ਪੜੋ ਪੰਜਾਬ, ਪੜਾਓ ਪੰਜਾਬ ਤਹਿਤ ਕੱਢੇ ਮਸ਼ਾਲ ਮਾਰਚ ਨੂੰ ਵਿਧਾਇਕ ਮੋਗਾ ਡਾ: ਹਰਜੋਤ ਕਮਲ ਨੇ ਕੀਤਾ ਰਵਾਨਾ

ਮੋਗਾ,19 ਫਰਵਰੀ (ਜਸ਼ਨ)-ਸਿੱਖਿਆ ਵਿਚ ਨਿਰੰਤਰ ਸੁਧਾਰ ਲਈ ਚਲਾਏ ਜਾ ਰਹੇ ਪ੍ਰੋਜੈਕਟ ‘ਪੜੋ ਪੰਜਾਬ, ਪੜਾਓ ਪੰਜਾਬ’ ਤਹਿਤ ਸਰਕਾਰੀ ਸਕੂਲਾਂ ਵਿਚਲੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਣ ਅਤੇ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਦੇ ਮੰਤਵ ਨਾਲ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੀ ਅਗਵਾਈ ਹੇਠ 5 ਫ਼ਰਵਰੀ, 2018 ਤੋਂ ਸੂਬੇ ‘ਚ ਮਸ਼ਾਲ ਮਾਰਚ ਸ਼ੁਰੂ ਕੀਤਾ ਗਿਆ ਹੈ ਅਤੇ ਜ਼ਿਲਾ ਮੋਗਾ ਅੰਦਰ ਇਹ ਮਸ਼ਾਲ ਮਾਰਚ 17 ਫ਼ਰਵਰੀ ਨੂੰ ਦਾਖਲ ਹੋਇਆ। ਜ਼ਿਲਾ ਸਿੱਖਿਆ ਅਫ਼ਸਰ (ਸੈ) ਗੁਰਦਰਸ਼ਨ ਸਿੰਘ ਬਰਾੜ, ਉਪ ਜ਼ਿਲਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ, ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ, ‘ਪੜੋ ਪੰਜਾਬ, ਪੜਾਓ ਪੰਜਾਬ‘ ਦੇ ਜ਼ਿਲਾ ਕੋ-ਆਰਡੀਨੇਟਰ ਸੁਖਦੇਵ ਸਿੰਘ ਅਰੋੜਾ, ਬੀ.ਪੀ.ਈ.ਓ ਸੁਰਿੰਦਰ ਕੁਮਾਰ, ਹਰਪਾਲ ਸਿੰਘ, ਕੁਲਦੀਪ ਕੌਰ, ਜਸਵੀਰ ਕੌਰ, ਹਰਜਿੰਦਰ ਕੌਰ ਵਲੋਂ ‘ਪੜੋ ਪੰਜਾਬ, ਪੜਾਓ ਪੰਜਾਬ‘ ਟੀਮ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ  ਮੋਗਾ ਸ਼ਹਿਰ ਵਿੱਚ ਮਸ਼ਾਲ ਮਾਰਚ ਦਾ ਆਯੋਜਨ ਕੀਤਾ ਗਿਆ।

