ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ ਇੰਡੀਆ ਵੱਲੋਂ ‘ਸੋਸ਼ਲ ਮੀਡੀਆ ਦਾ ਮੰਤਵ’ ਤੇ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

ਚੰਡੀਗੜ੍ਹ 17 ਫਰਵਰੀ : ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ ਇੰਡੀਆ (ਪੀ.ਆਰ.ਐਸ.ਆਈ.) ਦੇ ਚੰਡੀਗੜ੍ਹ ਚੈਪਟਰ ਵੱਲੋਂ ‘ਸੋਸ਼ਲ ਮੀਡੀਆ ਦਾ ਮੰਤਵ ਤੇ ਚੁਣੌਤੀਆਂ’ ਵਿਸ਼ੇ ’ਤੇ ਕਰਵਾਏ ਸੈਮੀਨਾਰ ਵਿੱਚ ਵਿਚਾਰ-ਚਰਚਾ ਦੌਰਾਨ ਇਹ ਗੱਲ ਉਭਰ ਕੇ ਆਈ ਕਿ ਸੋਸ਼ਲ ਮੀਡੀਆ ਦੀ ਵਿਵਹਾਰਕ ਤੌਰ ’ਤੇ ਸਹੀ ਅਰਥਾਂ ਵਿਚ ਯੋਗ ਵਰਤੋਂ ਅਤੇ ਲੋੜ ਅਨੁਸਾਰ ਹੀ ਵਰਤੋਂ ਹੋਣੀ ਚਾਹੀਦੀ ਹੈ। ਸਮੂਹ ਵਕਤਾ ਅਤੇ ਸਰੋਤੇ ਇਸ ਗੱਲ ’ਤੇ ਇਕਮੱਤ ਸਨ ਕਿ ਨਵੇਂ ਯੁੱਗ ਦਾ ਇਹ ‘ਅਵਤਾਰ’ (ਸੋਸ਼ਲ ਮੀਡੀਆ) ਸਮਾਜ ਦੇ ਤਾਣੇ-ਬਾਣੇ, ਆਮ ਲੋਕ ਰਾਏ ਅਤੇ ਮਨੋਵੇਗ ਨੰੂ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ ਇਸ ਲਈ ਨਵੀਂ ਪੀੜ੍ਹੀ ਨੰੂ ਇਸ ਮੀਡੀਆ ਦੇ ਮੁਥਾਜੀ ਬਣਨ ਅਤੇ ਇਸ ਨੂੰ ਹੱਦੋਂ ਵੱਧ ਵਰਤਣ ਤੋਂ ਰੋਕਣ ਲਈ ਵਿਹਾਰਕ ਅਤੇ ਕਾਨੰੂਨੀ ਨੇਮ ਬਣਾਏ ਜਾਣੇ ਚਾਹੀਦੇ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਧੀਕ ਸੋਲਿਸਟਰ ਜਨਰਲ ਸੱਤਪਾਲ ਜੈਨ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਨਾਲ ਬੱਚਿਆਂ ਦੇ ਜੀਵਨ ’ਤੇ ਹਰ ਤਰ੍ਹਾਂ ਦਾ ਮਾੜਾ ਪ੍ਰਭਾਅ ਪੈ ਰਿਹਾ ਹੈ। ਉਨ੍ਹਾਂ ਦੀ ਰਾਏ ਸੀ ਕਿ ਫਿਲਹਾਲ ਇਸ ਮੀਡੀਆ ਦੀ ਕੁਵਰਤੋਂ ਨੰੂ ਠੱਲਣ ਲਈ ਕਾਨੰੂਨ ਬਣਾਉਣੇ ਔਖੇ ਹਨ ਪਰ ਸਮਾਜ ਵਿਚ ਇਸ ਸਬੰਧੀ ਜਾਗਰੂਕਤਾ ਲਿਆਉਣ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਿਆ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮੇਂ ਦੇ ਹਿਸਾਬ ਨਾਲ ਤਕਨੀਕ ਅਤੇ ਹਰ ਖੇਤਰ ਵਿਚ ਤਰੱਕੀ ਹੁੰਦੀ ਆ ਰਹੀ ਹੈ ਜੋ ਅੱਗੋਂ ਵੀ ਜਾਰੀ ਰਹੇਗੀ ਪਰ ਲੋੜ ਇਸ ਗੱਲ ਦੀ ਹੈ ਕਿ ਹਮੇਸ਼ਾਂ ਤਕਨਾਲੋਜੀ ਦੇ ਹਾਂ-ਪੱਖੀ ਪਹਿਲੂਆਂ ਨੰੂ ਹੀ ਅਪਣਾਇਆ ਜਾਣਾ ਚਾਹੀਦਾ ਹੈ। ਸੈਮੀਨਾਰ ਦੇ ਵਿਸ਼ੇ ਸਬੰਧੀ ਮੁੱਖ ਵਕਤਾ ਵੱਲੋਂ ਬੋਲਦਿਆਂ ਸਾਬਕਾ ਆਈ.ਏ.