ਮੋਗਾ ਡਿਪੂ ਵਿੱਚ ਮੁਕੰਮਲ ਹੜਤਾਲ ਉਪਰੰਤ ਰੋਹ ਭਰਪੂਰ ਰੈਲੀ ਕੀਤੀ

ਮੋਗਾ,22 ਫਰਵਰੀ (ਜਸ਼ਨ) ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਉੱਪਰ ਸਮੁੱਚੇ ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਨੇ ਪੰਜਾਬ ਭਰ ਵਿੱਚ ਮੁਕੰਮਲ ਹੜ੍ਹਤਾਲ ਕਰਕੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਬੱਸ ਅੱਡੇ ਬੰਦ ਕਰਕੇ ਰੋਹ ਭਰਪੂਰ ਰੈਲੀਆਂ ਕੀਤੀਆਂ। ਮੋਗਾ ਬੱਸ ਸਟੈਂਡ ਉੱਪਰ ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਕਾ. ਜਗਦੀਸ਼ ਸਿੰਘ ਚਾਹਲ ਅਤੇ ਰਛਪਾਲ ਸਿੰਘ ਮੌਜਗੜ੍ਹ ਨੇ ਜਿੱਥੇ ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਦਾ ਸਫ਼ਲ ਹੜ੍ਹਤਾਲ ਕਰਨ ਉੱਪਰ ਧੰਨਵਾਦ ਕੀਤਾ ਉਥੇ ਪੰਜਾਬ ਸਰਕਾਰ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਜੰਮ ਕੇ ਨਿਖੇਧੀ ਕੀਤੀ। ਸਾਥੀਆਂ ਨੇ ਦੱਸਿਆ ਕਿ ਕੈਪਟਨ ਸਰਕਾਰ ਘਰ ਘਰ ਵਿੱਚ ਨੌਕਰੀ ਦੇਣ ਦਾ ਦਾਅਵਾ ਕਰ ਰਹੀ ਹੈ ਪਰ ਦੂਸਰੇ ਪਾਸੇ ਕੰਮ ਉੱਪਰ ਲੱਗੇ ਕਿਰਤੀਆਂ ਨੂੰ ਘਰੀਂ ਤੋਰਨ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ। ਇਸੇ ਕੜੀ ਵਜ਼ੋਂ ਪਹਿਲਾਂ ਸਰਕਾਰੀ ਸਕੂਲ, ਥਰਮਲ ਪਲਾਂਟ, ਸੇਵਾ ਕੇਂਦਰਾਂ ਤੋਂ ਬਾਅਦ ਪੰਜਾਬ ਰੋਡਵੇਜ਼ ਨੂੰ ਬੰਦ ਕਰਕੇ ਪਨਬੱਸ ਨੂੰ ਪੀ.ਆਰ.ਟੀ.ਸੀ. ਵਿੱਚ ਸ਼ਾਮਲ ਕਰਨ ਲਈ ਸਰਕਾਰ ਪੱਬਾਂ ਭਾਰ ਹੋਈ ਹੈ। ਮਾਣਯੋਗ ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਲਾਗੂ ਕਰਨ ਲਈ ਜਾਣ ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ। ਟਾਈਮ ਟੇਬਲਾਂ ਦੇ ਲਈ ਪ੍ਰਮੁੱਖ ਸਕੱਤਰ ਵੱਲੋਂ ਚਿੱਠੀ ਕੱਢਣ ਦੇ ਬਾਵਜੂਦ ਅਮਲੀ ਰੂਪ ਨਹੀਂ ਦਿੱਤਾ ਜਾ ਰਿਹਾ। ਨਜਾਇਜ਼ ਉਪਰੇਸ਼ਨ ਵਿੱਚ ਜਿੱਥੇ ਪਹਿਲਾਂ ਅਕਾਲੀ ਲੀਡਰਾਂ ਦੀਆਂ ਬੱਸਾਂ ਸ਼ਰੇਆਮ ਚੱਲਦੀਆਂ ਸਨ ਹੁਣ ਉਹਨਾਂ ਵਿੱਚ ਕਾਂਗਰਸੀ ਲੀਡਰਾਂ ਦੀਆਂ ਬੱਸਾਂ ਵੀ ਸ਼ਾਮਲ ਹੋ ਗਈਆਂ ਹਨ। ਪੰਜਾਬ ਰੋਡਵੇਜ਼ ਵਿੱਚ ਨਾ ਤਾਂ ਪੰਜਾਬ ਸਰਕਾਰ ਬੱਸਾਂ ਪਾ ਰਹੀ ਹੈ ਅਤੇ ਨਾ ਹੀ ਕਰਜ਼ਾ ਮੁਕਤ ਬੱਸਾਂ ਰੋਡਵੇਜ਼ ਵਿੱਚ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਠੇਕੇ ਅਤੇ ਆਊਟ ਸੋਰਸ ਕਾਮਿਆਂ ਨੂੰ ਰੈਗੂਲਰ ਕਰਨ ਦਾ ਕਾਨੂੰਨ ਵੀ ਸਰਕਾਰ ਵੱਲੋਂ ਠੰਢੇ ਬਸਤੇ ਵਿੱਚ ਪਾਇਆ ਹੋਇਆ ਹੈ ਅਤੇ ਨਾ ਹੀ ਸੁਪਰੀਮ ਕੋਰਟ ਦਾ ‘ਬਰਾਬਰ ਕੰਮ-ਬਰਾਬਰ ਤਨਖਾਹ’ ਦਾ ਫੈਸਲਾ ਲਾਗੂ ਕੀਤਾ ਜਾ ਰਿਹਾ ਹੈ। ਪ੍ਰਮੁੱਖ ਸਕੱਤਰ ਵੱਲੋਂ ਪਿਛਲੀ ਮੀਟਿੰਗ ਵਿੱਚ ਠੇਕੇ ਵਾਲੇ ਮੁਲਾਜ਼ਮਾਂ ਦੀ ਤਨਖਾਹ ਯੂ.