ਲੋਕਾਂ ਨੂੰ ਪਤਾ ਹੈ, ਗੈਰ ਕਾਨੂੰਨੀ ਕੰਮ ਮੇਰੇ ਕਲਚਰ ਅਤੇ ਸੁਭਾਅ ਦਾ ਹਿੱਸਾ ਨਹੀਂ:ਵਿਧਾਇਕ ਡਾ: ਹਰਜੋਤ

ਮੋਗਾ, 22 ਫਰਵਰੀ (ਜਸ਼ਨ)- ਵਿਧਾਇਕ ਡਾ: ਹਰਜੋਤ ਨੇ ਜਾਰੀ ਪ੍ਰੈਸ ਬਿਆਨ ਦੌਰਾਨ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਲੋਕ ਇਸ ਗੱਲ ਤੋਂ ਚੰਗੀ ਤਰਾਂ ਜਾਣੂ ਹਨ ਕਿ ਗੈਰ ਕਾਨੂੰਨੀ ਧੰਦੇ ਅਤੇ ਨਜ਼ਾਇਜ ਕੰਮ ਉਨਾਂ ਦੇ ਕਲਚਰ ਅਤੇ ਸੁਭਾਅ ਦਾ ਹਿੱਸਾ ਨਹੀਂ ਹਨ। ਡਾ. ਹਰਜੋਤ ਨੇ ਕਿਹਾ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਅਤੇ ਸ਼ਾਂਤੀ ਉੱਪਰ ਵੀ ਸਿਆਸਤ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਨਾਂ ਕਿਹਾ ਕਿ ਵਿਰੋਧੀ ਧਿਰਾਂ ਵਲੋਂ ਸਿਆਸਤ ਲਈ ਆਮ ਲੋਕਾਂ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ ਅਤੇ ਅਜਿਹੇ ਨਾਜ਼ੁਕ ਮਾਮਲਿਆਂ ਨੂੰ ਸਿਆਸਤ ਦੀ ਭੇਂਟ ਚਾੜ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਬਾਗ ਗਲੀ ਦੇ ਵਿਵਾਦ ਨੂੰ ਲੈ ਕੇ ਉਨਾਂ ਨੂੰ ਜੱਥੇਦਾਰ ਤੋਤਾ ਸਿੰਘ ਦਾ ਫੋਨ ਆਇਆ ਸੀ ਅਤੇ ਉਨਾਂ ਨੇ ਉਮਰ ਦੇ ਲਿਹਾਜ ਅਤੇ ਸੀਨੀਅਰ ਹੋਣ ਦੇ ਨਾਤੇ ਸਤਿਕਾਰ ਸਹਿਤ ਬਾਗ ਗਲੀ ਦੇ ਮਾਮਲੇ ਨੂੰ ਬਿਨਾਂ ਭੇਦਭਾਵ ਦੇ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਸੀ। ਡਾ. ਹਰਜੋਤ ਨੇ ਕਿਹਾ ਕਿ ਪੰਜਾਬ ਦੇ ਸਾਰੇ ਲੋਕਾਂ ਨੂੰ ਭਲੀ ਭਾਂਤੀ ਪਤਾ ਹੈ ਕਿ ਪੰਜਾਬ ਵਿੱਚ ਧੱਕੇਸ਼ਾਹੀ, ਨਜ਼ਾਇਜ ਅਤੇ ਗੈਰ ਕਾਨੂੰਨੀ ਕੰਮ ਸ਼੍ਰੋਮਣੀ ਅਕਾਲੀ ਦਲ ਹੀ ਪਿਛਲੇ 10 ਸਾਲਾਂ ਤੋਂ ਕਰਦੀ ਆਈ ਹੈ, ਜਿਸ ਕਾਰਨ ਲੋਕਾਂ ਨੇ ਉਨਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ। ਡਾ: ਹਰਜੋਤ ਨੇ ਕਿਹਾ ਕਿ ਉਹ ਮੋਗਾ ਦੇ ਲੋਕਾਂ ਨਾਲ ਖੜੇ ਹਨ ਅਤੇ ਲੋਕਾਂ ਨੂੰ ਪਹਿਲਾਂ ਦੀ ਤਰਾਂ ਫਿਰ ਵਿਸ਼ਵਾਸ਼ ਦਿਵਾਉਦੇ ਹਨ ਕਿ ਮੋਗਾ ਹਲਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਿਸੇ ਵੀ ਹਾਲਤ ਵਿੱਚ ਵਿਗੜਨ ਨਹੀਂ ਦੇਣਗੇ ਅਤੇ ਲੋਕਾਂ ਨਾਲ ਇਨਸਾਫ਼ ਦਿਵਾਇਆ ਜਾਵੇਗਾ। ਉਨਾਂ ਕਿਹਾ ਕਿ ਉਨਾਂ ਨੇ ਪੁਲਿਸ ਅਤੇ ਪ੍ਰਸ਼ਾਸ਼ਨ ਨੂੰ ਗਲਤ ਅਨਸਰਾਂ ਨੂੰ  ਨੱਥ ਪਾਉਣ ਲਈ ਪਹਿਲਾਂ ਤੋਂ ਹੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਬਿਨਾਂ ਕਿਸੇ ਭੇਦ-ਭਾਵ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਾਨੂੰਨੀ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਿਹਾ ਹੈ।     ਡਾ. ਹਰਜੋਤ ਨੇ ਸਾਰੀਆਂ ਹੀ ਪਾਰਟੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਕਿਸੇ ਦੇ ਝਾਂਸੇ ਵਿੱਚ ਨਾ ਫਸਣ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ ਜਾਵੇ।