ਜ਼ਿਲੇ ‘ਚ ਚਾਲੂ ਵਿੱਤੀ ਸਾਲ ਦੌਰਾਨ ਫ਼ਰਦ ਕੇਂਦਰਾਂ ਰਾਹੀਂ 85 ਹਜ਼ਾਰ 817 ਜ਼ਮੀਨ ਮਾਲਕਾਂ ਨੂੰ ਜ਼ਮੀਨੀ ਰਿਕਾਰਡ ਦੇ 5 ਲੱਖ 85 ਹਜ਼ਾਰ 816 ਪੰਨੇ ਮੁਹੱਈਆ ਕਰਵਾਏ

ਮੋਗਾ 19 ਫ਼ਰਵਰੀ (ਜਸ਼ਨ)-ਡਿਪਟੀ ਕਮਿਸ਼ਨਰ ਮੋਗਾ ਸ: ਦਿਲਰਾਜ ਸਿੰਘ ਨੇ ਦੱਸਿਆ ਕਿ ਜ਼ਿਲੇ ’ਚ ਚੱਲ ਰਹੇ ਫ਼ਰਦ ਕੇਂਦਰਾਂ ਰਾਹੀਂ ਇਸ ਚਾਲੂ ਮਾਲੀ ਸਾਲ ਦੌਰਾਨ 31 ਜਨਵਰੀ 2018 ਤੱਕ 85 ਹਜ਼ਾਰ 817 ਜ਼ਮੀਨ ਮਾਲਕਾਂ ਨੂੰ ਜ਼ਮੀਨੀ ਰਿਕਾਰਡ ਦੇ 5 ਲੱਖ 85 ਹਜ਼ਾਰ 816 ਪੰਨੇ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ ਇੰਨਾਂ ਫ਼ਰਦਾਂ ਤੋਂ 1 ਕਰੋੜ 17 ਲੱਖ 16 ਹਜ਼ਾਰ 320 ਰੁਪਏ ਦੀ ਸਰਕਾਰੀ  ਫ਼ੀਸ ਦੀ ਵਸੂਲੀ ਹੋਈ ਹੈ।  ਸ: ਦਿਲਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਹੋਰ ਜ਼ਮੀਨ ਮਾਲਕਾਂ ਨੂੰ ਆਪਣੇ ਜ਼ਮੀਨੀ ਰਿਕਾਰਡ ਦੀਆਂ ਫ਼ਰਦਾਂ ਆਦਿ ਲੈਣ ਲਈ ਜ਼ਿਲਾ ਪੱਧਰ, ਸਬ ਡਵੀਜ਼ਨ ਅਤੇ ਸਬ ਤਹਿਸੀਲ ਪੱਧਰ ‘ਤੇ ਖੋਲੇ ਗਏ ਫ਼ਰਦ ਕੇਂਦਰ ਜ਼ਮੀਨ ਮਾਲਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ ਵੱਖ-ਵੱਖ ਫ਼ਰਦ ਕੇਂਦਰਾਂ ਰਾਹੀਂ ਜ਼ਮੀਨ ਮਾਲਕਾਂ ਨੂੰ 20 ਰੁਪਏ ਪ੍ਰਤੀ ਪੰਨਾ ਵਸੂਲ ਕੇ 15 ਮਿੰਟਾਂ ‘ਚ ਫ਼ਰਦ ਮੁਹੱਈਆ ਕਰਵਾ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਮੋਗਾ ਜ਼ਿਲੇ ਵਿੱਚ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਧਰਮਕੋਟ ਅਤੇ ਬੱਧਨੀ ਕਲਾਂ ਵਿਖੇ ਫ਼ਰਦ ਕੇਂਦਰ ਕੰਮ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲਾ ਪੱਧਰੀ ਫ਼ਰਦ ਕੇਂਦਰ ਮੋਗਾ ਤੋਂ 26,542 ਜ਼ਮੀਨ ਮਾਲਕਾਂ ਨੂੰ 1,65,431 ਪੰਨੇ ਨਕਲਾਂ ਜਾਰੀ ਕੀਤੀਆਂ ਗਈਆਂ। ਇਸੇ ਤਰਾਂ ਫ਼ਰਦ ਕੇਂਦਰ ਬਾਘਾਪੁਰਾਣਾ ਤੋਂ 19,833 ਜ਼ਮੀਨ ਮਾਲਕਾਂ ਨੂੰ 1,56,637 ਪੰਨੇ, ਨਿਹਾਲ ਸਿੰਘ ਵਾਲਾ ਤੋਂ 13,292 ਜ਼ਮੀਨ ਮਾਲਕਾਂ ਨੂੰ 84,993 ਪੰਨੇ, ਧਰਮਕੋਟ ਤੋਂ 20,143 ਜ਼ਮੀਨ ਮਾਲਕਾਂ ਨੂੰ 1,46,099 ਪੰਨੇ ਅਤੇ ਫ਼ਰਦ ਕੇਂਦਰ ਬੱਧਨੀ ਕਲਾਂ ਤੋਂ 6,007 ਜ਼ਮੀਨ ਮਾਲਕਾਂ ਨੂੰ 32,656 ਪੰਨੇ ਜ਼ਮੀਨੀ ਰਿਕਾਰਡ ਦੀਆਂ ਨਕਲਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨਾਂ ਦੱਸਿਆ ਕਿ ਇਹ ਫ਼ਰਦ ਕੇਂਦਰ ਕਿਸਾਨਾਂ ਲਈ ਵਰਦਾਨ ਸਿੱਧ ਹੋ ਰਹੇ ਹਨ, ਕਿਉਂਕਿ ਫ਼ਰਦ ਕੇਂਦਰਾਂ ਵਿੱਚ ਜ਼ਮੀਨ ਮਾਲਕ ਜ਼ਮੀਨੀ ਰਿਕਾਰਡ ਜਾਂ ਫ਼ਰਦ ਦੀ ਕਾਪੀ ਆਦਿ ਮਿੰਟਾਂ ਵਿੱਚ ਹੀ ਹਾਸਲ ਕਰ ਲੈਂਦੇ ਹਨ, ਜਿਸ ਨਾਲ ਹੁਣ ਲੋਕਾਂ ਨੂੰ ਖ਼ੱਜਲ਼-ਖ਼ੁਆਰ ਨਹੀਂ ਹੋਣਾ ਪੈਂਦਾ ਅਤੇ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਬੱਚਤ ਵੀ ਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੈੱਬਸਾਈਟ www.plrs.org.in ’ਤੇ ਕੋਈ ਵੀ ਜ਼ਮੀਨ ਮਾਲਕ ਆਪਣੇ ਜ਼ਮੀਨੀ ਰਿਕਾਰਡ ਨੂੰ ਵੇਖ ਸਕਦਾ ਹੈ ਅਤੇ ਇਸ ਦੀ ਕਾਪੀ ਦਾ ਪਿ੍ਰੰਟ ਆਊਟ ਵੀ ਲੈ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰਾਂ ਤਹਿਤ ਸਰਕਾਰ ਦੀ ਇਹ ਵੀ ਸੰਭਵ ਕੋਸ਼ਿਸ਼ ਹੈ ਕਿ ਫ਼ਰਦ ਕੇਂਦਰਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਢੁੱਕਵਾਂ ਮਾਹੌਲ ਮਿਲ ਸਕੇ ਅਤੇ ਉਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲਾ ਸਿਸਟਮ ਮੈਨੇਜਰ ਪੰਜਾਬ ਲੈਂਡ ਰਿਕਾਰਡ ਸੋਸਾਇਟੀ ਸੁਰਿੰਦਰ ਅਰੋੜਾ ਨੇ ਦੱਸਿਆ ਕਿ ਜ਼ਿਲੇ ਦੇ ਫ਼ਰਦ ਕੇਂਦਰਾਂ ਤੋਂ ਕਿਸਾਨਾਂ ਨੂੰ ਵਿਸ਼ੇਸ਼ ਸਟੇਸ਼ਨਰੀ ਤੇ ਪਿ੍ਰੰਟ ਕੀਤੀ ਹੋਈ ਤਸਦੀਕ-ਸ਼ੁਦਾ ਕਾਪੀ ਮੁਹੱਈਆ ਕਰਵਾਈ ਜਾਂਦੀ ਹੈ।