ਇਕ ਮਹੀਨਾ ਪਹਿਲਾਂ ਲਾਪਤਾ ਨੌਜਵਾਨ ਦੀ ਲਾਸ਼ ਮੋਟਰ ਵਾਲੇ ਬੋਰ ’ਚ ਮਿਲਣ ਨਾਲ ਇਲਾਕੇ ’ਚ ਸਨਸਨੀ

ਮੋਗਾ, 17 ਫਰਵਰੀ (ਲਛਮਣਜੀਤ ਸਿੰਘ ਪੁਰਬਾ)-ਮੋਗਾ ਜ਼ਿਲੇ ਦੇ ਪਿੰਡ ਜੈ ਸਿੰਘ ਵਾਲਾ ਦੇ ਇਕ ਮਹੀਨੇ ਤੋਂ ਲਾਪਤਾ ਨੌਜਵਾਨ ਦੀ ਲਾਸ਼ ਅਤੇ ਉਸ ਦਾ ਮੋਟਰਸਾਈਕਲ ਮੋਟਰ ਦੇ ਬੋਰ ’ਚੋਂ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ ਹੈ। ਜਾਣਕਾਰੀ ਮੁਤਾਬਕ ਮਿ੍ਰਤਕ ਦੇ ਪਿੰਡ ਦੀ ਇਕ ਵਿਆਹੁਤਾ ਔਰਤ ਜੋ ਦੋ ਬੱਚਿਆਂ ਦੀ ਮਾਂ ਵੀ ਹੈ ਨਾਲ ਸਬੰਧ ਚੱਲ ਰਹੇ ਸਨ। ਇਹਨਾਂ ਸਬੰਧਾਂ ਕਾਰਨ ਮਹਿਲਾ ਦੇ ਪਤੀ ਨੇ ਆਪਣੇ ਸਾਥੀਆਂ ਨਾਲ ਕਤਲ  ਨੂੰ ਅੰਜਾਮ ਦੇ ਦਿੱਤਾ ਅਤੇ ਨੌਜਵਾਨ ਦੀ ਲਾਸ਼ ਨੂੰ ਪਿੰਡ ਦੀ ਹੀ ਇਕ ਮੋਟਰ ਦੇ ਬੋਰ ਵਿਚ ਦਫਨ ਕਰਕੇ ਉੱਪਰ ਮਿੱਟੀ ਪਾ ਦਿੱਤੀ । ਪੁਲਿਸ ਨੇ ਫੋਨ ਲੋਕੇਸ਼ਨ ਦੇ ਆਧਾਰ ਤੇ ਮੁੱਢਲੀ ਜਾਂਚ ’ਚ ਸ਼ਨੀਵਾਰ ਨੂੰ ਤਹਿਸੀਲਦਾਰ  ਦੀ ਮੌਜੂਦਗੀ ’ ਚ ਮਿ੍ਰਤਕ ਦੀ ਦੇਹ ਅਤੇ ਮੋਟਰਸਾਈਕਲ ਬਰਾਮਦ ਕੀਤਾ । ਫਿਲਹਾਲ ਸੰਬਧਿਤ  ਥਾਣਾ ਬਾਘਾਪੁਰਾਣਾ ਪੁਲਿਸ ਨੇ ਮਹਿਲਾ ਦੇ ਪਤੀ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਰਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 16 ਜਨਵਰੀ ਨੂੰ ਇਹ ਹਰਵਿੰਦਰ ਰਹੱਸਮਈ ਹਾਲਾਤਾਂ ਵਿਚ ਪਿੰਡ ਤੋਂ ਲਾਪਤਾ ਹੋ ਗਿਆ ਸੀ ,ਜਿਸ ਦੀ ਗੁੰਮ ਹੋਣ ਦੀ ਗੁੱਥੀ ਇਕ ਮਹੀਨੇ ਬਾਅਦ ਬਾਘਾਪੁਰਾਣਾ ਪੁਲਿਸ ਨੇ ਸੁਲਝਾ ਲਈ ਹੈ। ਮਿ੍ਰਤਕ ਹਰਵਿੰਦਰ ਦੀ ਮਾਤਾ ਅਤੇ ਭਰਾ ਮਨਪ੍ਰੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਥਾਣਾ ਬਾਘਾਪੁਰਾਣਾ ਦੇ ਮੁਖੀ ਜੰਗਜੀਤ ਸਿੰਘ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲਹਾਲ ਨੌਜਵਾਨ ਦੀ ਮਿ੍ਰਤਕ ਦੇਹ ਨੂੰ ਬਰਾਮਦ ਕਰਕੇ ਪੋਸਟ ਮਾਰਟਮ ਲਈ ਭੇਜਿਆ ਗਿਆ ਹੈ ਅਤੇ ਉਕਤ ਮਹਿਲਾ ਦੇ ਪਤੀ ’ਤੇ ਹੱਤਿਆ ਦਾ ਮਾਮਲਾ ਦਰਜ ਕਰਦਿਆਂ ਉਸ ਨੂੰ ਗਿ੍ਰਫਤਾਰ ਕਰਕੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ ।