ਵੱਖ ਵੱਖ ਸਰਹੱਦੀ ਪਿੰਡਾਂ ‘ਚ ਕਾਨੂੰਨੀ ਸਾਖਰਤਾ ਸੈਮੀਨਾਰ ਦਾ ਆਯੋਜਨ

ਫ਼ਿਰੋਜ਼ਪੁਰ,17 ਫਰਵਰੀ (ਪੰਕਜ ਕੁਮਾਰ) - ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਐਸ. ਕੇ . ਅਗਰਵਾਲ, ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਿਰੋਜ਼ਪੁਰ ਦੀ ਰਹਿਨੁਮਾਈ ਹੇਠ ਸ਼੍ਰੀ ਬਲਜਿੰਦਰ ਸਿੰਘ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਪੂਰੇ ਜਿਲੇ ਦੇ ਵੱਖ ਵੱਖ ਪਿੰਡਾਂ ਵਿਚ ਕਾਨੂੰਨੀ ਸਾਖਰਤਾ ਅਭਿਆਨ ਸ਼ੁਰੂ ਕੀਤਾ ਗਿਆ। ਇਸ ਦੇ ਤਹਿਤ ਉਨਾਂ ਵਲੋਂ ਲੋਕਾਂ ਨੂੰ ਨਾਲਸਾ ਦੀ ਸਕੀਮਾਂ ਤੋਂ ਇਲਾਵਾ ਮਾਨਵੀ ਅਤੇ ਕਾਨੂੰਨੀ ਅਧਿਕਾਰਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਤੇ ਉਨਾਂ ਦੀਆਂ ਮਸ਼ਕਲਾਂ ਸੁਣ ਕੇ ਉਨਾਂ ਦਾ ਹੱਲ ਵੀ ਦੱਸਿਆ ਗਿਆ । ਸ਼੍ਰੀ ਬਲਜਿੰਦਰ ਸਿੰਘ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਕਾਨੂੰਨੀ ਸਾਖਰਤਾ ਅਭਿਆਨ ਦੇ ਤਹਿਤ ਫਿਰੋਜ਼ਪੁਰ ਜਿਲੇ ਦੇ ਵੱਖ ਵੱਖ ਸਰਹੱਦੀ ਪਿੰਡਾਂ ਵਿਖੇ ਕਾਨੂੰਨੀ ਸਾਖਰਤਾ ਸੈਮੀਨਾਰ ਲਗਾਇਆ ਗਿਆ ਇਸਦੇ ਚੱਲਦਿਆਂ ਸਰਹੱਦੀ ਪਿੰਡ ਕਾਲੂਵਾੜਾ ਜੋ ਕਿ ਤਿੰਨ ਪਾਸਿਓ ਸਤਲੁਜ ਦਰਿਆ ਅਤੇ ਚੌਥੇ ਪਾਸੇ ਭਾਰਤ -ਪਾਕ ਕੰਡਿਆਲੀ ਤਾਰ ਹੈ ਉਥੇ ਜਾ ਕੇ ਇਹ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਥੇ ਲੋਕਾਂ ਨੂੰ ਨਾਲਸਾ ਦੀਆਂ ਸਕੀਮਾਂ ਮੁਫ਼ਤ ਕਾਨੂੰਨੀ ਸੇਵਾਵਾਂ, ਮੈਡੀਏਸ਼ਨ ਸੈਂਟਰ, ਸਥਾਈ ਲੋਕ ਅਦਾਲਤ, ਅਪਰਾਧ ਪੀੜਤ ਮੁਆਵਜ਼ਾ ਲੋਕ ਅਦਾਲਤਾਂ ਅਤੇ ਪੀ.