ਮਾਂ ਬੋਲੀ ਦਿਵਸ ‘ਤੇ 21ਫਰਵਰੀ ਨੂੰ ਮੋਗਾ ‘ਚ ਵਿਸ਼ੇਸ਼ ਸਮਾਗਮ

ਮੋਗਾ,19 ਫਰਵਰੀ (ਜਸ਼ਨ)- ਕੌਮਾਂਤਰੀ ਮਾਂ ਬੋਲੀ ਦਿਨ ‘ਤੇ 21 ਫ਼ਰਵਰੀ ਨੂੰ ਪੰਜਾਬੀ ਮਾਂ ਬੋਲੀ ‘ਤੇ ਮੋਗਾ ਦੇ ਗੋਧੇ ਵਾਲਾ ਖੇਡ ਮੈਦਾਨ ਵਿੱਚ ਵਿਸ਼ੇਸ਼ ਸਮਾਗਮ ਤੇ ਸਨਮਾਨ ਸਮਾਰੋਹ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਤੇ ਹੋਰ ਸਖ਼ਸੀਅਤਾਂ ਨੂੰ ਵੀ ਸਨਮਾਨਤ ਕੀਤਾ ਜਾਵੇਗਾ। ਅੱਜ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਪੰਜਾਬ ਵਿੱਚੋਂ ਦੇਸ਼ ਨਿਕਾਲਾ ਦਿੱਤਾ ਗਿਆ ਜਿਸ ਦਾ ਮਾਣ ਸਨਮਾਨ ਬਹਾਲ ਕਰਵਾਉਣ ਲਈ ਪੋਚਾ ਮਾਰੂ ਮੁਹਿੰਮ ਸ਼ੁਰੂ ਕੀਤੀ ਗਈ ਤਾਂ ਹਕੂਮਤ ਨੂੰ ਜਾਗਣਾ ਪਿਆ ਪਰ ਪੂਰੇ ਪੰਜਾਬ ਵਿੱਚ ਅਜੇ ਵੀ ਪੰਜਾਬੀ ਅਮਲੀ ਰੂਪ ਵਿੱਚ ਲਾਗੂ ਨਹੀਂ ਕੀਤੀ ਪਰ ਅਜੇ ਵੀ ਸੂਬਾ ਤੇ ਕੇਂਦਰ ਹਕੂਮਤ ਨਾਲ ਸਬੰਧਤ ਦਫ਼ਤਰਾਂ, ਅਦਾਰਿਆਂ ਵਿੱਚ ਪੰਜਾਬੀ ਮਾਂ ਬੋਲੀ ਦਾ ਨਿਰਾਦਰ ਕੀਤਾ ਜਾ ਰਿਹਾ ਹੈ ਇੱਥੋਂ ਤੱਕ ਕਿ ਪੰਜਾਬ ਦੀ ਧਰਤੀ ‘ਤੇ ਉਸਾਰੇ ਸਕੂਲਾਂ ਵਿੱਚ ਵੀ ਪੰਜਾਬੀ ਬੋਲਣ ‘ਤੇ ਜੁਰਮਾਨਾ ਕੀਤਾ ਜਾਂਦਾ ਹੈ। ਲਖਵੀਰ ਸਿੰਘ ਲੱਖਾ ਸਿਧਾਣਾ ਨੇ ਕਿਹਾ ਕਿ ਇਸ ਤੋਂਂ ਪੰਜਾਬੀ ਮਾਂ ਬੋਲੀ ਸਤਿਕਾਰ ਐਕਸ਼ਨ ਕਮੇਟੀ ਵੱਲੋਂ ਸੂਬਾ ਭਰ ਦੇ ਡੀ. ਸੀਜ਼. ਰਾਹੀ ਮੁੱਖ ਮੰਤਰੀ ਨੂੰ ਚਿੱਠੀਆਂ ਭੇਜ ਕੇ ਸਾਰੀ ਜਾਣਕਾਰੀ ਤੋਂ ਜਾਣੂ ਕਰਵਾਉਣ ਦੇ ਬਾਵਜੂਦ ਵੀ ਪੰਜਾਬੀ ਦੀ ਦੁਰਦਸ਼ਾ ਜਾਰੀ ਹੈ। ਬਾਬਾ ਹਰਦੀਪ ਸਿੰਘ ਮਹਿਰਾਜ ਨੇ ਦੱਸਿਆ ਕਿ 21 ਫ਼ਰਵਰੀ ਦੀ ਪੰਜਾਬੀ ਮਾਂ ਬੋਲੀ ਦਿਨ ‘ਤੇ ‘ਪੰਜਾਬੀ ਬਚਾਓ-ਪੰਜਾਬ ਬਚਾਓ‘ ਦੇ ਨਾਂ ਹੇਠ ਕੀਤੇ ਜਾ ਰਹੇ ਇਸ ਸਮਾਗਮ ਨੂੰ ਆਗੂ ਬਲਦੇਵ ਸਿੰਘ ਸਰਸਾ, ਪਰਮਜੀਤ ਸਿੰਘ ਟਾਂਡਾ, ਲਖਵੀਰ ਸਿੰਘ ਲੱਖਾ ਸਿਧਾਣਾ, ਬਾਬਾ ਹਰਦੀਪ ਸਿੰਘ ਸੰਬੋਧਨ ਕਰਨਗੇ। ਉਹਨਾਂ ਦੱਸਿਆ ਕਿ ਇਸ ਮੌਕੇ ਮਾਂ ਬੋਲੀ ਪੰਜਾਬੀ ਸਾਹਿਤ ਵਿੱਚ ਉੱਘਾ ਯੋਗਦਾਨ ਪਾਉਣ ‘ਤੇ  ਸ੍ਰ. ਜਸਵੰਤ ਸਿੰਘ ਕੰਵਲ ਨੂੰ ਸਿਰਦਾਰ ਕਪੂਰ ਸਿੰਘ ਐਵਾਰਡ, ਮਿਆਰੀ ਗੀਤ ਲਿਖਣ ‘ਤੇ  ਗਾਉਣ ਵਾਲੇ ਰਾਜ ਕਾਕੜਾ ਨੂੰ ਯਮਲਾ ਜੱਟ ਐਵਾਰਡ, ਗਿੱਲ ਹਰਦੀਪ ਨੂੰ ਦਿਲਸ਼ਾਦ ਅਖ਼ਤਰ, ਕੰਵਰ ਗਰੇਵਾਲ ਨੂੰ ਬਾਬਾ ਬੁੱਲੇ ਸਾਹ, ਮੱਖਣ ਬਰਾੜ ਨੂੰ ਸੰਤ ਰਾਮ ਉਦਾਸੀ, ਲੇਖਕ ਭਾਈ ਅਮਰਜੀਤ ਸਿੰਘ ਜੌਹਲ ਸਿੰਘ ਬਿਧੀਪੁਰੀਆ ਨੂੰ ਗਿਆਨੀ ਦਿੱਤ ਸਿੰਘ ਐਵਾਰਡ, ਢਾਡੀ ਬਲਜਿੰਦਰ ਸਿੰਘ ਬਗੀਚਾ ਨੂੰ ਢਾਡੀ ਦਿਆ ਸਿੰਘ ਦਿਲਵਰ, ਬਲਜਿੰਦਰ ਸਿੰਘ ਭਗਤਾ ਢਾਡੀ ਜਥਾ ਨੂੰ ਸੋਹਣ ਸਿੰਘ ਸੀਤਲ, ‘ਫ਼ਾਰਾਨ‘ ਅਦਾਰੇ ਦੇ ਅਬਦੁਰ ਰਸ਼ੀਦ ਨੂੰ ਨਵਾਬ ਸ਼ੇਰ ਮੁਹੰਮਦ ਖ਼ਾਨ ਮਲੇਰਕੋਟਲਾ, ਕਵੀਸਰੀ ਜਥਾ ਭਾਈ ਕਸ਼ਮੀਰ ਸਿੰਘ ਰਡਾਲਾ ਨੂੰ ਜੋਗਾ ਸਿੰਘ ਜੋਗੀ ਐਵਾਰਡ, ਭਾਈ ਘਨੱਇਆ ਕੈਂਸਰ ਰੋਕੂ ਸੁਸਾਇਟੀ ਫ਼ਰੀਦਕੋਟ ਨੂੰ ਭਾਈ ਘਨੱਇਆ ਐਵਾਰਡ ਦਿੱਤੇ ਜਾਣਗੇ। ਅੱਜ ਦੀ ਇਸ ਪ੍ਰੈਸ ਕਾਨਫ਼ਰੰਸ ਦੌਰਾਨ ਤਿਆਰੀ ਕਮੇਟੀ ਜਗਰੂਪ ਸਿੰਘ ਵਿਦਰੋਹੀ, ਬਲਜਿੰਦਰ ਸਿੰਘ ਕੋਟਭਾਰਾ, ਮਨਪ੍ਰੀਤ ਸਿੰਘ ਨਿੱਕਾ ਸਿਧਾਣਾ, ਗੁਰਪ੍ਰੀਤਮ ਸਿੰਘ ਚੀਮਾ ਲੋਕਲ ਗੁਰਮਤਿ ਕਮੇਟੀ, ਅਮਨਦੀਪ ਸਿੰਘ, ਗੁਰਸੇਵਕ ਸਿੰਘ ਸੰਨਿਆਸੀ, ਪਰਮਜੀਤ ਸਿੰਘ ਮੁੰਡੇ ਸਮਾਜ ਸੇਵਾ ਸੁਸਾਇਟੀ ਆਦਿ ਵੀ ਹਾਜ਼ਰ ਸਨ।