ਇਨੋਵਾ ਗੱਡੀ ਖੱਡ ਵਿਚ ਡਿੱਗਣ ਨਾਲ ਅੱਠ ਨੌਜਵਾਨਾਂ ਦੀ ਮੌਤ, ਮਨੀਕਰਨ ਸਾਹਿਬ ਤੋਂ ਸ਼੍ਰੀ ਆਨੰਦਪੁਰ ਸਾਹਿਬ ਲਈ ਜਾ ਰਹੇ ਸਨ ਅਮਰਿਤਸਰ ਸਾਹਿਬ ਦੇ ਸ਼ਰਧਾਲੂ

ਅਮਰਿਤਸਰ ਸਾਹਿਬ, 2 ਮਾਰਚ (ਜਸ਼ਨ)- ਦੇਰ ਰਾਤ ਚੰਡੀਗੜ ਮਨਾਲੀ ਰਾਸ਼ਟਰੀ ਰਾਜ ਮਾਰਗ ’ਤੇ ਬਿਲਾਸਪੁਰ ਨੇੜੇ ਸਵਾਰਘਾਟ ਵਿਚ ਇਨੋਵਾ ਗੱਡੀ ਡੂੰਘੀ ਖੱਡ ਵਿਚ ਡਿੱਗਣ ਨਾਲ ਅੱਠ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਜਖਮੀਂ ਹੋ ਗਿਆ । ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਮਨੀਕਰਨ ਸਾਹਿਬ ਤੋਂ ਆਨੰਦਪੁਰ ਸਾਹਿਬ ਜਾ ਰਹੇ ਸ਼ਰਧਾਲੂ ਸਨ। ਇਹ ਘਟਨਾ ਸਵਾਰਘਾਟ ਦੇ ਨੇੜੇ ਕਾਲੀ ਮਾਤਾ ਮੰਦਿਰ ਕੋਲ ਵਾਪਰੀ ਜਦੋਂ ਇਨੋਵਾ ਗੱਡੀ ਸੜਕ ਕਿਨਾਰੇ ਲੱਗੇ ਬੈਰੀਕੇਡਾਂ ਨੂੰ ਤੋੜਦੀ ਹੋਈ ਪਹਾੜ ਤੋਂ ਹੇਠਾਂ ਜਾ ਡਿੱਗੀ । ਪ੍ਰਤੱਖ ਦਰਸ਼ੀਆਂ ਮੁਤਾਬਕ ਗੱਡੀ ਕਾਫੀ ਦੇਰ ਹਵਾ ਵਿਚ ਹੀ ਰਹੀ ਤੇ ਹੇਠਾਂ ਡਿੱਗਦਿਆਂ ਹੀ ਅੱਠ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ । ਜ਼ਖਮੀਂ ਵਿਅਕਤੀ ਦੇ ਦੱਸਣ ਮੁਤਾਬਕ ਇਹ ਘਟਨਾ ਗੱਡੀ ਦੀ ਬਰੇਕ ਫੇਲ ਹੋਣ ਕਾਰਨ ਵਾਪਰੀ ਅਤੇ ਗੱਡੀ ਬੇਕਾਬੂ ਹੋ ਕੇ ਖੱਡ ਵਿਚ ਜਾ ਡਿੱਗੀ । ਉਸ ਦੇ ਦੱਸਣ ਮੁਤਾਬਕ ਨੌਂ ਨੌਜਵਾਨ ਅਮਿ੍ਰਤਸਰ ਦੇ ਰਹਿਣ ਵਾਲੇ ਸਨ ਅਤੇ ਮਨੀਕਰਨ ਸਾਹਿਬ ਤੋਂ ਦਰਸ਼ਨਾਂ ਉਪਰੰਤ ਆਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ । ਉਸ ਨੇ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ 9 ਸ਼ਰਧਾਲੂ ਅਮਿ੍ਰਤਸਰ ਦੇ ਛੇਹਰਟਾ ਤੋਂ ਮਨੀਕਰਨ ਸਾਹਿਬ ਲਈ ਰਵਾਨਾ ਹੋਏ ਸਨ ਅਤੇ ਵਾਪਸੀ ਸਮੇਂ ਹਿਮਾਚਲ ਪ੍ਰਦੇਸ ਦੇ ਬਿਲਾਸਪੁਰ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ। ਇਹਨਾਂ 9 ਵਿਅਕਤੀਆਂ ਵਿਚੋਂ 6 ਨੌਜਵਾਨ ਪਿੰਡ ਕਾਲੇ ਤੋਂ , 1 ਪਿੰਡ ਬੋਪਾਰਾਏ ਤੋਂ ਅਤੇ 1 ਰਾਜਾਸਾਂਸੀ ਨਾਲ ਸਬੰਧਤ ਸੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


