ਖਸਰਾ ਅਤੇ ਰੂਬੇਲਾ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਓ ਲਈ ਜ਼ਿਲੇ ‘ਚ 18 ਅਪ੍ਰੈਲ ਤੋਂ ਹੋਵੇਗੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ-ਡਾ:ਮਨਜੀਤ ਸਿੰਘ

ਮੋਗਾ 22 ਫਰਵਰੀ (ਜਸ਼ਨ)-ਖਸਰਾ ਅਤੇ ਰੂਬੇਲਾ ਵਰਗੀਆਂ ਭਿਆਨਕ ਬਿਮਾਰੀਆਂ ਤੋ ਬਚਾਓ ਲਈ ਜ਼ਿਲੇ ਵਿੱਚ 18 ਅਪ੍ਰੈਲ ਤੋ 5 ਹਫ਼ਤਿਆਂ ਲਈ ਵਿਸ਼ੇਸ਼ ਮੁਹਿੰਮ ਰਾਹੀ 9 ਮਹੀਨਿਆਂ ਤੋ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਟੀਕੇ ਲਗਾਏ ਜਾਣਗੇ। ਸਿਵਲ ਸਰਜਨ ਡਾ: ਮਨਜੀਤ ਸਿੰਘ ਨੇ ਸਿਵਲ ਹਸਪਤਾਲ ਵਿਖੇ ਖਸਰਾ ਅਤੇ ਰੂਬੈਲਾ ਦੀ ਬਿਮਾਰੀ ਸਬੰਧੀ ਆਯੋਜਿਤ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਪੋਲੀਓ ਦੇ ਖਾਤਮੇ ਤੋ ਬਾਅਦ ਖਸਰਾ ਅਤੇ ਰੂਬੈਲਾ ਦੇ ਖਾਤਮੇ ਵੱਲ ਕਦਮ ਵਧਾ ਰਿਹਾ ਹੈ। ਉਨਾਂ ਦੱਸਿਆ ਕਿ ਖਸਰੇ ਨਾਲ ਹਰ ਸਾਲ ਅਨੇਕਾਂ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਹਨ। ਉਨਾਂ ਕਿਹਾ ਕਿ ਰੂਬੈਲਾ ਵੀ ਇੱਕ ਮਾਮੂਲੀ ਬਿਮਾਰੀ ਜਾਪਦੀ ਹੈ ਪਰ ਜਦੋ ਇਹ ਬਿਮਾਰੀ ਗਰਭ ਅਵਸਥਾ ਦੌਰਾਨ ਹੋ ਜਾਵੇ ਤਾਂ ਵਾਰ-ਵਾਰ ਗਰਭਪਾਤ, ਮੁਰਦਾ ਬੱਚੇ ਦਾ ਜਨਮ ਲੈਣਾ ਜਾਂ ਜਮਾਂਦਰੂ ਨੁਕਸ ਨਾਲ ਬੱਚੇ ਪੈਦਾ ਹੁੰਦੇ ਹਨ। ਉਨਾਂ ਕਿਹਾ ਕਿ ਇਨਾਂ ਦੋਨੋ ਬਿਮਾਰੀਆਂ ਤੇ ਇਨਾਂ ਤੋ ਹੋਣ ਵਾਲੀਆਂ ਮੌਤਾਂ ਨੂੰ ਟੀਕਾਕਰਨ ਰਾਹੀ ਹੀ ਰੋਕਿਆ ਜਾ ਸਕਦਾ ਹੈ ਅਤੇ ਇਹ ਦੋਨੇ ਬਿਮਾਰੀਆਂ ਜ਼ਿਆਦਾਤਰ 15 ਸਾਲ ਤੱਕ ਦੀ ਉਮਰ ਵਿੱਚ ਹੀ ਪਾਈਆਂ ਜਾਦੀਆਂ ਹਨ। ਉਨਾਂ ਜ਼ਿਲੇ ਦੇ ਲੋਕਾਂ ਨੂੰ ਇਨਾਂ ਗੰਭੀਰ ਬਿਮਾਰੀਆਂ ਤੋ ਬਚਾਓ ਲਈ ਮਹੀਨਾ ਅਪ੍ਰੈਲ-ਮਈ 2018 ‘ਚ ਚਲਾਈ ਜਾਣ ਵਾਲੀ ਮੁਹਿੰਮ ਦੌਰਾਨ ਆਪਣੇ 9 ਮਹੀਨਿਆਂ ਤੋ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਮੁਫ਼ਤ ਟੀਕਾ ਲਗਵਾ ਕੇ ਸੁਰੱਖਿਅਤ ਕਰਨ ਦੀ ਅਪੀਲ ਕੀਤੀ। ਉਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਾਰੇ ਸਰਕਾਰੀ, ਪ੍ਰਾਈਵੇਟ, ਮਾਨਤਾ ਪ੍ਰਾਪਤ ਸਕੂਲਾਂ ਅਤੇ ਆਂਗਣਵਾੜੀ ਕੇਦਰਾਂ ਦੇ ਬੱਚਿਆਂ ਨੂੰ ਇਸ ਟੀਕੇ ਦੀ ਸਹੂਲਤ ਦਿੱਤੀ ਜਾਵੇਗੀ। ਇਸ ਮੌਕੇ ਵਿਸ਼ਵ ਸਿਹਤ ਸੰਸਥਾ ਤੋਂ ਡਾ: ਸੰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਕੋਈ ਨਵੀ ਵੈਕਸੀਨ ਨਹੀ ਬਲਕਿ ਅਮਰੀਕਾ ਵਰਗੇ ਦੇਸ਼ 1955 ਤੋਂ ਇਸ ਵੈਕਸੀਨ ਦੀ ਵਰਤੋ ਕਰਕੇ ਆਪਣੇ ਦੇਸ਼ ਵਿੱਚੋ ਬਿਮਾਰੀ ਨੂੰ ਖਤਮ ਕਰ ਚੁੱਕੇ ਹਨ। ਉਨਾਂ ਦੱਸਿਆ ਕਿ ਇਹ ਵੈਕਸੀਨ ਵਿਸ਼ਵ ਸਿਹਤ ਸੰਸਥਾ (ਡਬਲਯੂ.ਐਚ.ਓ.) ਵੱਲੋ ਪ੍ਰਮਾਣਿਤ ਅਤੇ ਪੂਰੀ ਤਰਾਂ ਸੁਰੱਖਿਅਤ ਵੈਕਸੀਨ ਹੈ ਅਤੇ 140 ਦੇੇਸ਼ ਆਪਣੇ ਬੱਚਿਆਂ ਨੂੰ ਇਹ ਵੈਕਸੀਨ ਪਹਿਲਾਂ ਹੀ ਦੇ ਰਹੇ ਹਨ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਰੁਣ ਗੁਪਤਾ, ਡਾ. ਹਰਿੰਦਰ ਕੁਮਾਰ ਸ਼ਰਮਾ, ਜ਼ਿਲਾ ਸਿੱਖਿਆ ਅਫ਼ਸਰ (ਸੈ) ਗੁਰਦਰਸ਼ਨ ਸਿੰਘ ਬਰਾੜ, ਉੱਪ ਜ਼ਿਲਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ, ਰਾਸ਼ਟਰੀ ਬਾਲ ਸੁਰੱਖਿਆ ਕਾਰਯਕ੍ਰਮ ਦੀ ਸਮੁੱਚੀ ਟੀਮ, ਸੀਨੀਅਰ ਮੈਡੀਕਲ ਅਫ਼ਸਰ ਅਤੇ ਮੈਡੀਕਲ ਅਫ਼ਸਰ ਆਦਿ ਹਾਜ਼ਰ ਸਨ।