ਪੰਜਾਬ ਸਰਕਾਰ ਵੱਲੋਂ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲਵਾਨ ਨਵਜੋਤ ਕੌਰ ਨੂੰ ਪੰਜ ਲੱਖ ਰੁਪਏ ਦਾ ਨਗਦ ਇਨਾਮ ਅਤੇ ਸਰਕਾਰੀ ਨੌਕਰੀ ਦੀ ਪੇਸ਼ਕਸ਼

ਚੰਡੀਗੜ,7 ਮਾਰਚ (ਪੱਤਰ ਪਰੇਰਕ)-: ਪੰਜਾਬ ਮੰਤਰੀ ਮੰਡਲ ਨੇ ਕਰਿਗਸਤਾਨ ਦੇ ਬਿਸ਼ਕੇਕ ਵਿਚ ਹੋਈ ਏਸ਼ੀਅਨ ਰੈਸਿਗ ਚੈਂਪੀਅਨ ’ਚ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲਵਾਨ ਨਵਜੋਤ ਕੌਰ ਨੂੰ ਢੁੱਕਵੀਂ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕਰਨ ਤੋਂ ਇਲਾਵਾ ਪੰਜ ਲੱਖ ਰੁਪਏ ਦਾ ਨਗਦ ਇਨਾਮ ਦੇਣ ਦਾ ਫੈਸਲਾ ਕੀਤਾ ਹੈ। ਇਸ ਮੁਟਿਆਰ ਵੱਲੋਂ ਵਿਖਾਈ ਗਈ ਸ਼ਾਨਦਾਰ ਕਾਰਗੁਜ਼ਾਰੀ ਦੇ ਕਾਰਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਨਵਜੋਤ ਕੌਰ ਨੂੰ ਨੌਕਰੀ ਦੀ ਪੇਸ਼ਕਸ਼ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। ਇਹ ਪ੍ਰਸਤਾਵ ਗੈਰ-ਰਸਮੀ ਵਿਚਾਰ-ਵਟਾਂਦਰੇ ਦੌਰਾਨ ਸਾਹਮਣੇ ਆਇਆ। ਸਮੁੱਚੇ ਮੰਤਰੀ ਮੰਡਲ ਨੇ ਸੂਬੇ ਦਾ ਮਾਣ ਵਧਾਉਣ ਅਤੇ 65 ਕਿਲੋਗ੍ਰਾਮ ਫ੍ਰੀ-ਸਟਾਇਲ ਸ਼੍ਰੇਣੀ ਵਿਚ ਏਸ਼ੀਅਨ ਚੈਂਪੀਅਨਸ਼ਿਪ ’ਚ ਪਹਿਲੀ ਵਾਰ ਭਾਰਤ ਲਈ ਸੋਨੇ ਦਾ ਤਮਗਾ ਜਿੱਤਣ ਵਾਲੀ ਇਸ ਮੁਟਿਆਰ ਦੀ ਪ੍ਰਸ਼ੰਸਾ ਕੀਤੀ। ਇੱਕ ਸਰਕਾਰੀ ਬੁਲਾਰੇ ਅਨੁਸਾਰ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਤਰਨ ਤਾਰਨ ਦੀ ਮੁਟਿਆਰ ਨਵਜੋਤ ਕੌਰ ਨੂੰ ਨਗਦ ਇਨਾਮ ਦੇਣ ਦਾ ਫੈਸਲਾ ਕੀਤਾ ਪਰ ਮੁੱਖ ਮੰਤਰੀ ਨੇ ਉਸ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਇੱਛਾ ਜਤਾਈ। ਮੰਤਰੀ ਮੰਡਲ ਨੇ ਤੁਰੰਤ ਮੁੱਖ ਮੰਤਰੀ ਦੇ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ ਅਤੇ ਉਸ ਨੂੰ ਢੁੱਕਵੀਂ ਸਰਕਾਰੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਖਿਡਾਰੀਆਂ ਨੂੰ ਸਨਮਾਨ ਦੇਣ ਲਈ ਵਿਆਪਕ ਨੀਤੀ ਤਿਆਰ ਕਰਨ ਅਤੇ ਵੱਖ ਵੱਖ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਨੌਕਰੀ ਦੇ ਮੌਕੇ ਮੁਹੱਈਆ ਕਰਵਾਉਣ ਬਾਰੇ ਵਿਸ਼ੇਸ਼ ਤੌਰ ’ਤੇ ਮਾਪਦੰਡਾਂ ਦਾ ਉਲੇਖ ਕਰਨ।