ਸੰਤ ਬਾਬਾ ਭਾਗ ਸਿੰਘ ਯਾਦਗਾਰੀ ਵਿਦਿਅਕ ਸੰਸਥਾਵਾਂ ਸੁਖਾਨੰਦ ਵਿਖੇ ਵੀਹਵਾਂ ਖੇਡ ਦਿਵਸ ਮਨਾਇਆ,ਐੱਮ.ਐੱਲ.ਏ.ਦਰਸ਼ਨ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਮੋਗਾ,14 ਫਰਵਰੀ (ਜਸ਼ਨ) ਰੂਹਾਨੀਅਤ ਦੀ ਸੁਗੰਧੀ ਫੈਲਾਉਣ ਵਾਲੇ ਸੰਤ ਬਾਬਾ ਭਾਗ ਸਿੰਘ ਯਾਦਗਾਰੀ ਵਿਦਿਅਕ ਸੰਸਥਾਵਾਂ ਸੁਖਾਨੰਦ, ਮੋਗਾ ਵਿਖੇ 20ਵੇਂ ਸਲਾਨਾ ਖੇਡ ਦਿਵਸ ਦਾ ਵਿਸ਼ੇਸ਼ ਆਯੋਜਨ ਕੀਤਾ ਗਿਆ। ਖੇਡ ਦਿਵਸ ਦੀ ਸ਼ੋਭਾ ਵਧਾਉਣ ਲਈ ਮੁੱਖ ਮਹਿਮਾਨ ਵਜੋਂ ਬਾਘਾਪੁਰਾਣਾ ਦੇ ਐੱਮ.ਐੱਲ.ਏ. ਸ.ਦਰਸ਼ਨ ਸਿੰਘ ਬਰਾੜ ਨੇ ਸ਼ਿਰਕਤ ਕੀਤੀ। ਪਿੰਡ ਸੁਖਾਨੰਦ ਅਤੇ ਨੇੜਲੇ ਪਿੰਡਾਂ ਦੇ ਸਰਪੰਚਾਂ ਅਤੇ ਨਗਰ ਪੰਚਾਇਤਾਂ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਖੇਡ ਦਿਵਸ ਦਾ ਮਾਣ ਵਧਾਇਆ।ਰੰਗ ਬਿਰੰਗੇ ਪੰਡਾਲ ਦਰਮਿਆਨ ਸਜੇ ਖੇਡ ਦੇ ਮੈਦਾਨ ਵਿੱਚ, ਮੈਡਮ ਸਤਿਨਾਮ ਕੌਰ ਨਾਗਪਾਲ ਪਿ੍ਰੰਸੀਪਲ ਪਬਲਿਕ ਹਾਈ ਸਕੂਲ, ਸੁਖਾਨੰਦ ਨੇ ਸਾਰੇ ਮਹਿਮਾਨਾਂ ਨੂੰ ‘ਜੀ ਆਇਆਂ` ਕਿਹਾ। ਸ਼ਬਦ ਗਾਇਨ ਉਪਰੰਤ ਮੁੱਖ ਮਹਿਮਾਨ ਨੇ ਮਾਰਚ ਪਾਸਟ ਕਰ ਰਹੇ ਗਰੁੱਪਾਂ ਦੀ ਸਲਾਮੀ ਲਈ।ਪੀ.ਟੀ. ਸ਼ੋਅ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੰਸਥਾ ਦੀਆਂ ਰਾਸ਼ਟਰ ਪੱਧਰ ਦੀਆਂ ਖਿਡਾਰਣਾਂ ਦੁਆਰਾ ਮਸ਼ਾਲ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ ਗਈ। ਰੱਸਾਕਸ਼ੀ ਦੀ ਖਿਡਾਰਨ ਮਨਪ੍ਰੀਤ ਕੌਰ ਨੇ ਸਾਰੇ ਖਿਡਾਰੀਆਂ ਵੱਲੋਂ ਖੇਡ ਦਿਵਸ ਨੂੰ ਈਮਾਨਦਾਰੀ ਅਤੇ ਲਗਨ ਨਾਲ ਖੇਡਣ ਦੀ ਸਹੁੰ ਚੁੱਕੀ।ਸ.ਦਰਸ਼ਨ ਬਰਾੜ ਨੇ ਅਮਨ, ਖੁਸ਼ਹਾਲੀ ਅਤੇ ਬੁਲੰਦੀਆਂ ਦੇ ਪ੍ਰਤੀਕ ਕਬੂਤਰ ਖੁੱਲੇ ਆਕਾਸ਼ ਵਿੱਚ ਛੱਡੇ ਅਤੇ ਖੇਡਾਂ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ। ਡਾ.ਸੁਖਵਿੰਦਰ ਕੌਰ, ਪਿ੍ਰੰਸੀਪਲ ਡਿਗਰੀ ਕਾਲਜ ਨੇ ਸੁਖਾਨੰਦ ਸੰਸਥਾਵਾਂ ਦੀਆਂ ਸਲਾਨਾ ਖੇਡ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਵਿਦਿਆਰਥਣ ਖਿਡਾਰਣਾਂ ਰੱਸਾਕਸ਼ੀ, ਬਾਸਕੇਟ ਬਾਲ, ਐਥਲੇਟਿਕਸ, ਗੱਤਕਾ, ਰੈਸਲਿੰਗ, ਵੇਟ ਲਿਫ਼ਟਿੰਗ, ਰੋਪ ਸਕੀਪਿੰਗ, ਕਬੱਡੀ ਆਦਿ ਵਿੱਚ ਰਾਸ਼ਟਰੀ ਪੱਧਰ ਤੱਕ ਨਾਮਣਾ ਖੱਟ ਦੇ ਖ਼ਬਰਾਂ ਦੀਆਂ ਸੁਰਖੀਆਂ ਵਿੱਚ ਸੁਖਾਨੰਦ ਦਾ ਮਾਣ ਵਧਾ ਚੁੱਕੀਆਂ ਹਨ।

ਖੇਡਾਂ ਦਾ ਦੌਰ ਸ਼ੁਰੂ ਹੁੰਦੇ ਸਾਰ ਬੁਲੰਦ ਹੌਂਸਲਿਆਂ ਨਾਲ ਖਿਡਾਰਨਾਂ ਨੇ ਮਾਹੌਲ ਵਿੱਚ ਰੋਮਾਂਚ ਭਰ ਦਿੱਤਾ।100,200 ਅਤੇ 400 ਮੀਟਰ ਰੇਸ, ਰੱਸਾਕਸ਼ੀ, ਥ੍ਰੀ ਲੈਗ ਰੇਸ, ਡਰਾਈਵਰ ਰੇਸ, ਦਰਜਾ ਚਾਰ ਕਰਮਚਾਰੀਆਂ ਦੀ ਰੇਸ ਅਤੇ ਨੰਨੇ ਮੁੰਨੇ ਬੱਚਿਆਂ ਦੀ ਡੱਡੂ ਰੇਸ, ਕੰਗਾਰੂ ਰੇਸ ਵਿੱਚ ਖਿਡਾਰੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ।ਡਾਈਕਵਾਂਡੋ, ਯੋਗਾ ਅਤੇ ਗੱਤਕਾ ਦਾ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਅੰਤ ਵਿੱਚ ਜੇਤੂ ਖਿਡਾਰਨਾਂ ਅਤੇ ਜ਼ੋਨ, ਰਾਜ ਅਤੇ ਦੇਸ਼ ਪੱਧਰ ਤੇ ਨਾਮਣਾ ਖੱਟਣ ਵਾਲੀਆਂ ਖਿਡਾਰਨਾਂ ਨੂੰ ਮੈਡਲ ਦੇ ਕੇ ਹੌਂਸਲਾ ਅਫ਼ਜਾਈ ਕੀਤੀ ਗਈ। ਪਬਲਿਕ ਹਾਈ ਸਕੂਲ ਵਿੱਚ ਕਮਲਪ੍ਰੀਤ ਕੌਰ ਕਲਾਸ 6ਵੀਂ ਨੂੰ ਬੈਸਟ ਪਲੇਅਰ ਅਤੇ ਪਰਨੀਤ ਕੌਰ ਕਲਾਸ 8ਵੀਂ ਨੂੰ ਬੈਸਟ ਐਥਲੀਟ ਵਜੋਂ, ਸੀਨੀਅਰ ਸੈਕੰਡਰੀ ਸਕੂਲ ਵਿੱਚ ਲਵਪ੍ਰੀਤ ਕੌਰ 10ਲ਼1 ਆਰਟਸ ਨੂੰ ਬੈਸਟ ਪਲੇਅਰ ਅਤੇ ਜਸਪ੍ਰੀਤ ਕੌਰ 10ਲ਼2 ਆਰਟਸ ਨੂੰ ਬੈਸਟ ਐਥਲੀਟ ਵਜੋਂ ਸਨਮਾਨਿਤ ਕੀਤਾ ਗਿਆ। ਬੀ.ਐੱਡ. ਕਾਲਜ ਵਿੱਚ ਗਗਨਦੀਪ ਕੌਰ ਨੂੰ ਅਤੇ ਡਿਗਰੀ ਕਾਲਜ ਵਿੱਚ ਸਰਵਉੱਤਮ ਖਿਡਾਰਨ ਪਿੰਦਰਪਾਲ ਕੌਰ ਐੱਮ.ਏ.1 ਸਮਾਜ ਸ਼ਾਸਤਰ ਨੂੰ ਘੋਸ਼ਿਤ ਕੀਤਾ ਗਿਆ। ਡਾ.ਦਰਸ਼ਨ ਬਰਾੜ ਨੇ ਆਪਣੇ ਸੰਬੋਧਨ ਦੌਰਾਨ ਸੰਤ ਬਾਬਾ ਭਾਗ ਸਿੰਘ ਅਤੇ ਸੰਤ ਬਾਬਾ ਹਜੂਰਾ ਸਿੰਘ ਜੀ ਨੂੰ ਸਿਜਦਾ ਕੀਤਾ ਅਤੇ ਪ੍ਰਬੰਧਕੀ ਕਾਰਜਾਂ ਨੁੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਉੱਪ ਚੇਅਰਮੈਨ ਸ.ਮੱਖਣ ਸਿੰਘ ਅਤੇ ਸ. ਸੁਖਮੰਦਰ ਸਿੰਘ ਢਿੱਲੋਂ ਦੀ ਸ਼ਲਾਘਾ ਕੀਤੀ।ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਖਿਡਾਰਣਾਂ ਦਾ ਹੌਂਸਲਾ ਵਧਾਉਦਿਆਂ ਕਿਹਾ ਕਿ ਕਰਮਾਂ ਵਾਲਿਆਂ ਨੂੰ ਹੀ ਪਰਮਾਤਮਾ ਬੇਟੀਆਂ ਦਿੰਦਾ ਹੈ ਅਤੇ ਬੇਟੀਆਂ ਨੇ ਆਪਣੇ ਉੱਦਮ ਸਦਕਾ ਸਦਾ ਪਰਿਵਾਰ ਦਾ ਮਾਣ ਵਧਾਇਆ ਹੈ ਅਤੇ ਕਈ ਘਰ ਤਾਰੇ ਹਨ।ਖੇਡ ਦਿਵਸ ਦੌਰਾਨ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਕਮੈਂਟਰੀ ਅਤੇ ਮੰਚ ਸੰਚਾਲਨ ਸਹਾਇਕ ਪ੍ਰੋਫ਼ੈਸਰ ਕਵਿਤਾ, ਬੀ.ਐਡ. ਕਾਲਜ, ਮੈਡਮ ਗੁਰਮੀਤ ਗੀਤਾ, ਸੰਗੀਤ ਵਿਭਾਗ ਅਤੇ ਮੈਡਮ ਗੁਰਜੀਤ ਕੌਰ ਉੱਪ ਪ੍ਰਿੰਸੀਪਲ ਡਿਗਰੀ ਕਾਲਜ ਨੇ ਕੀਤਾ।ਝੰਡਾ ਉਤਾਰਨ ਦੀ ਰਸਮ ਅਤੇ ਰਾਸ਼ਟਰੀ ਗੀਤ ਨਾਲ ਖੇਡ ਦਿਵਸ ਸੰਪੂਰਨ ਹੋਇਆ। ਇਸ ਸਮੇਂ ਸੀਨੀਅਰ ਸੈਕੰਡਰੀ ਸਕੂਲ ਦੇ ਉੱਪ-ਪ੍ਰਿੰਸੀਪਲ ਮੈਡਮ ਜਸਮੇਲ ਕੌਰ, ਬੀ.ਐੱਡ. ਕਾਲਜ ਦੇ ਉੱਪ-ਪਿ੍ਰੰਸੀਪਲ ਮੈਡਮ ਸ਼ਮਿੰਦਰ ਨੇ ਵੀ ਖੇਡ ਦਿਵਸ ਦਾ ਮਾਣ ਵਧਾਇਆ

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