ਮਹਿਰੋਂ ਪਿੰਡ ਦੇ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਕਰਨਲ ਬਾਬੂ ਸਿੰਘ ਨੇ ਆਖਿਆ ਕਿ ਸ਼ਹਾਦਤਾਂ ਕਿਸਮਤ ਵਾਲੇ ਦੇ ਹਿੱਸੇ ਆਉਦੀਆਂ ਨੇ

ਮੋਗਾ, 16 ਫ਼ਰਵਰੀ (ਜਸ਼ਨ): ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਮੋਗਾ ਜਿਲੇ ਦੇ ਪਿੰਡ ਮਹਿਰੋਂ ਨਾਲ ਸਬੰਧਤ ਪੰਜ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪਿੰਡ ਪੰਚਾਇਤ ਅਤੇ ਸਾਬਕਾ ਸੈਨਿਕਾਂ ਵਲੋਂ ਕੱਲ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਇਆ ਗਿਆ।  ਇਸ ਸਮਾਗਮ ਵਿੱਚ ਕਰਨਲ ਬਾਬੂ ਸਿੰਘ, ਸੂਬੇਦਾਰ ਮੇਜਰ ਗੁਰਮੀਤ ਸਿੰਘ, ਸਾਬਕਾ ਸੈਨਿਕ ਬੁੱਧ ਸਿੰਘ, ਅਮਰਜੀਤ ਸਿੰਘ, ਤਰਸੇਮ ਸਿੰਘ, ਹਰਬੰਸ ਸਿੰਘ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਨੇ ਹਿੱਸਾ ਲਿਆ। ਇਸ ਮੌਕੇ ਤੇ ਐਨ.ਸੀ.ਸੀ. ਕੈਡਿਟਾਂ ਵਲੋਂ ਸ਼ਹੀਦਾਂ ਦੇ ਬੁੱਤਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਸਲਾਮੀ ਦਿੱਤੀ ਜਿਸਦੀ ਅਗਵਾਈ ਰਮਨਦੀਪ ਔਲਖ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨਵਾਲਾ ਦੀ ਵਿਦਿਆਰਥਣ ਨੇ ਕੀਤਾ ਅਤੇ ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਨੇ ਸਲਾਮੀ ਦਿੱਤੀ। ਇਸ ਮੌਕੇ ਤੇ ਪਿੰਡ ਮਹਿਰੋਂ ਦੇ ਸਰਪੰਚ ਸਵਰਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਸ਼ਹੀਦ ਗੁਰਸੇਵਕ ਸਿੰਘ, ਸ਼ਹੀਦ ਤਾਰਾ ਸਿੰਘ, ਸ਼ਹੀਦ ਪ੍ਰੀਤਮ ਸਿੰਘ, ਸ਼ਹੀਦ ਸਰਜਾ ਸਿੰਘ ਅਤੇ ਸੰਗ ਸਿੰਘ ਦੀ ਯਾਦ ਵਿੱਚ ਇਹ ਦਿਹਾੜਾ ਮਨਾਇਆ ਗਿਆ ਹੈ। ਇਸ ਮੌਕੇ ਤੇ ਸ਼ਹੀਦ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕਰਨਲ ਬਾਬੂ ਸਿੰਘ ਅਤੇ ਸੂਬੇਦਾਰ ਮੇਜਰ ਗੁਰਮੀਤ ਸਿੰਘ ਨੇ ਆਪਣੇ ਸ਼ਬਦਾਂ ਰਾਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਇਨਾਂ ਸ਼ਹੀਦਾਂ ਦੀ ਬਦੌਲਤ ਹੀ ਪਿੰਡ ਦਾ ਨਾਮ ਪੂਰੇ ਦੇਸ਼ ਭਰ ਵਿੱਚ ਰੋਸ਼ਨ ਹੋਇਆ ਹੈ ਅਤੇ ਇਨਾਂ ਦੀ ਬਹਾਦਰੀ ਅਤੇ ਸੂਰਵੀਰਤਾ ਹੋਰਨਾਂ ਲਈ ਮਿਸਾਲ ਬਣੇਗੀ। ਉਨਾਂ ਕਿਹਾ ਕਿ ਸ਼ਹੀਦਾਂ ਦੀ ਯਾਦਗਰ ਨਾਲ ਹੋਰਨਾਂ ਨੌਜਵਾਨਾਂ ਵਿੱਚ ਹੀ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ ਜੋ ਦੇਸ਼ ਦੀ ਰੱਖਿਆ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿਣਗੇ। ਇਸ ਮੌਕੇ ਤੇ ਪਿੰਡ ਦੀ ਪੰਚਾਇਤ ਵਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।