ਪੰਜਾਬ ਸਰਕਾਰ ਤਿਆਰ ਕਰੇਗੀ ਚੰਗੀ ਨਸਲ ਦੇ ਦੁਧਾਰੂ ਪਸ਼ੂਆਂ ਦੀ ਆਨਲਾਈਨ ਡਾਇਰੈਕਟਰੀ:ਡਿਪਟੀ ਡਾਇਰੈਕਟਰ ਡਾ.ਵਿਕਰਮ ਸਿੰਘ ਢਿੱਲੋਂ

ਫ਼ਿਰੋਜ਼ਪੁਰ 17 ਫਰਵਰੀ (ਪੰਕਜ ਕੁਮਾਰ ) ਸੂਬੇ ਵਿਚ ਪਸ਼ੂ ਪਾਲਨ ਅਤੇ ਚੰਗੀ ਨਸਲ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਚੰਗੀ ਨਸਲ ਦੇ ਪਸ਼ੂਆਂ ਦੀ ਡਾਇਰੈਕਟਰੀ ਤਿਆਰ ਕਰਨ ਦੀ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ ਤਾਂ ਜੋ ਪਸ਼ੂ ਪਾਲਕਾਂ ਨੂੰ ਚੰਗੀ ਨਸਲ ਦੇ ਪਸ਼ੂਆਂ ਦੀ ਖ਼ਰੀਦ ਵੇਚ ਵਿਚ ਆਸਾਨੀ ਹੋਵੇ ਅਤੇ ਰਾਜ ਵਿਚ ਉੱਤਮ ਨਸਲ ਦੇ ਪਸ਼ੂ ਪਾਲਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ.ਵਿਕਰਮ ਸਿੰਘ ਢਿੱਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਨ ਵਿਭਾਗ  ਨੇ ਸਥਾਨਕ ਸਿਵਲ ਪਸ਼ੂ ਹਸਪਤਾਲ ਸ਼ਾਦੇ ਹਾਸ਼ਮ ਵਿਖੇ ਨੀਲੀ ਰਾਵੀ ਮੱਝਾਂ ਦਾ ਪੈਡਿਗਰੀ ਸਲੈਕਸ਼ਨ ਪ੍ਰੋਜੈਕਟ ਦੇ ਤਹਿਤ ਨੈਸ਼ਨਲ ਡੇਅਰੀ ਪਲਾਨ-1 ਅਧੀਨ ਰਾਜ ਪੱਧਰੀ ਕਾਫ ਰੈਲੀ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ  ਡਾ.ਬਲਦੇਵ ਸਿੰਘ ਰੋਮਾਣਾ ਜੁਆਇੰਟ ਡਾਇਰੈਕਟਰ (ਰਿਟਾ) ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੈਡਿਗਰੀ ਸਲੈਕਸ਼ਨ ਪ੍ਰੋਜੈਕਟ ਆਉਣ ਵਾਲੀ ਦੇਸੀ ਨੀਲੀ ਰਾਵੀ ਨਸਲ ਦੀ ਗੁਣਵੱਤਾ ਸਬੰਧੀ ਸੁਧਾਰ ਲਿਆਉਣ ਨੂੰ ਪੈਡਿਗਰੀ ਸਲੈਕਸ਼ਨ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਲ ਨਸਲਾਂ ਵਿਚ ਸੁਧਾਰ ਲਿਆਉਣ ਵਾਸਤੇ ਨੈਸ਼ਨਲ ਡੇਅਰੀ ਪਲਾਨ-1 ਭਾਰਤ ਸਰਕਾਰ ਵੱਲੋਂ ਵਿਸ਼ਵ ਬੈਕ ਦੀ ਸਹਾਇਤਾ ਨਾਲ ਭਾਰਤ ਵਿਚ ਜਿਹੜੀਆਂ ਮੱਝਾਂ ਅਤੇ ਗਾਵਾਂ ਦੀਆਂ ਨਸਲਾਂ ਅਲੋਪ ਹੋ ਰਹੀਆਂ ਹਨ ਉਨ੍ਹਾਂ ਨੂੰ ਬਚਾਉਣ ਵਾਸਤੇ ਸ਼ੁਰੂ ਕੀਤਾ ਗਿਆ ਹੈ। ਇਸ ਵਾਸਤੇ ਅਮ੍ਰਿੰਤਸਰ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਤਿੰਨ ਜਿੱਲ੍ਹਿਆਂ ਦੀ ਚੋਣ ਕੀਤੀ ਗਈ ਹੈ। ਨੀਲੀ ਰਾਵੀ ਮੱਝ ਦੀ ਇਹ ਨਸਲ ਵਧੇਰੇ ਦੁੱਧ ਦੇਣ ਵਾਲੀ ਨਸਲ ਹੈ ਅਤੇ ਇਹ ਨਸਲ ਰਾਵੀ ਦਰਿਆ ਦੇ ਨਾਲ ਨਾਲ ਲਗਦੇ ਖੇਤਰ ਵਿੱਚ ਹੀ ਵਧੇਰੇ ਹੈ।  