ਸਾਂਝੇ ਸੇਵਾ ਕੇਂਦਰ ਖੋਲ੍ਹਣ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ

ਫ਼ਿਰੋਜ਼ਪੁਰ,19 ਫਰਵਰੀ (ਪੰਕਜ ਕੁਮਾਰ )-ਭਾਰਤ ਸਰਕਾਰ ਵੱਲੋਂ ਪੜ੍ਹੇ ਲਿਖੇ ਨੌਜਵਾਨਾ ਨੂੰ ਆਪਣਾ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਪੇਂਡੂ ਇਲਾਕੇ ਵਿਚ ਸਾਂਝੇ ਸੇਵਾ ਕੇਂਦਰ ਖੋਲ੍ਹਣ ਦਾ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ. ਵਿਨੀਤ ਕੁਮਾਰ ਆਈ.ਏ.ਐੱਸ ਨੇ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸਾਂਝੇ ਸੇਵਾ ਕੇਂਦਰਾਂ ਵਿਚ ਨੌਜਵਾਨ ਕੰਪਿਊਟਰ ਸਿੱਖਿਆ, ਜਨਮ ਸਰਟੀਫਿਕੇਟ, ਰੇਲ ਟਿਕਟ ਬੁਕਿੰਗ, ਵੋਟਰ ਕਾਰਡ, ਆਧਾਰ ਕਾਰਡ, ਬੈਂਕਾਂ ਦੇ ਲੈਣ-ਦੇਣ ਦਾ ਕੰਮ, ਪੈੱਨ ਕਾਰਡ, ਐਲ.ਈ.ਡੀ, ਬੀਮੇ, ਰਜਿਸਟਰ ਡਾਕਟਰਾਂ ਨਾਲ ਗੱਲ-ਬਾਤ ਆਦਿ ਕੰਮਾਂ ਬਾਰੇ ਆਪਣਾ ਸਵੈ ਰੁਜ਼ਗਾਰ ਚਲਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੰਮ ਕਰਨ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ ਚੰਗਾ ਕਮਿਸ਼ਨ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਂਝੇ ਸੇਵਾ ਕੇਂਦਰ ਖੋਲ੍ਹਣ ਦੇ ਚਾਹਵਾਨ ਨੌਜਵਾਨ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ ਅਤੇ ਬਾਇਓ ਡਾਟਾ ਨਾਲ ਲੈ ਕੇ ਮਿਤੀ 21 ਫਰਵਰੀ ਨੂੰ ਸਵੇਰੇ 10 ਵਜੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ, ਮੋਗਾ ਰੋਡ, ਫਿਰੋਜ਼ਪੁਰ ਵਿਖੇ ਪਹੁੰਚਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਈਲ ਨੰ: 98723-85613 ਜਾਂ 73075-50000 ਤੇ ਸੰਪਰਕ ਕੀਤਾ ਜਾ ਸਕਦਾ ਹੈ।