿਵੇਸ਼ ਲਈ ਉਤਸ਼ਾਹਤ ਕਰਨ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਸੂਬੇ ਦੇ ਸਮੁੱਚੇ ਵਿਕਾਸ ਵਿਚ ਗਤੀ ਲਿਆਂਦੀ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਦੀ ਪ੍ਰਗਤੀ ਨੂੰ ਹੁਲਾਰਾ ਦੇਣ ਲਈ ਐਨ.ਆਰ.ਆਈ ਭਾਈਚਾਰੇ ਦੀ ਸ਼ਮੂਲੀਅਤ ਬਣਾਉਣ ਲਈ ਸਖ਼ਤ ਜਦੋ-ਜਹਿਦ ਕਰ ਰਹੀ ਹੈ।  ਚੁਣੇ ਹੋਏ ਨੁਮਾਇੰਦਿਆਂ ਅਤੇ ਸਰਕਾਰੀ ਮੁਲਾਜ਼ਮਾਂ ਵਿਚਕਾਰ ਨਿਯਮਤ ਤੌਰ ’ਤੇ ਰਾਬਤੇ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਦੋਵਾਂ ਵਿਚ ਲਗਾਤਾਰ ਤਾਲਮੇਲ ਅਤੇ ਸੰਚਾਰ ਯਕੀਨੀ ਬਣਾਇਆ ਜਾਵੇਗਾ। ਬਜਟ ਬਾਰੇ ਵਿਚਾਰ ਵਟਾਂਦਰੇ ਲਈ ਮੁੱਖ ਮੰਤਰੀ ਵੱਲੋਂ ਕੀਤੀਆਂ ਗਈਆਂ ਵਿਲੱਖਣ ਪਹਿਲਕਦਮੀਆਂ ਵਾਸਤੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਉਨਾਂ ਦੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਲੋਕਾਂ ਦੀਆਂ ਖਾਹਿਸ਼ਾਂ ਨੂੰ ਲਗਾਤਾਰ ਪੂਰਾ ਕਰਨ ਦਾ ਯਤਨ ਕਰਦੀ ਰਹੇਗੀ। ਉਨਾਂ ਕਿਹਾ ਕਿ ਆਉਣ ਵਾਲਾ ਬਜਟ ਗਰੀਬ ਲੋਕਾਂ ਦੀਆਂ ਉਮੀਦਾਂ ਅਤੇ ਖਾਹਿਸ਼ਾਂ ਦਾ ਝਲਕਾਰਾ ਹੋਵੇਗਾ।