ਵਿਧਾਇਕ ਮੋਗਾ ਡਾ. ਹਰਜੋਤ ਕਮਲ ਵਲੋਂ ਇਸ ਮਾਰਚ ਦੀ ਸ਼ੁਰੂਆਤ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਮੋਗਾ ਤੋਂ ਕੀਤੀ ਗਈ। ਇਸ ਮਸ਼ਾਲ ਮਾਰਚ ਵਿੱਚ ਸ਼ਾਮਿਲ ਅਧਿਕਾਰੀਆਂ ਅਤੇ ਟੀਮ ਮੈਂਬਰਾਂ ਵਲੋਂ ਆਮ ਜਨਤਾ ਨੂੰ ਸਰਕਾਰੀ ਸਕੂਲਾਂ ਵਿੱੱਚ ਚੱਲ ਰਹੀਆਂ ਗਤੀਵਿਧੀਆਂ ਸਬੰਧੀ ਜਾਗਰੂਕ ਕਰਨ ਲਈ ਉਪਰਾਲੇ ਕੀਤੇ ਗਏ ਅਤੇ ਵੱਖ-ਵੱਖ ਫਲੈਕਸ, ਮੌਟੋ, ਬੈਨਰ ਤੇ ਇਸ਼ਤਿਹਾਰਾਂ ਰਾਹੀ ਸਰਕਾਰੀ ਸਕੂਲਾਂ ਵਿੱਚ ਦਾਖਲੇ ਸਬੰਧੀ ਪੂਰਾ ਪ੍ਰਚਾਰ ਕੀਤਾ ਗਿਆ। ਇਸ ਮਾਰਚ ਵਿੱਚ ਬੀ. ਐੱਮ. ਟੀ. ਸਵਰਨਜੀਤ ਸਿੰਘ, ਬਲਦੇਵ ਰਾਮ, ਸਤੀਸ਼ ਕੁਮਾਰ, ਬਿਬੇਕਾਨੰਦ, ਸੀ. ਐੱਮ. ਟੀ. ਕੁਲਦੀਪ ਸਿੰਘ, ਮਨਜੀਤ ਸਿੰਘ, ਰੁਬਿੰਦਰ ਕੌਰ ਆਦਿ ਨੇ ਆਪਣੀ ਹਾਜ਼ਰ ਦੇ ਕੇ ਮਾਰਚ ਨੂੰ ਸਫਲ ਬਣਾਉਣ ਲਈ ਭਰਪੂਰ ਯੋਗਦਾਨ ਪਾਇਆ। ਮਸ਼ਾਲ ਮਾਰਚ ਦੀ ਸਮਾਪਤੀ ਸਮੇਂ ‘ਪੜੋ ਪੰਜਾਬ, ਪੜਾਓ ਪੰਜਾਬ’ ਜ਼ਿਲਾ ਮੋਗਾ ਦੇ  ਕੋ-ਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਦੁਆਰਾ ਛੁੱਟੀ ਵਾਲੇ ਦਿਨ ਵੀ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਇਸ ਮਾਰਚ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ ਗਿਆ। ਇਸੇ ਤਰਾਂ ਅੱਜ ਸਵੇਰੇ 8 ਵਜੇ ਸਰਕਾਰੀ ਪ੍ਰਾਇਮਰੀ ਸਕੂਲ ਦੱਤ ਰੋਡ ਨੇੜੇ ਗੁਰਦੁਆਰਾ ਕਲਗੀਧਰ ਤੋਂ ਸ਼ੁਰੂ ਹੋ ਕੇ ਸਪਸ ਗੋਧੇਵਾਲਾ, ਸਪਸ  ਬੁੱਘੀ ਪੁਰਾ, ਡਾਲਾ, ਬੁੱਟਰ ਕਲਾਂ, ਬੱਧਣੀ ਕਲਾਂ, ਬੌਡੇ, ਨੰਗਲ, .ਧੂੜਕੋਟ ਰਣਸੀਂਹ, ਨਿਹਾਲ ਸਿੰਘ ਵਾਲਾ, ਜਵਾਹਰ ਸਿੰਘ ਵਾਲਾ,ਖੋਟੇ, ਮਾਣੂੰਕੇ, ਨੱਥੋਕੇ, ਬਾਘਾਪੁਰਾਣਾ (ਸ਼ਹਿਰ ਦੇ ਸਾਰੇ ਸਕੂਲ),ਆਲਮਵਾਲਾ, ਜੈ ਸਿੰਘ ਵਾਲਾ, ਚੰਦ ਨਵਾਂ, ਡਰੋਲੀ ਭਾਈ, ਸਲੀਣਾ, ਬਲਖੰਡੀ, ਰੰਡਿਆਲਾ, ਦਾਤੇਵਾਲ, ਕੋਟ ਈਸੇ ਖਾਂ, ਕੋਟ ਸਦਰ ਖਾਂ, ਧਰਮਕੋਟ, ਲੋਹਗੜ, ਭਿੰਡਰ ਕਲਾਂ, ਕੋਕਰੀ ਕਲਾਂ, ਅਜੀਤਵਾਲ ਤੱਕ ਮਸ਼ਾਲ ਮਾਰਚ ਕੀਤਾ ਗਿਆ।