ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਵਿਖੇ ਕਲਾਊਡ ਕੰਪਿਊਟਿੰਗ ’ਤੇ ਪਾਸਾਰ ਭਾਸ਼ਣ ਕਰਵਾਇਆ

ਸੁਖਾਨੰਦ/ਮੋਗਾ,22 ਫਰਵਰੀ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਸੁਚੱਜੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਕੰਪਿਊਟਰ ਸਾਇੰਸ ਵਿਭਾਗ ਦੁਆਰਾ ਪਾਸਾਰ ਭਾਸ਼ਣ ਕਰਵਾਇਆ ਗਿਆ। ਜਾਣਕਾਰੀ ਦੇਣ ਲਈ ਮੈਡਮ ਕਿਰਨਜੀਤ ਕੌਰ ਸਹਾਇਕ ਪ੍ਰੋਫ਼ੈਸਰ, ਗੁਰੂ ਨਾਨਕ ਕਾਲਜ, ਮੋਗਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਮੈਡਮ ਕਿਰਨਜੀਤ ਕੌਰ ਨੇ ਵਿਦਿਆਰਥਣਾਂ ਨੂੰ ਕਲਾਊਡ ਕੰਪਿਊਟਿੰਗ, ਬਿਗ ਡਾਟਾ ਅਤੇ ਇੰਟਰਨੈਟ ਆਫ ਥਿੰਗਜ਼ ਬਾਰੇ ਮਹੱਤਵਪੂਰਣ ਜਾਣਕਾਰੀ ਦਿੱਤੀ। ਉਹਨਾਂ ਨੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਅੱਜ ਦੇ ਸਮੇਂ ਵਿੱਚ ਕੰਪਿਊਟਰ ਸਾਇੰਸ ਦੇ ਖ਼ੇਤਰ ਵਿੱਚ ਨਵੀਆਂ ਤਕਨੀਕਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਵਿਦਿਆਰਥਣਾਂ ਨੇ ਰਿਸਰਚ ਸੰਬੰਧੀ ਮਹੱਤਵਪੂਰਣ ਜਾਣਕਾਰੀ ਦਾ ਭਰਪੂਰ ਲਾਹਾ ਲਿਆ ਅਤੇ ਆਪਣੇ ਮਨ ਵਿੱਚ ਉੱਠੇ ਪ੍ਰਸ਼ਨਾਂ ਦੇ ਸੰਤੋਖਜਨਕ ਉੱਤਰ ਵੀ ਪ੍ਰਾਪਤ ਕੀਤੇ। ਇਸ ਮੌਕੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਮੈਡਮ ਸੁਖਵਿੰਦਰ ਕੌਰ, ਸਹਾਇਕ ਪ੍ਰੋਫ਼ੈਸਰ ਨਵਦੀਪ ਕੌਰ, ਅਮਨਦੀਪ ਕੌਰ, ਕਮਲਜੀਤ ਕੌਰ, ਪਰਮਜੀਤ ਕੌਰ ਅਤੇ ਸਤਵੀਰ ਕੌਰ ਅਤੇ ਵਿਭਾਗ ਦੀਆਂ ਸਮੂਹ ਵਿਦਿਆਰਥਣਾਂ ਵੀ ਹਾਜ਼ਰ ਸਨ।

ਭਾਸ਼ਣ ਦੀ ਸਮਾਪਤੀ ’ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉਪ-ਚੇਅਰਮੈਨ ਸ: ਮੱਖਣ ਸਿੰਘ ਅਤੇ ਪਿੰ੍ਰਸੀਪਲ ਡਾ. ਸੁਖਵਿੰਦਰ ਕੌਰ ਨੇ ਮੈਡਮ ਕਿਰਨਜੀਤ ਕੌਰ ਨੂੰ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਉਹਨਾਂ ਦਾ ਧੰਨਵਾਦ ਕੀਤਾ।