ਐਲ.ਐਲ.ਆਰ.ਐਮ.ਕਾਲਜ ਵਿਖੇ ਟ੍ਰੈਫਿਕ ਜਾਗਰੂਕਤਾ ਕੈਪ ਲਗਾਇਆ ਗਿਆ

ਮੋਗਾ,20 ਫ਼ਰਵਰੀ (ਜਸ਼ਨ)-ਵਿਦਿਆਰਥੀ ਵਰਗ ਟ੍ਰੈਫਿਕ ਨਿਯਮਾਂ ਦੀ ਸੁਚਾਰੂ ਢੰਗ ਨਾਲ ਪਾਲਣਾ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਇਹ ਪ੍ਰਗਟਾਵਾ ਇੰਚਾਰਜ਼    ਜ਼ਿਲਾ ਅਤੇ ਸੈਸ਼ਨਜ਼ ਜੱਜ-ਕਮ- ਚੈਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਰਾਜਿੰਦਰ ਅਗਰਵਾਲ ਨੇ ਸਥਾਨਕ ਐਲ.ਐਲ.ਆਰ.ਐਮ.ਕਾਲਜ ਵਿਖੇ ਵਿਦਿਆਰਥੀਆਂ ਦੇ ਡਰਾਇਵਿੰਗ ਲਾਇਸੰਸ ਬਣਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਲਗਾਏ ਗਏ ਕੈਪ ਦੀ ਪ੍ਰਧਾਨਗੀ ਕਰਦਿਆਂ ਕੀਤਾ।     ਇਸ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਰਾਜਿੰਦਰ ਅਗਵਰਾਲ ਨੇ ਵਿਦਿਆਰਥੀਆਂ ਨੂੰ ਡਰਾਇਵਿੰਗ ਲਾਇਸੰਸ ਅਤੇ ਵਾਹਨ ਦੇ ਬੀਮੇ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਵਾਹਨ ਚਾਲਕ ਕੋਲ ਵਾਹਨ ਚਲਾਉਦੇ ਸਮੇ ਲਾਇਸੰਸ ਦਾ ਹੋਣਾ ਜ਼ਰੂਰੀ ਹੈ।  ਉਨਾਂ ਦੱਸਿਆ ਕਿ ਵਾਹਨ ਚਾਲਕ ਨੂੰ ਹੈਲਮਟ, ਸੀਟ ਬੈਲਟ, ਗੱਡੀ ਦਾ ਬੀਮਾ ਅਤੇ ਹੋਰ ਕਾਗਜ਼ਾਤ ਟ੍ਰੈਫਿਕ ਪੁਲਿਸ ਦੇ ਚਲਾਨ ਦੇ ਡਰ ਕਾਰਣ ਨਹੀ ਬਲਕਿ ਆਪਣੀ ਸੁਰੱਖਿਆ ਲਈ ਵਰਤੋਂ ਵਿੱਚ ਲਿਆਉਣੇ ਜ਼ਰੂਰੀ ਹਨ। ਉਨਾਂ ਕਿਹਾ ਕਿ ਸੜਕ ਦੁਰਘਟਨਾ ‘ਚ ਮੌਤ ਹੋ ਜਾਣ ‘ਤੇ ਬੀਮਾ ਧਾਰਕ ਦੇ ਪਰਿਵਾਰ ਨੂੰ ਬੀਮਾ ਕੰਪਨੀ ਵੱਲੋਂ ਮੁਆਵਜ਼ਾ ਦਿੱਤਾ ਜਾਂਦਾ ਹੈ, ਬਸ਼ਰਤੇ ਕਿ ਵਾਹਨ ਚਾਲਕ ਕੋਲ ਡਰਾਇਵਿੰਗ ਲਾਇਸੰਸ ਹੋਵੇ ਅਤੇ ਉਹ ਮੋਟਰ ਵਹੀਕਲ ਐਕਟ ਦੇ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰ ਰਿਹਾ ਹੋਵੇ। ਉਨਾਂ ਵਿਦਿਆਰਥੀਆਂ ਨੂੰ ਡਰਾਇਵਿੰਗ ਲਾਇਸੰਸ ਲਾਜ਼ਮੀ ਬਣਾਉਣ ਅਤੇ ਵਾਹਨ ਚਲਾਉਦੇ ਸਮੇ ਟ੍ਰੈਫਿਕ ਨਿਯਮਾਂ ਦੀ ਖੁਦ ਪਾਲਣਾ ਕਰਨ ਅਤੇ ਹੋਰ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਵਿਦਿਆਰਥੀਆਂ ਨੂੰ ਵਾਹਨ ਚਲਾਉਦੇ ਸਮੇ ਮੋਬਾਇਲ ਫ਼ੋਨ ਦੀ ਵਰਤੋ ਕਰਨ ਤੋ ਗੁਰੇਜ਼ ਕਰਨ ਲਈ ਵੀ ਕਿਹਾ, ਕਿਉਕਿ ਅਜਿਹਾ ਕਰਨਾ ਸੜਕ ਦੁਰਘਟਨਾ ਦਾ ਕਾਰਣ ਬਣ ਸਕਦਾ ਹੈ। ਇਸ ਮੌਕੇ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਿਨੀਤ ਕੁਮਾਰ ਨਾਰੰਗ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਨੌਜਵਾਨ ਪੀੜੀ ਨੂੰ ਬਿਹਤਰ ਢੰਗ ਨਾਲ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਜਾਗਰੂਕ ਕਰਨ ਦੇ ਮੰਤਵ ਨਾਲ ਇਹ ਟ੍ਰੇਨਿੰਗ ਕੈਪ ਆਯੋਜਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਆਦਾਤਰ ਸੜਕੀ ਹਾਦਸੇ ਵਾਹਨ ਚਲਾਉਦੇ ਸਮੇ ਮੋਬਾਇਲ ਫੋਨ ਦੀ ਵਰਤੋ ਕਰਨ ਜਾਂ ਤੇਜ਼ ਗਤੀ ਨਾਲ ਗੱਡੀ ਚਲਾਉਣ ਕਾਰਣ ਵਾਪਰਦੇ ਹਨ, ਜਿਨਾਂ ਤੋਂ ਸਾਨੂੰ ਬੱਚਣਾ ਚਾਹੀਦਾ ਹੈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੋਗਾ ਸੁਖਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਵਾਹਨ ਚਾਲਕ ਕੋਲ ਡਰਾਇਵਿੰਗ ਲਾਇਸੰਸ ਦਾ ਹੋਣਾ ਅਤੇ ਉਸ ਨੂੰ ਟ੍ਰੈਫ਼ਿਕ ਨਿਯਮਾਂ ਦੀ ਪੂਰੀ ਜਾਣਕਾਰੀ ਹੋਣੀ ਅਤਿ ਜਰੂਰੀ ਹੈ। ਉਨਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਅਗਿਆਨਤਾ ਕਾਰਣ ਸੜਕੀ ਹਾਦਸਿਆਂ ‘ਚ ਸੈਕੜੇ ਕੀਮਤੀ ਜਾਨਾਂ ਅਜਾਈਂ ਚੱਲੀਆਂ ਜਾਦੀਆਂ ਹਨ। ਇਸ ਮੌਕੇ ਇੰਚਾਰਜ ਟ੍ਰੈਫ਼ਿਕ ਐਜੂਕੇਸ਼ਨ ਸੈੱਲ ਏ.ਐਸ.ਆਈ. ਤਰਸੇਮ ਸਿੰਘ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਅਤੇ ਆਵਾਜਾਈ ਚਿੰਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਉਨਾਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਦੀ ਕਵਿਤਾ ਵੀ ਪੜ ਕੇ ਇਸ ਮੌਕੇ 20 ਵਿਦਿਆਰਥੀਆਂ ਨੂੰ ਲਰਨਿੰਗ ਡਰਾਈਵਿੰਗ ਲਾਇਸੰਸ ਜਾਰੀ ਕੀਤੇ ਗਏ ਅਤੇ ਕਾਲਜ ਦੇ ਵਾਹਨਾਂ ‘ਤੇ ਚਮਕਦਾਰ ਰਿਫਲੈਕਟਰ ਵੀ ਲਗਾਏ ਗਏ। ਇਸ ਮੌਕੇ ਹੋਰਨਾਂ ਤੋ ਇਲਾਵਾ ਤਹਿਸੀਲਦਾਰ ਮੋਗਾ ਲਖਵਿੰਦਰ ਸਿੰਘ, ਇੰਚਾਰਜ ਟ੍ਰੈਫਿਕ ਇੰਸਪੈਕਟਰ ਰਾਮ ਸਿੰਘ, ਕਾਲਜ ਦੇ ਚੇਅਰਮੈਨ ਕੇ.ਕੇ. ਕੌੜਾ, ਡਾਇਰੈਕਟਰ ਡਾ. ਏ.ਪੀ. ਮਹਿਤਾ, ਪਿ੍ਰੰਸੀਪਲ ਡਾ. ਜੀ.ਐਸ. ਸਿੱਧੂ, ਅਧਿਆਪਕ ਸਹਿਬਾਨ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।