ਬਿਜਲੀ ਬੋਰਡ ਵਲੋਂ ਲਗਾਏ ਜਾ ਰਹੇ ਖੰਭੇ ਦੇ ਰਹੇ ਹਨ ਨਜ਼ਾਇਜ ਕਬਜ਼ਿਆਂ ਨੂੰ ਸੱਦਾ

ਮੋਗਾ, 20 ਫਰਵਰੀ (ਪੱਤਰ ਪਰੇਰਕ)-‘ ਬਿਜਲੀ ਬੋਰਡ ਦੇ ਠੇਕੇਦਾਰਾਂ ਵਲੋਂ ਨਵੀਂਆਂ ਤਾਰਾਂ ਅਤੇ ਖੰਭੇ ਲਗਵਾਉਣ ਦੇ ਕੀਤੇ ਜਾ ਰਹੇ ਕੰਮ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਬੇਤਰਤੀਬੇ ਢੰਗ ਨਾਲ ਲਗਾਏ ਜਾ ਰਹੇ ਖੰਭਿਆਂ ਕਾਰਨ ਜਿੱਥੇ ਕਾਰੋਬਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ  ਉਥੇ ਸ਼ਹਿਰ ਅੰਦਰ ਟਰੈਫ਼ਿਕ ਵਿਵਸਥਾ ਵੀ ਚਰਮਰਾ ਗਈ ਹੈ। ’  ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਮੇਅਰ ਦੇ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਸੀਨੀਅਰ ਕੌਂਸਲਰ ਪ੍ਰੇਮ ਚੰਦ ਚੱਕੀ ਵਾਲੇ, ਸ਼ਿੰਦਰਪਾਲ ਸਿੰਘ ਗਿੱਲ, ਗੋਵਰਧਨ ਪੋਪਲੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਕੁੁੱਝ ਸਮਾਂ ਪਹਿਲਾਂ ਨਗਰ ਨਿਗਮ ਦੁਆਰਾ ਆਪਣੇ ਖ਼ਰਚੇ ’ਤੇ ਦੁਸ਼ਹਿਰਾ ਗਰਾਊਂਡ ਵਿਚੋਂ ਪੋਲ ਹਟਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਸੀ, ਪਰ ਹੁਣ ਬਿਜਲੀ ਵਿਭਾਗ ਵਲੋਂ ਬਿੰਨਾ ਕਿਸੇ ਪਲੈਨਿੰਗ ਦੇ ਲਗਾਏ ਜਾ ਰਹੇ ਪੋਲ ਮੋਗਾ ਵਾਸੀਆਂ ਦੀ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ । ਉਹਨਾਂ ਕਿਹਾ ਕਿ ਠੇਕੇਦਾਰਾਂ ਵੱਲੋਂ ਜਿਹੜੇ ਪੁਰਾਣੇ ਪੋਲ ਪੁੱਟੇ ਜਾ ਰਹੇ ਹਨ, ਉਨਾਂ ਨੂੰ ਉਖਾੜਨ ਉਪਰੰਤ ਖੱਡਿਆਂ ਨੂੰ ਪੂਰਿਆ ਨਹੀਂ ਜਾ ਰਿਹਾ ਜੋ ਸ਼ਹਿਰ ਅੰਦਰ ਹਾਦਸਿਆਂ ਨੂੰ ਵੀ ਸੱਦਾ ਦੇ ਰਹੇ ਹਨ। ਉਨਾਂ ਪੰਜਾਬ ਰਾਜ ਬਿਜਲੀ ਬੋਰਡ ਤੋਂ ਵਧੀਆ ਢੰਗ ਤਰੀਕਿਆਂ ਨਾਲ ਕੰਮ ਨੂੰ ਨੇਪਰੇ ਚਾੜਨ ਦੀ ਮੰਗ ਕੀਤੀ ਤਾਂ ਕਿ ਮੋਗਾ ਸ਼ਹਿਰ ਦੀ ਦਿੱਖ ਖਰਾਬ ਨਾ ਹੋਵੇ।