ਨੌਜਵਾਨ ਨੇ ਕੀਤੀ ਆਤਮ ਹੱਤਿਆ, ਅੰਤਰਜਾਤੀ ਵਿਆਹ ਉਪਰੰਤ ਪਤਨੀ ਅਤੇ ਸਹੁਰਿਆਂ ਤੋਂ ਸੀ ਪਰੇਸ਼ਾਨ

ਮੋਗਾ, 23 ਫਰਵਰੀ (ਜਸ਼ਨ)- ਚਾਈਂ ਚਾਈਂ ਹੋਏ ਅੰਤਰਜਾਤੀ ਵਿਆਹ ਦਾ ਉਸ ਸਮੇਂ ਦੁਖਦਾਈ ਅੰਤ ਹੋ ਗਿਆ ਜਦੋਂ ਧਰਮਕੋਟ ਦੇ ਇਕ ਨੌਜਵਾਨ ਨੇ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ । ਅਮਨਦੀਪ ਪੁੱਤਰ ਵਿਜੇ ਕੁਮਾਰ ਆਪਣੀ ਘਰਵਾਲੀ ਅਤੇ ਸਹੁਰੇ ਪਰਿਵਾਰ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ ਇਸ ਕਰਕੇ ਉਸ ਨੇ 20 ਫਰਵਰੀ ਨੂੰ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ।  ਉਸ ਨੂੰ  ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਗੰਭੀਰ ਹਾਲਤ ਦੇਖਦਿਆਂ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ ਪਰ ਇਲਾਜ ਦੌਰਾਨ ਕੱਲ ਉਸ ਦੀ ਮੌਤ ਹੋ ਗਈ ਅਤੇ ਅੱਜ ਉਸ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ । ਧਰਮਕੋਟ ਥਾਣੇ ਦੇ ਏ ਐੱਸ ਆਈ ਲਖਵਿੰਦਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਨਦੀਪ ਪੁੱਤਰ ਵਿਜੇ ਕੁਮਾਰ ਵਾਸੀ ਢੋਲੇਵਾਲ ਰੋਡ ਧਰਮਕੋਟ ਦਾ ਵਿਆਹ ਪੰਜ ਸਾਲ ਪਹਿਲਾਂ ਕੋਟ ਸਦਰ ਖਾਂ ਪਿੰਡ ਦੀ ਲੜਕੀ ਪਮਲਜੀਤ ਕੌਰ ਨਾਲ ਹੋਇਆ ਸੀ । ਲੜਕਾ ਖੱਤਰੀ ਕੌਮ ’ਚੋਂ ਸੀ ਜਦਕਿ ਕਿ ਪਮਲਜੀਤ ਕੌਰ ਦਲਿਤ ਪਰਿਵਾਰ ਨਾਲ ਸਬੰਧ ਰੱਖਦੀ ਹੈ ਤੇ ਇੰਝ ਅੰਤਰਜਾਤੀ ਵਿਆਹ ਉਪਰੰਤ ਦੋਨਾਂ ਦੇ ਚਾਰ ਸਾਲ ਦਾ ਪੁੱਤਰ ਲਵਦੀਪ ਵੀ ਹੈ । ਲਖਵਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਦੀ ਮਾਤਾ ਸਤਨਾਮ ਕੌਰ ਵੱਲੋਂ ਲਗਾਏ ਦੋਸ਼ਾਂ ਮੁਤਾਬਕ ਉਸ ਦੇ ਲੜਕੇ ਦੇ ਵਿਆਹ ਤੋਂ 17 ਦਿਨ ਬਾਅਦ ਹੀ ਉਸਦੀ ਪਤਨੀ ਦੇ ਕਥਿਤ ਲੜਾਕੂ ਸੁਭਾਅ ਕਾਰਨ ਦੋੋਨੋਂ ਮੀਆਂ ਬੀਬੀ ਧਰਮਕੋਟ ਵਿਚ ਹੀ ਵੱਖਰੇ ਕਿਰਾਏ ਦੇ ਮਕਾਨ ਵਿਚ ਰਹਿਣ ਲੱਗ ਪਏ ਸਨ । ਸਤਨਾਮ ਕੌਰ ਦੇ ਦੱਸਣ ਮੁਤਾਬਕ ਅਮਨਦੀਪ ਆਪਣੇ ਪਿਤਾ ਨਾਲ ਧਰਮਕੋਟ ਬੱਸ ਅੱਡੇ ’ਤੇ ਗੰਨੇ ਦੇ ਰਸ ਅਤੇ ਆਂਡਿਆਂ ਦਾ ਕੰਮ ਕਰਦਾ ਸੀ ਪਰ ਉਸ ਦੀ ਪਤਨੀ ਉਸ ਨੂੰ ਪਿਤਾ ਨਾਲੋਂ ਵੱਖਰਾ ਕੰਮ ਕਰਨ ਲਈ ਪਰੇਸ਼ਾਨ ਕਰਦੀ ਸੀ । ਉਸ ਨੇ ਇਹ ਵੀ ਦੋਸ਼ ਲਾਇਆ ਕਿ ਅਮਨਦੀਪ ਦਾ ਸਾਲਾ ਚਰਨਜੀਤ ਸਿੰਘ ਭੋਪਲ ਜੋ ਮੋਗੇ ਚਾਹ ਦੀ ਦੁਕਾਨ ਕਰਦਾ ਹੈ ਅਤੇ ਸਮੁੱਚਾ ਸਹੁਰਾ ਪਰਿਵਾਰ ਅਮਨਦੀਪ ਦੀ ਅਕਸਰ ਲਾਹਪਾਹ ਕਰਦੇ ਰਹਿੰਦੇ ਸਨ ਜਿਸ ਕਰਕੇ  ਉਸ ਦੇ ਪੁੱਤਰ ਨੇ ਜ਼ਹਿਰੀਲੀ ਦਵਾਈ ਪੀ ਲਈ । ਧਰਮਕੋਟ ਪੁਲਿਸ ਵੱਲੋਂ ਲੜਕੇ ਦੀ ਮਾਤਾ ਦੀ ਸ਼ਿਕਾਇਤ ’ਤੇ ਲੜਕੇ ਦੇ ਸਾਲਿਆਂ ਭੋਪਲ,ਗੋਰਾ ਅਤੇ ਸਹੁਰੇ ਅਰਮੇਲ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਆਰੰਭ ਦਿੱਤੀ ਗਈ ਹੈ । 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