ਮੁੱਖ ਮੰਤਰੀ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਪੀ.ਪੀ.ਐਸ.ਸੀ ਮੈਂਬਰਾਂ ਅਤੇ ਸੂਚਨਾ ਕਮਿਸ਼ਨਰਾਂ ਲਈ ਰਾਜਪਾਲ ਨੂੰ ਨਾਵਾਂ ਦੀ ਪੇਸ਼ਕਸ਼

ਚੰਡੀਗੜ, 22 ਫਰਵਰੀ (ਜਸ਼ਨ) -ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਉੱਚ-ਪੱਧਰੀ ਕਮੇਟੀ ਵੱਲੋਂ ਅੱਜ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਮੈਂਬਰਾਂ ਦੀ ਨਿਯੁਕਤੀ ਲਈ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੂੰ ਛੇ ਨਾਂਵਾਂ ਦੀ ਪੇਸ਼ਕਸ਼ ਕੀਤੀ ਗਈ। ਕਮੇਟੀ ਵੱਲੋਂ ਪੰਜਾਬ ਰਾਜ ਸੂਚਨਾ ਕਮਿਸ਼ਨ ਵਿਚ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਲਈ ਵੀ ਦੋ ਨਾਵਾਂ ਦੀ ਪੇਸ਼ਕਸ਼ ਕੀਤੀ ਗਈ। ਇਹਨਾਂ ਨਾਵਾਂ ਵਿਚ ਸ੍ਰੀ ਅਮਰ ਪ੍ਰਤਾਪ ਸਿੰਘ ਵਿਰਕ (ਆਈ.ਏ.ਐਸ), ਸ੍ਰੀ ਗੁਰਪ੍ਰਤਾਪ ਸਿੰਘ ਮਾਨ, ਸ੍ਰੀਮਤੀ ਜਮੀਤ ਕੌਰ ਤੇਜੀ, ਸ੍ਰੀ ਲੋਕ ਨਾਥ ਅੰਗਰਾ ਅਤੇ ਪ੍ਰੋ. ਨੀਲਮ ਗਰੇਵਾਲ ਦੇ ਨਾਂਵਾਂ ਦੀ ਪੀ.ਪੀ.ਐਸ.ਸੀ. ਅਧਿਕਾਰਤ ਮੈਂਬਰਾਂ ਵਜੋਂ ਅਤੇ ਸ੍ਰੀ ਸੁਪ੍ਰੀਤ ਘੁੰਮਣ ਦਾ ਨਾਂ ਅਣ- ਅਧਿਕਾਰਤ ਮੈਂਬਰ ਵਜੋਂ ਸ਼ਾਮਲ ਹਨ। ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਲਈ ਕਮੇਟੀ ਨੇ ਸ੍ਰੀ ਖੁਸ਼ਵੰਤ ਸਿੰਘ ਅਤੇ ਸ੍ਰੀ ਸੰਜੀਵ ਗਰਗ ਦੇ ਨਾਂ ਦੀ ਸ਼ਿਫਾਰਿਸ਼ ਕੀਤੀ ਗਈ ਹੈ।ਪੀ.ਪੀ.ਐਸ.ਸੀ. ਮੈਂਬਰਾਂ ਦੀ ਨਿਯੁਕਤੀ ਸਬੰਧੀ ਇਸ ਉੱਚ ਪੱਧਰੀ ਮੀਟਿੰਗ ਵਿਚ ਸ਼ਾਮਿਲ ਮੁੱਖ ਮੰਤਰੀ, ਪੰਜਾਬ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਸਿੰਘ ਖਹਿਰਾ ਨੇ ਖੋਜ ਕਮੇਟੀ ਵੱਲੋਂ ਦਿੱਤੇ ਨਾਵਾਂ ਦੀ ਤਜਵੀਜ਼ ਰਾਜਪਾਲ ਕੋਲ ਪੇਸ਼ ਕਰਨ ਤੋਂ ਪਹਿਲਾਂ ਉਨਾਂ ’ਤੇ ਵਿਚਾਰ ਕੀਤਾ। ਵਿਚਾਰ ਵਿਟਾਂਦਰੇ ਦੌਰਾਨ ਸ੍ਰੀ ਖਹਿਰਾ ਨੇ ਸ੍ਰੀ ਲੋਕ ਨਾਥ ਅੰਗਰਾ ਨੂੰ ਸ਼ਾਮਿਲ ਕਰਨ ’ਤੇ ਇਤਰਾਜ ਜਤਾਇਆ ਅਤੇ ਕਿਹਾ ਕਿ ਇਸ ਪੋਸਟ ਲਈ ਚੋਣ ਕੀਤਾ ਗਿਆ ਦੂਸਰਾ ਉਮੀਦਵਾਰ ਬਿਹਤਰ ਹੈ। ਇਸ ’ਤੇ ਸ੍ਰੀ ਖਹਿਰਾ ਦਾ ਇਤਰਾਜ਼ ਦਰਜ਼ ਕਰ ਲਿਆ ਗਿਆ, ਜਦੋਂ ਕਿ ਇਸ ਮਾਮਲੇ ਵਿਚ ਮੁੱਖ ਮੰਤਰੀ ਅਤੇ ਸਪੀਕਰ ਨੇ ਸ੍ਰੀ ਲੋਕ ਨਾਥ ਅੰਗਰਾ ਨੂੰ ਸ਼ਾਮਿਲ ਕਰਨ ਲਈ ਸਹਿਮਤੀ ਪ੍ਰਗਟਾਈ ।ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਲਈ ਗਠਿਤ ਉੱਚ ਪੱਧਰੀ ਕਮੇਟੀ ਵਿਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਮੁੱਖ ਮੰਤਰੀ ਅਤੇ ਸ੍ਰੀ ਸੁਖਪਾਲ ਸਿੰਘ ਖਹਿਰਾ ਸ਼ਾਮਲ ਸਨ ਜਿਨਾਂ ਨੇ ਖੋਜ ਕਮੇਟੀ ਵੱਲੋਂ ਚੋਣ ਕੀਤੇ ਨਾਂਵਾਂ ‘ਤੇ ਵਿਚਾਰ ਕੀਤਾ। ਸ੍ਰੀ ਖਹਿਰਾ ਨੇ ਸ੍ਰੀ ਸੰਜੀਵ ਗਰਗ ਨੂੰ ਸ਼ਾਮਲ ਕਰਨ ‘ਤੇ ਇਤਰਾਜ ਜ਼ਾਹਿਰ ਕੀਤਾ ਪਰ ਕਮੇਟੀ ਦਾ ਬਹੁਮਤ ਸੰਜੀਵ ਗਰਗ ਦੇ ਹੱਕ ਵਿਚ ਰਿਹਾ ਜਿਸ ਨਾਲ ਖੁਸ਼ਵੰਤ ਸਿੰਘ ਦੇ ਨਾਂ ਨਾਲ ਉਹਨਾਂ ਦੀ ਵੀ ਸ਼ਿਫਾਰਿਸ਼ ਕੀਤੀ ਗਈ।