ਪੰਜਾਬੀ ਮਾਂ ਬੋਲੀ ਤੋਂ ਟੁੱਟਣਾ ਆਪਣੀ ਮਾਂ ਨਾਲ ਧਰੋਹ ਦੇ ਬਰਾਬਰ ਹੈ

ਨਿਹਾਲ ਸਿੰਘ ਵਾਲਾ,20 ਫਰਵਰੀ--- ਕੌਮਾਂਤਰੀ ਮਾਂ ਬੋਲੀ ਦਿਵਸ ’ਤੇ ਸਾਹਿਤ ਅਤੇ ਕਲਾ ਨਾਲ ਜੁੜੀਆਂ ਸਖਸ਼ੀਅਤਾਂ ਨੇ ਮਾਂ ਬੋਲੀ ਪੰਜਾਬੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ ਦਿੱਤੇ। ਇਸ ਦਿਨ ’ਤੇ ਅਲੋਚਕ ਡਾ: ਸੁਰਜੀਤ ਬਰਾੜ ਨੇ ਕਿਹਾ ਕਿ ਪੰਜਾਬੀ ਭਾਸ਼ਾ ਲਈ ਸਾਹਿਤਕ ਜਥੇਬੰਦੀਆਂ ਲਗਾਤਰ ਸੰਘਰਸ਼ ਕਰ ਰਹੀਆਂ ਹਨ ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਆਪਣੀ ਮਾਂ ਬੋਲੀ ਪ੍ਰਤੀ ਸੁਹਿਦਤਾ ਵਿਖਾਉਂਦਿਆਂ ਪੰਜਾਬੀ ਨੂੰ ਪੰਜਾਬ ਵਿੱਚ ਚੰਗੀ ਤਰਾਂ ਲਾਗੂ ਕੀਤਾ ਜਾਵੇ। ਸਾਹਿਤਕਾਰ ਤੇਜਾ ਸਿੰਘ ਰੌਂਤਾ ਨੇ ਕਿਹਾ ਕਿ ਪੰਜਾਬੀ ਮੇਰੇ ਮਾਂ ਬਾਪ ਦੀ ਬੋਲੀ ਹੈ ਮੇਰਾ ਖਾਣਾ ਪੀਣਾ ਪਹਿਨਣਾ ਪੰਜਾਬੀ ਹੈ ਪੰਜਾਬੀ ਵਿੱਚ ਲਿਖਦਾ ਹਾਂ ਤੇ ਪੰਜਾਬ ਦੀ ਦੁਆ ਮੰਗਦਾ ਹਾਂ। ਮਾਂ ਬੋਲੀ ਦੀ ਸੇਵਾ ਕਰਨਾ ਸਾਡਾ ਫ਼ਰਜ਼ ਬਣਦਾ ਹੈ । ਇੰਗਲੈਂਡ ਨਿਵਾਸੀ ਸੰਪਾਦਕ ਮਨਦੀਪ ਖੁਰਮੀ ਨੇ ਕਿਹਾ ਕਿ ਅਸੀਂ ਵਿਦੇਸ਼ ਵਿੱਚ ਰਹਿ ਕੇ ਵੀ ਪੰਜਾਬੀ ਬੋਲੀ ਤੇ ਭਾਸ਼ਾ ਨਾਲ ਜੁੜੇ ਹਾਂ ਅਫਸੋਸ ਹੈ ਕਿ ਇੱਥੇ ਲੋਕ ਫੋਕੀ ਟੌਰ ਲਈ ਪੰਜਾਬੀ ਬੋਲੀ ਤੇ ਭਾਸ਼ਾ ਤੋਂ ਦੂਰ ਹੋ ਰਹੇ ਹਨ ਜੋ ਆਪਣਾ ਮਾਂ ਨਾਲ ਧ੍ਰੋਹ ਹੈ। ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ ਨੇ ਕਿਹਾ ਕਿ ਕਲਾਕਾਰ ਪੰਜਾਬੀ ਮਾਂ ਬੋਲੀ ਕਰਕੇ ਹੀ ਦੇਸ਼ ਵਿਦੇਸ਼ ਵਿੱਚ ਮਾਣ ਸਨਮਾਨ ਤੇ ਦੌਲਤ ਹਾਸਲ ਕਰਦਾ ਹੈ । ਮੈਂ ਜੋ ਵੀ ਹਾਂ ਪੰਜਾਬੀ ਮਾਂ ਬੋਲੀ ਕਰਕੇ ਹੈ ਮੈਨੂੰ ਪੰਜਾਬੀ ਅਤੇ ਸਰਦਾਰ ਹੋਣ ਤੇ ਮਾਣ ਹੈ। ਡਾ.ਹਰਪ੍ਰੀਤ ਕੌਰ ਗਰੇਵਾਲ ਨੇ ਕਿਹਾ ਕਿ ਅੰਗਰੇਜ਼ੀ ਤੇ ਹੋਰ ਬੋਲੀਆਂ ਜੰਮ ਜੰੰਮ ਕੇ ਸਿੱਖੋ ਪਰ ਆਪਣੀ ਮਾਂ ਅਤੇ ਮਾਂ ਬੋਲੀ ਨੂੰ ਭੁੱਲਣਾ ਤੇ ਮਾਂ ਧਰਤੀ ਨਾਲੋਂ ਟੁੱਟਣਾ ਸਭ ਤੋਂ ਬੁਰਾ ਹੈ । ਵਿਦੇਸ਼ ਵਿੱਚ ਪੰਜਾਬੀ ਬੋਲੀ ਤੇ ਪੰਜਾਬੀਆਂ ਦਾ ਸਤਿਕਾਰ ਜੇ ਪਹਿਚਾਣ ਤੇ ਬੋਲੀ ਗਵਾਚ ਗਈ ਅਸੀਂ ਵੀ ਗੁੰਮ ਜਾਵਾਂਗੇ। ਅਮਨਦੀਪ ਸਿੰਘ ਦਰਦੀ ਨੇ ਕਿਹਾ ਕਿ ਬੰਦਾ ਆਪਣੀ ਮਾਂ ਬੋਲੀ ਨਾਲ ਹੀ ਵੱਡਾ ਹੈ। ਤੁਸੀਂ ਜੜਾਂ ਨਾਲੋਂ ਟੁੱਟਕੇ ਜ਼ਿਆਦਾ ਚਿਰ ਜੀਅ ਨਹੀਂ ਸਕਦੇ । ਮਾਂ ਬੋਲੀ ਬੋਲਣ ਵਿੱਚ ਮਾਣ ਸਮਝਣਾ ਚਾਹੀਦਾ ਹੈ। ਮਾਂ ਬੋਲੀ ਕਰਕੇ ਹੀ ਸਾਹਿਤ ਕਲਾ ਅਤੇ ਸੱਭਿਆਚਾਰਕ ਖੇਤਰ ਵਿੱਚ ਵਿਲੱਖਣਤਾ ਬਣਦੀ ਹੈ ਪੰਜਾਬੀ ਤੇ ਸਰਦਾਰ ਤਾਂ ਲੱਖਾਂ ਵਿੱਚ ਪਹਿਚਾਣਿਆਂ ਜਾਂਦਾ ਹੈ। ਪਿ੍ਰੰਸੀਪਲ ਡਾ: ਨੰਦ ਕਿਸ਼ੋਰ ਚੌਧਰੀ ਨੇ ਕਿਹਾ ਕਿ ਮੈਂ ਰਾਜਸਥਾਨੀ ਮੂਲ ਦਾ ਹੋ ਕੇ ਵੀ ਚੌਥੀ ਐਮ ਏ ਪੰਜਾਬੀ ਵਿੱਚ ਕੀਤੀ ਹੈ। ਪੰਜਾਬੀ ਬੋਲ ਕੇ ਪੜ ਕੇ ਮੈਨੂੰ ਅਥਾਹ ਖੁਸ਼ੀ ਮਿਲਦੀ ਹੈ। ਮੇਰੇ ਘਰ ਦੇ ਵੀ ਮੇਰੀ ਪੰਜਾਬੀ ਸੁਣ ਕੇ ਪ੍ਰੰਸੰਨ ਹੁੰਦੇ ਹਨ ਪਰ ਪੰਜਾਬੀ ਆਪਣੀ ਮਾਂ ਬੋਲੀ ਤੋਂ ਬੇਮੁੱਖ ਹੋ ਰਹੇ ਹਨ ਜੋ ਬਹੁਤ ਮਾੜੀ ਗੱਲ ਹੈ।
 ----ਰਾਜਵਿੰਦਰ ਰੋਂਤਾ ,ਰੌਂਤਾ (ਮੋਗਾ) 98764 86187