ਟੀ. ਪੈਟਰਨ ਉੱਪਰ ਦੇਣ ਦਾ ਕੀਤਾ ਵਾਅਦਾ ਵੀ ਵਫ਼ਾ ਨਹੀਂ ਹੋ ਰਿਹਾ। ਭ੍ਰਿਸ਼ਟਾਚਾਰ ਮਹਿਕਮੇ ਅੰਦਰ ਲਗਾਤਾਰ ਵਧ ਫੁੱਲ ਰਿਹਾ ਹੈ। ਜਿਸਦੀਆਂ ਤਾਜ਼ਾ ਉਦਾਹਰਣਾਂ ਵਿੱਚ ਪ੍ਰਮੁੱਖ ਸਕੱਤਰ ਦੇ ਦਫ਼ਤਰ ਵਿੱਚੋਂ ਰਿਸ਼ਵਤਖੋਰ ਕਰਮਚਾਰੀ ਦਾ ਫੜਿਆ ਜਾਣਾ ਹੈ ਅਤੇ ਮਹਿਕਮੇ ਵਿੱਚੋਂ ਇਮਾਨਦਾਰ ਅਫ਼ਸਰ ਵੱਲੋਂ ਸਵੈ-ਇੱਛਤ ਰਿਟਾਇਰਮੈਂਟ ਲਈ ਬੇਨਤੀ ਕਰਨਾ ਮਹਿਕਮੇ ਦੇ ਭ੍ਰਿਸ਼ਟਾਚਾਰ ਦੀ ਤਸਵੀਰ ਪੇਸ਼ ਕਰਦਾ ਹੈ। ਰੈਲੀ ਵਿੱਚ ਬੁਲਾਰੇ ਸਾਥੀਆਂ ਨੇ ਸੈਂਟਰ ਸਰਕਾਰ ਵੱਲੋਂ ਮੋਟਰ ਵਹੀਕਲ ਅਮੈਂਡਮੈਂਟ ਬਿੱਲ-2017 ਦੀ ਵੀ ਨਿਖੇਧੀ ਕੀਤੀ ਅਤੇ ਸੈਂਟਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਬਿੱਲ ਨੂੰ ਮੋਦੀ ਸਰਕਾਰ ਵਾਪਸ ਲਵੇ। ਇਸ ਬਿੱਲ ਦੇ ਖਿਲਾਫ਼ 6 ਮਾਰਚ ਨੂੰ ਜ਼ਿਲ੍ਹਿਆਂ ਉੱਪਰ ਰੈਲੀਆਂ ਕਰਕੇ ਮੰਗ ਪੱਤਰ ਵੀ ਭਾਰਤ ਸਰਕਾਰ ਨੂੰ ਭੇਜੇ ਜਾਣਗੇ ਅਤੇ 20 ਮਾਰਚ ਤੋਂ ਪਹਿਲਾਂ ਇਸ ਬਿੱਲ ਦੇ ਖਿਲਾਫ਼ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਕਨਵੈਨਸ਼ਨ ਵੀ ਕਰੇਗੀ। ਅੱਜ ਦੀ ਰੈਲੀ ਵਿੱਚ ਮੁੱਖ ਤੌਰ’ਤੇ ਗੁਰਜੰਟ ਸਿੰਘ ਕੋਕਰੀ, ਬਲਜਿੰਦਰ ਸਿੰਘ ਪਨਬੱਸ, ਪੋਹਲਾ ਸਿੰਘ ਬਰਾੜ ਸਟੇਟ ਆਗੂਆਂ ਤੋਂ ਇਲਾਵਾ ਬਚਿੱਤਰ ਸਿੰਘ ਧੋਥੜ, ਸੁਰਿੰਦਰ ਸਿੰਘ ਬਰਾੜ, ਇੰਦਰਜੀਤ ਭਿੰਡਰ (ਏਟਕ) ਖੁਸ਼ਪਾਲ ਸਿੰਘ, ਗੁਰਦੇਵ ਸਿੰਘ ਇੰਟਕ, ਕਰਮਚਾਰੀ ਦਲ ਦੇ ਪ੍ਰਦੀਪ ਸਿੰਘ, ਦੁਪਿੰਦਰ ਸਿੰਘ, ਗੁਰਮੇਲ ਸਿੰਘ ਰਾਊਕੇ, ਪਨਬੱਸ ਵਰਕਰਜ਼ ਯੂਨੀਅਨ ਦੇ ਲਖਵੀਰ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਪੈਨਸ਼ਨਰਜ਼ ਯੂਨੀਅਨ ਦੇ ਚਮਕੌਰ ਸਿੰਘ ਡਗਰੂ, ਉਂਕਾਰ ਸਿੰਘ ਸ਼ਾਮਲ ਹੋਏ। ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂ. ਦੇ ਸਾਥੀ ਰਛਪਾਲ ਸਿੰਘ, ਕੁਲਵੰਤ ਸਿੰਘ ਡਰੋਲੀ ਭਾਈ, ਆਲ ਇੰਡੀਆ ਯੂਥ ਫੇਡਰੇਸ਼ਨ ਦੇ ਸੁਖਜਿੰਦਰ ਮਹੇਸਰੀ ਨੇ ਵੀ ਹੜ੍ਹਤਾਲ ਦੀ ਹਮਾਇਤ ਕੀਤੀ।