ਐਲ ਵੀ ਸਕੀਮ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ । ਗੌਰਤਲਬ ਹੈ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਇਸੇ ਥਾਂ ਤੇ ਕੁਝ ਸਮਾਂ ਪਹਿਲਾ ਵੀ ਇਕ ਸਮਾਗਮ ਰੱਖਿਆ ਗਿਆ ਸੀ ਜਿਥੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਨੇ ਦੌਰਾ ਕੀਤਾ ਸੀ ਜਿਹੇ ਉਨਾਂ ਵਲੋਂ ਉਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਸੁਣਕੇ ਉਨਾਂ ਦਾ ਛੇਤੀ ਹੱਲ ਕਰਵਾਉਣ ਦਾ ਭਰੋਸਾ ਦਿਤਾ ਗਿਆ ਸੀ, ਜਿਸਨੂੰ ਪੂਰਾ ਕਰਦਿਆਂ ਇਸ ਵਾਰ ਉਨਾਂ ਵਲੋਂ ਕਿਸ਼ਤੀ ਰਾਹੀਂ ਦਰਿਆ ਪਾਰ ਆਉਣ -ਜਾਣ ਵਾਲਿਆਂ ਲਈ ਜ਼ਿਲਾ ਰੈਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ 10 ਲਾਈਫ ਸੇਵਿੰਗ ਜੈਕੇਟਸ ਪਿੰਡ ਵਾਲਿਆਂ ਨੂੰ ਦਿੱਤੀਆਂ ਤਾਂ ਜੋ ਸਤਲੁਜ ਦਰਿਆ ਵਿਚ ਹੜ ਆਉਣ ਮੌਕੇ ਕਿਸ਼ਤੀ ਰਾਹੀਂ ਆਉਣ -ਜਾਣ ਵਾਲੇ ਇਸਦਾ ਇਸਤੇਮਾਲ ਕਰਕੇ ਜਾਨੀ ਨੁਕਸਾਨ ਤੋਂ ਬਚ ਸਕਣ।  ਇਸ ਮੌਕੇ ਉਨਾਂ ਨਾਲ ਜ਼ਿਲਾ ਪ੍ਰਸ਼ਾਸ਼ਨ ਦੇ ਕਈ ਹੋਰ ਅਧਿਕਾਰੀ ਵੀ ਉੱਥੇ ਹਾਜ਼ਰ ਸਨ ਜਿਨਾਂ ਟਾਪੂ ਨੁਮਾ ਪਿੰਡ ਕਾਲੂਵਾੜਾ ਦੇ ਲੋਕਾਂ ਦੀਆ ਮੁਸਕਲਾਂ ਸੁਣੀਆਂ ਅਤੇ ਸਹੂਲਤਾਂ ਤੋਂ ਵਾਂਝੇ ਰਹਿੰਦੇ ਲੋਕਾਂ ਨੂੰ ਸਰਕਾਰੀ ਸਹੂਲਤ ਪ੍ਰਦਾਨ ਕਰਨ ਵਾਸਤੇ ਉਨਾਂ ਕੋਲੋਂ ਅਰਜ਼ੀਆਂ ਵੀ ਲਈਆਂ ਸਨ  ਜਿਨਾਂ ਵਿੱਚੋਂ 10 ਅਰਜ਼ੀਆਂ ਨਰੇਗਾ ਸਕੀਮ ਦੇ ਤਹਿਤ ਰਜਿਸਟਰ ਕਰਕੇ ਉਨਾਂ ਦੇ ਨਰੇਗਾ ਕਾਰਡ ਬਣਾਉਣ, 10 ਅਰਜ਼ੀਆਂ ਵੋਟਰ ਸਨਾਖਤੀ ਕਾਰਡ ਵਾਲੀਆਂ, 5 ਅਰਜ਼ੀਆਂ ਸਵੱਛ ਭਾਰਤ ਅਧੀਨ ਪਿੰਡ ਵਿਚ ਟਾਇਲਟ ਬਣਾਉਣ ਬਾਰੇ ਅਤੇ ਇਸਦੇ ਨਾਲ ਹੀ ਛੋਟੇ ਬਚਿਆਂ ਵਾਸਤੇ ਸ਼ਹਿਰਾਂ ਵਾਂਗੂ ਪਿੰਡ ਵਿਚ ਆਂਗਣਵਾੜੀ ਸੈਂਟਰ ਬਣਾਉਣ ਬਾਰੇ ਮੰਗ ਰੱਖੀ ਗਈ ਹੈ  । ਇਸ ਮੌਕੇ ਪਿੰਡ ਦੇ ਲੋਕਾਂ ਵਾਸਤੇ ਇਕ ਮੈਡੀਕਲ ਕੈੰਪ ਵੀ ਲਗਾਇਆ ਗਿਆ ਜਿਥੇ ਸਿਹਤ ਵਿਭਾਗ ਵਲੋਂ ਪਿੰਡ ਦੇ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।