ਐਸ ਅਧਿਕਾਰੀ ਵਿਵੇਕ ਅਤਰੇ ਨੇ ਕਿਹਾ ਕਿ ਇਸ ਸਮੇਂ ਸਮਾਰਟ ਫੋਨ ਅਤੇ ਸੂਚਨਾ ਤਕਨਾਲੋਜੀ ਦਾ ਹਰ ਮਨੁੱਖੀ ਜੀਵਨ ਉਪਰ ਪ੍ਰਭਾਵ ਪੈ ਰਿਹਾ ਹੈ। ਸੋਸ਼ਲ ਮੀਡੀਆ ’ਤੇ ਅਦਾਨ-ਪ੍ਰਦਾਨ ਹੁੰਦੀ ਮਣਾਂ-ਮੂੰਹੀਂ ਸੂਚਨਾ ਤੋਂ ਆਮ ਲੋਕ ਅਤੇ ਨੇਤਾਗਣ ਵੀ ਪ੍ਰਭਾਵਤ ਹੋ ਜਾਂਦੇ ਹਨ। ਉਨ੍ਹਾਂ ਚੌਕਸ ਕੀਤਾ ਕਿ ਸੋਸ਼ਲ ਮੀਡੀਆ ’ਤੇ ਆਮ ਜਨਤਾ ਖਾਸਕ ਕਰਕੇ ਨੌਜਵਾਨਾਂ ਦੀ ਲੋੜ ਤੋਂ ਵੱਧ ਨਿਰਭਰਤਾ ਨੰੂ ਘਟਾਇਆ ਜਾਵੇ ਤਾਂ ਜੋ ਲੋਕਾਂ ਦੇ ਆਪਸੀ ਅਤੇ ਪਰਿਵਾਰਕ ਰਿਸ਼ਤਿਆਂ ਵਿਚ ਜਿਆਦਾ ਮਿਠਾਸ ਅਤੇ ਆਪਸੀ ਵਰਤਾਲਾਪ ਜਾਰੀ ਰਹੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਅਦਾਨ-ਪ੍ਰਦਾਨ ਹੁੰਦੀ ਸੂਚਨਾ ਪ੍ਰਤੀ ਨਾ ਹੀ ਬਹੁਤਾ ਗੰਭੀਰ ਹੋਇਆ ਜਾਵੇ ਅਤੇ ਨਾ ਹੀ ਹਲਕੇ ਵਿਚ ਲਿਆ ਜਾਵੇ ਕਿਉਂਕਿ ਮਾੜੀ ਸੂਚਨਾ ਦਾ ਲੋਕਾਂ ਦੇ ਜੀਵਨ ’ਤੇ ਹਰ ਪੱਖੋਂ ਅਸਰ ਪੈਂਦਾ ਹੈ।  ਇਸ ਮੌਕੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦਿਵੇਸ ਮੌਦਗਿੱਲ ਨੇ ਵੀ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਕੁਵਰਤੋਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪੀ.ਆਰ.ਐਸ.ਆਈ. ਚੰਡੀਗੜ੍ਹ ਚੈਪਟਰ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਮੁੱਖ ਮਹਿਮਾਨਾਂ ਨੰੂ ਜੀ ਆਇਆਂ ਆਖਦਿਆਂ ਚੰਡੀਗੜ੍ਹ ਚੈਪਟਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦਿੱਤਾ ਅਤੇ ਕਿਹਾ ਕਿ ਇਸ ਸੰਸਥਾ ਵਲੋਂ ਸੋਸ਼ਲ ਮੀਡੀਆ ਬਾਰੇ ਅਜਿਹੇ ਸੈਮੀਨਾਰ ਕਰਵਾਕੇ ਲੋਕਾਂ ਨੰੂ ਜਾਗਰੂਕ ਕੀਤਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀ ਬੇਰੋਕ-ਟੋਕ, ਅਪ੍ਰਮਾਣਿਤ ਅਤੇ ਬਿਨਾ ਸੋਚੇ ਸਮਝੇ ਅਦਾਨ-ਪ੍ਰਦਾਨ ਦੀ ਸਹੂਲਤ ਦਾ ਗੈਰ ਸਮਾਜੀ ਤੱਤ ਵੀ ਫਾਇਦਾ ਉਠਾ ਰਹੇ ਹਨ ਅਤੇ ਉਹ ਆਮ ਲੋਕਾਂ ਖਾਸ ਕਰਕੇ ਅੱਲੜ੍ਹ ਨੌਜਵਾਨਾਂ ਨੰੂ ਕੁਰਾਹੇ ਪਾਉਣ ਲਈ ਇਸ ਦੀ ਦੁਰਵਰਤੋਂ ਕਰਦੇ ਹਨ।

ਪੀ.ਆਰ.ਐਸ.ਆਈ ਦੇ ਉਪ ਚੇਅਰਮੈਨ ਆਰ.ਕੇ ਕਪਿਲਾਸ਼ ਨੇ ਸਮੂਹ ਮਹਿਮਾਨਾਂ ਅਤੇ ਮੁੱਖ ਮਹਿਮਾਨਾਂ ਲਈ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਆਰ.ਐਸ.ਆਈ. ਦੇ ਚੰਡੀਗੜ ਚੈਪਟਰ ਦੇ ਸਮੂਹ ਮੈਂਬਰ ਹਾਜਰ ਸਨ।