‘ਖਿੱਦੋ-ਖੂੰਡੀ‘ ਫਿਲਮ ਹਾਕੀ ਤੇ ਸੰਸਾਰਪੁਰ ਬਾਰੇ ਜਾਗਰੂਕਤਾ ਫੈਲਾਉਣ ਪੱਖੋਂ ਸਾਬਿਤ ਹੋਵੇਗੀ ਮੀਲ ਪੱਥਰ: ਨਵਜੋਤ ਸਿੰਘ ਸਿੱਧੂ

ਚੰਡੀਗੜ, 7 ਮਾਰਚ(ਪੱਤਰ ਪਰੇਰਕ)-ਫਿਲਮਾਂ ਨੂੰ ਕਿਸੇ ਵੀ ਮੁੱਦੇ ਬਾਰੇ ਜਾਗਰੂਕਤਾ ਫੈਲਾਉਣ ਲਈ ਇਕ ਬੇਹੱਦ ਅਸਰਦਾਰ ਮਾਧਿਅਮ ਦੱਸਦੇ ਹੋਏ ਪੰਜਾਬ ਦੇ ਸੱਭਿਆਚਾਰਕ ਮਾਮਲੇ ਅਤੇ ਸੈਰ-ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਉਣ ਵਾਲੀ ਫਿਲਮ ‘ਖਿੱਦੋ-ਖੂੰਡੀ‘ ਹਾਕੀ ਦੀ ਖੇਡ ਅਤੇ ਇਸ ਦੀ ਨਰਸਰੀ ਕਹੇ ਜਾਣ ਵਾਲੇ ਪਿੰਡ ਸੰਸਾਰਪੁਰ ਬਾਰੇ ਜਾਗਰੂਕਤਾ ਫੈਲਾਉਣ ਸਬੰਧੀ ਮੀਲ ਪੱਥਰ ਸਾਬਿਤ ਹੋਵੇਗੀ । ਸ. ਸਿੱਧੂ ਨੇ ਅੱਜ ਸਥਾਨਕ ਹੋਟਲ ਜੇ. ਡਬਲਿਊ. ਮੈਰੀਅਟ ਵਿਖੇ ਫਿਲਮ ‘ਖਿੱਦੋ-ਖੂੰਡੀ‘ ਦੇ ਟਰੇਲਰ ਅਤੇ  ਪੋਸਟਰ ਨੂੰ ਲੋਕ ਅਰਪਣ ਕਰਦੇ ਸਮੇਂ ਇਹ ਵਿਚਾਰ ਪ੍ਰਗਟ ਕੀਤੇ। ਸ. ਸਿੱਧੂ ਨੇ ਇਸ ਫਿਲਮ ਦੇ ਮੁੱਖ ਕਲਾਕਾਰਾਂ ਨਾਲ ਗੱਲਬਾਤ ਕਰਦੇ ਹੋਏ ਫਿਲਮ ਦੀ ਸਾਰੀ ਯੂਨਿਟ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨਾਂ ਅੱਗੇ ਕਿਹਾ ਕਿ ਹਾਕੀ ਅਤੇ ਸੰਸਾਰਪੁਰ ਨੂੰ ਇਕ-ਦੂਜੇ ਤੋਂ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਕਿਸੇ ਸਮੇਂ ਭਾਰਤ ਦੀ ਕੌਮੀ ਹਾਕੀ ਟੀਮ ਵਿਚ ਜ਼ਿਆਦਾਤਰ ਖਿਡਾਰੀ ਸੰਸਾਰਪੁਰ ਦੇ ਹੀ ਹੁੰਦੇ ਸਨ। ਉਨਾਂ ਇਹ ਵੀ ਕਿਹਾ ਕਿ ਇਹ ਖੇਡ ਪੰਜਾਬੀਆਂ ਦੇ ਖੂਨ ਵਿਚ ਵਸੀ ਹੋਈ ਹੈ। ਉਨਾਂ ਹਾਕੀ ਦੀ ਮਕਬੂਲੀਅਤ ਵਧਾਉਣ ਲਈ ਇਕ ਵਿਸਥਾਰਿਤ ਨੀਤੀ ਬਣਾਉਣ ਦੀ ਵਕਾਲਤ ਕਰਦਿਆਂ ਦੱਸਿਆ ਕਿ ਇਸ ਖੇਡ ਨੇ 8 ਉਲੰਪਿਕ ਸੋਨ ਤਮਗੇ ਭਾਰਤ ਦੀ ਝੋਲੀ ਪਾਏ ਹਨ । ਉਨਾਂ ਇਸ ਖੇਡ ਨੂੰ ਆਕਰਸ਼ਕ ਬਣਾਉਣ ਲਈ ਖਿਡਾਰੀਆਂ ਨੂੰ ਦਿਲ ਖਿਚਵੇਂ ਇਨਾਮ ਦੇਣ ਅਤੇ ਨੌਕਰੀ ਦੇਣ ਦੀ ਗੱਲ ਵੀ ਕਹੀ। ਉਨਾਂ ਫਿਲਮਕਾਰਾਂ ਨੂੰ ਸੁਨੇਹਾ ਦਿੱਤਾ ਕਿ ਖੇਡਾਂ ਦੇ ਵਿਸ਼ੇ ਨੂੰ ਕੇਂਦਰ ਵਿਚ ਰੱਖ ਕੇ ਫਿਲਮਾਂ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਨੌਜਵਾਨ ਵਰਗ ਆਪਣੀ ਊਰਜਾ ਖੇਡਾਂ ਵੱਲ ਲਾ ਕੇ ਭਾਰਤ ਨੂੰ ਖੇਡਾਂ ਦਾ ਸਰਤਾਜ ਬਣਾਵੇ।ਇਸ ਮੌਕੇ ਫਿਲਮ ਦੇ ਮੁੱਖ ਕਲਾਕਾਰ ਰਣਜੀਤ ਬਾਵਾ ਅਤੇ ਮੈਂਡੀ ਤੱਖੜ, ਨਿਰਮਾਤਾ ਤਲਵਿੰਦਰ ਹੇਅਰ ਤੇ ਕਵਨਜੀਤ ਹੇਅਰ, ਨਿਰਦੇਸ਼ਕ ਰੋਹਿਤ ਜੁਗਰਾਜ ਤੋਂ ਇਲਾਵਾ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਵੀ ਮੌਜੂਦ ਸਨ।