ਉਨ੍ਹਾਂ ਕਿਹਾ ਕਿ ਇਸ ਵੇਲੇ ਨੀਲੀ ਰਾਵੀ ਨਸਲ ਦੇ ਝੋਟਿਆਂ ਦੀ ਘਾਟ ਹੈ, ਇਸ ਲਈ ਬਨਾਵਟੀ ਗਰਭ ਧਾਰਨ ਪ੍ਰਣਾਲੀ ਨੂੰ ਅਪਣਾਇਆ ਹੈ ਜਿਸ ਨਾਲ ਇਸ ਨਸਲ ਦੇ ਝੋਟਿਆਂ ਦੀ ਗਿਣਤੀ ਵਧਾਉਣ ਦਾ ਟੀਚਾ ਹੈ। ਇਸੇ ਤਹਿਤ ਹੀ ਨੀਲੀ ਰਾਵੀ ਨਸਲ ਦੇ ਝੋਟੇ ਪੈਦਾ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਇਸ ਨਸਲ ਦੀਆਂ ਮੱਝਾਂ ਦੀ ਗਿਣਤੀ ਵਧਾਉਣ ਲਈ ਵੀ ਯਤਨ ਜਾਰੀ ਹਨ।  ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਨੀਲੀ ਰਾਵੀ ਮੱਝਾਂ ਜਾ ਕੋਈ ਵੀ ਦੇਸੀ ਨਸਲ ਦੀਆਂ ਮੱਝਾਂ ਨੂੰ ਸਰਕਾਰੀ ਸੰਸਥਾ ਤੋ ਮਸਨੂਈ ਗਰਭ ਦਾਨ ਦੇ ਟੀਕੇ ਜ਼ਰੂਰ ਲਗਾਉਣ। ਇਸ ਮੌਕੇ ਤੇਜਬੀਰ ਸਿੰਘ ਰੰਧਾਵਾ ਨੇ ਪ੍ਰੋਜੈਕਟ ਕੋਆਰਡੀਨੇਟਰ ਅਮ੍ਰਿੰਤਸਰ ਨੇ ਦੱਸਿਆ ਕਿ ਪੰਜਾਬ ਵਿਚ ਇਹ ਪ੍ਰੋਜੈਕਟ ਪੰਜਾਬ ਪਸ਼ੂਧੰਨ ਵਿਕਾਸ ਬੋਰਡ ਰਾਹੀ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਅਮ੍ਰਿੰਤਸਰ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਇਨ੍ਹਾਂ ਤਿੰਨਾਂ ਜਿੱਲ੍ਹਿਆਂ ਦੀਆਂ 50 ਸੰਸਥਾਵਾਂ ( ਪਸ਼ੂ ਹਸਪਤਾਲ ਅਤੇ ਪਸ਼ੂ ਡਿਸਪੈਂਸਰੀਆਂ) ਦੀ ਚੋਣ ਕੀਤੀ ਗਈ ਹੈ। ਹਰ ਇੱਕ ਸੰਸਥਾ ਦੇ ਨਾਲ 3-3 ਪਿੰਡਾਂ ਦੀ ਚੋਣ ਕੀਤੀ ਗਈ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਇਸ ਪ੍ਰੋਜੈਕਟ ਵਿਚ ਲਗਭਗ 150 ਪਿੰਡਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਚੁਣ ਗਏ ਪਿੰਡਾਂ ਵਿਚ ਨੀਲੀ ਰਾਵੀ ਨਸਲ ਦੀਆਂ ਮੱਝਾਂ ਨੂੰ ਮਸਨੂਈ ਗਭਦਾਨ ਦੇ ਟੀਕੇ ਲਗਾਏ ਜਾਣਗੇ ਅਤੇ ਹਰ ਇੱਕ ਜਾਨਵਰ ਦਾ ਬਕਾਇਦਾ ਰਿਕਾਰਡ ਰੱਖਿਆ ਜਾਵੇਗਾ। ਇਹ ਸਾਰੀ ਕਾਰਵਾਈ ਨੈਸ਼ਨਲ ਡੇਅਰੀ ਵਿਕਾਸ ਬੋਰਡ ਵੱਲੋਂ ਤਿਆਰ ਕੀਤੇ ਸਾਫ਼ਟਵੇਅਰ ਜ਼ਰੀਏ ਕੰਪਿਊਟਰ ਵਿਚ ਰਿਕਾਰਡ ਕੀਤਾ ਜਾਵੇਗਾ। ਮਸਨੂਈ ਗਰਭਦਾਨ ਕਰਨ ਤੋ ਪਹਿਲਾਂ ਹਰ ਇੱਕ ਮੱਝ ਦੇ ਕੰਨ ਵਿਚ ਇੱਕ ਟੈਗ, ਜਿਸ ਉੱਪਰ ਇੱਕ ਖ਼ਾਸ 12 ਹਿੰਸਿਆ ਦਾ ਨੰਬਰ ਲਿਖਿਆ ਹੋਇਆ ਹੈ ਜੋ ਕਿ ਪੂਰੇ ਭਾਰਤ ਵਿਚ ਇੱਕ ਹੋਵੇਗਾ, ਲਗਾ ਦਿੱਤਾ ਜਾਵੇਗਾ। ਇਸ ਤਰ੍ਹਾਂ ਮੱਝ ਦੀ ਸਾਰੀ ਨਸਲ ਦਾ ਰਿਕਾਰਡ ਆਨ-ਲਾਈਨ ਰੱਖਿਆ ਜਾਵੇਗਾ। ਮਸਨੂਈ ਗਰਭਦਾਨ ਰਾਹੀ ਪੈਦਾ ਹੋਈਆਂ ਕੱਟੀਆਂ ਜਿਨ੍ਹਾਂ ਮੱਝਾਂ ਦਾ ਗਰਭ ਦਾ ਸਮਾਂ 290 ਦਿਨ ਤੋ ਘੱਟ ਅਤੇ 320 ਦਿਨ ਤੋਂ ਵੱਧ ਹੋਵੇਗਾ ਦਾ ਡੀ.ਐਨ.ਏ ਟੈੱਸਟ ਕਰਕੇ ਮਾਂ ਅਤੇ ਬਾਪ ਦਾ ਪਤਾ ਲਗਾਇਆ ਜਾਵੇਗਾ । ਡੀ.ਐਨ.ਏ ਵਿਧੀ ਰਾਹੀ ਟੈੱਸਟ ਕੀਤੇ ਗਏ ਕੱਟਿਆਂ ਨੂੰ ਵੀਰਜ ਪੈਦਾ ਕਰਨ ਵਾਸਤੇ ਵਰਤਿਆਂ ਜਾਵੇਗਾ ਜੋ ਨਸਲ ਸੁਧਾਰ ਵਿਚ ਵੱਡਮੁੱਲਾ ਯੋਗਦਾਨ ਪਾਉਣਗੇ। ਇਸ ਯੋਜਨਾ ਨੂੰ ਵਿਆਪਕ ਪੱਧਰ ਤੇ ਲਾਗੂ ਕਰਨ ਵਾਸਤੇ ਅਤੇ ਪਸ਼ੂ ਪਾਲਕਾਂ ਵਿਚ ਇਸ ਦਾ ਪ੍ਰਚਾਰ ਕਰਨ ਵਾਸਤੇ ਚੁਣੇ ਗਏ ਪਿੰਡਾ ਵਿਚ ਜਾਗਰੂਕਤਾ ਕੈਪ ਲਗਾਏ ਜਾ ਰਹੇ ਹਨ। ਇਸ ਮੌਕੇ ਡਾ. ਭੁਪਿੰਦਰਪਾਲ ਸਿੰਘ ਖੋਸਾ ਏ.ਡੀ ਫ਼ਿਰੋਜ਼ਪੁਰ, ਡਾ. ਸੁਰਿੰਦਰਪਾਲ ਸਿੰਘ ਕਪੂਰ ਐੱਸ.ਵੀ.ਓ ਜ਼ੀਰਾ, ਡਾ.ਰਾਮੇਸ਼ਵਰ ਸਿੰਘ ਕਟਾਰਾ, ਡਾ.ਜਸਵੰਤ ਸਿੰਘ ਰਾਏ ਨੀਲੀ ਰਾਵੀ ਪੈਡਿਗਰੀ ਸਲੈਕਸ਼ਨ ਪ੍ਰੋਜੈਕਟ ਫਿਰੋਜ਼ਪੁਰ ਅਤੇ ਸ੍ਰ.ਜਗਦੀਪ ਪਾਲ ਸਿੰਘ ਆਂਸਲ  ਨੇ ਵੀ ਪਸ਼ੂ ਪਾਲਕਾਂ ਨੂੰ ਪਸ਼ੂ ਦੀਆਂ ਨਸਲਾਂ ਸਬੰਧੀ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਕਰਵਾਏ ਗਏ ਮੁਕਾਬਲਿਆਂ ਵਿਚ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਪਸ਼ੂ ਮਾਲਕਾ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪਸ਼ੂ ਪਾਲਕ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।