ਪੁਲਿਸ ਨੇ ਘੇਰਿਆ ਪਿੰਡ ,ਐੱਸ ਐੱਸ ਪੀ ਦੀ ਅਗਵਾਈ ’ਚ ਤਲਾਸ਼ੀ ਅਭਿਆਨ ਦੌਰਾਨ 15 ਸ਼ੱਕੀ ਵਾਹਨ ਕਬਜ਼ੇ ’ਚ ਲਏ

ਧਰਮਕੋਟ ,14 ਫਰਵਰੀ (ਸਤਨਾਮ ਸਿੰਘ ਘਾਰੂ/ਜਸ਼ਨ)- ਅੱਜ ਮੋਗਾ ਜ਼ਿਲੇ ਦੀ ਤਹਿਸੀਲ ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾਂ ’ਚ ਮੋਗਾ ਪੁਲਿਸ ਵੱਲੋਂ ਜ਼ਿਲਾ ਪੁਲਿਸ ਮੁਖੀ ਰਾਜਜੀਤ ਸਿੰਘ ਦੀ ਅਗਵਾਈ ਵਿਚ ਨਸ਼ਾ ਤਸਕਰਾਂ ਖਿਲਾਫ਼ ਵਿਸ਼ੇਸ਼ ਤਲਾਸ਼ੀ ਅਭਿਆਨ ਦੌਰਾਨ ਪੁਲਿਸ ਨੇ ਸ਼ੱਕ ਦੇ ਅਧਾਰ ’ਤੇ ਘਰਾਂ ਵਿਚ ਖੜੇ 11 ਮੋਟਰਸਾਈਕਲ ,ਤਿੰਨ ਸਕੂਟਰ ਅਤੇ ਇਕ ਸਕਾਰਪਿਓ ਗੱਡੀ ਕਬਜ਼ੇ ਵਿਚ ਲੈ ਲਈ । ਇਸ ਤਲਾਸ਼ੀ ਅਭਿਆਨ ਵਿਚ ਡੀ ਐਸ ਪੀ ਧਰਮਕੋਟ ਅਜੇਰਾਜ ਸਿੰਘ ਨਾਹਲ, ਐਸ ਐਚ ਓ ਧਰਮਕੋਟ ਜਤਿੰਦਰ ਸਿੰਘ, ਐਸ ਐਚ ਓ ਪਲਵਿੰਦਰ ਸਿੰਘ ਤੋਂ ਇਲਾਵਾ ਭਾਰੀ 150 ਦੇ ਕਰੀਬ ਪੁਲਿਸਕਰਮੀ ਸ਼ਾਮਲ ਸਨ। ਡੀ ਐੱਸ ਪੀ ਅਜੇ ਰਾਜ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਕ ਕਰਦਿਆਂ ਦੱਸਿਆ ਕਿ ਕਬਜ਼ੇ ਵਿਚ ਲਏ ਵਾਹਨ  ਬਿਨਾ ਦਸਤਵੇਜ਼ਾਂ ਦੇ ਹਨ ਜਿਹਨਾਂ ਬਾਰੇ ਪੁਲਿਸ ਨੂੰ ਸ਼ੱਕ ਹੈ ਕਿ ਇਹ ਚੋਰੀ ਕੀਤੇ ਵਾਹਨ ਹੋ ਸਕਦੇ ਹਨ । ਉਹਨਾਂ ਕਿਹਾ ਕਿ ਜਿਹਨਾਂ ਘਰਾਂ ਵਿਚੋਂ ਵਾਹਨ ਬਰਾਮਦ ਹੋਏ ਹਨ ਉਹਨਾਂ ਘਰਾਂ ਦੇ ਮਾਲਕਾਂ ਨੂੰ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਵਾਹਨਾਂ ਦੇ ਅਸਲ ਮਾਲਕਾਂ ਬਾਰੇ ਪਤਾ ਲਗਾਇਆ ਜਾ ਸਕੇ। ਇਹ ਵੀ ਵਰਣਨਯੋਗ ਹੈ ਕਿ ਮੋਗਾ ਜ਼ਿਲੇ ਦੇ ਦੋ ਪਿੰਡ ਨੂਰਪੁਰ ਹਕੀਮਾਂ ਅਤੇ ਦੌਲੇਵਾਲਾ ਮਾਇਰ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਕਾਰਨ ਸੁਰਖੀਆਂ ਵਿਚ ਰਹਿੰਦੇ ਹਨ ਅਤੇ ਪਿਛਲੇ ਸਾਲ ਪੁਲਿਸ ਵੱਲੋਂ ਨਸ਼ਾਖੋਰੀ ਖਿਲਾਫ਼ ਚਲਾਈ ਮੁਹਿੰਮ ਦੀ ਆਰੰਭਤਾ ਮੌਕੇ ਡੀ ਜੀ ਪੀ ਪੰਜਾਬ ਵੱਲੋਂ ਇਹਨਾਂ ਪਿੰਡਾਂ ਵਿਚ ਵਿਸ਼ੇਸ਼ ਪ੍ਰੋਗਰਾਮ ਕਰਕੇ ਨੌਜਵਾਨਾਂ ਨੂੰ ਮੁੱਖਧਾਰਾ ਵਿਚ ਆਉਣ ਲਈ ਪ੍ਰੇਰਿਤ ਕੀਤਾ ਗਿਆ ਸੀ। ਅੱਜ ਪੁਲਿਸ ਵੱਲੋਂ 150 ਦੇ ਕਰੀਬ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੁਰੱਖਿਆ ਦਸਤਿਆਂ ਨੇ ਸਮੁੱਚੇ ਪਿੰਡ ਨੂੰ ਘੇਰ ਕੇ ਇਹ ਤਲਾਸ਼ੀ ਅਭਿਆਨ ਚਲਾਇਆ ਪਰ ਵਾਹਨਾਂ ਨੂੰ ਜ਼ਬਤ ਕਰਨ ਤੋਂ ਬਗੈਰ ਪੁਲਿਸ ਨੂੰ ਕਿਸੇ ਵੀ ਕਿਸਮ ਦੀ ਨਸ਼ੀਲੀ ਵਸਤੂ ਬਰਾਮਦ ਨਹੀਂ ਹੋਈ ।  ਅੱਜ ਬਰਾਮਦ ਹੋਏ ਵਾਹਨਾਂ ਵਿਚ ਪੰਜ ਹੀਰੋ ਹਾਂਡਾ ਮੋਟਰਸਾਈਕਲ,ਦੋ ਪਲਸਰ ਮੋਟਰਸਾਈਕਲ,ਦੋ ਬਜਾਜ ਪਲਟੀਨਾ ਮੋਟਰਸਾਈਕਲ ,ਦੋ ਡਿਸਕਵਰ ਮੋਟਰਸਾਈਕਲ ਅਤੇ ਤਿੰਨ ਬਜਾਜ ਚੇਤਕ ਸਕੂਟਰ ਬਰਾਮਦ ਹੋਏ ਹਨ ਜਿਹਨਾਂ ਵਿਚੋਂ ਛੇ ਵਾਹਨ ਬਿਨਾ ਨੰਬਰ ਪਲੇਟ ਦੇ ਹਨ । ਇਹ ਵੀ ਇਤਫ਼ਾਕ ਹੀ ਹੈ ਕਿ ਪਿਛਲੇ ਦਿਨੀਂ ਬਾਘਾਪੁਰਾਣਾ ਵਿਖੇ ਮਹੰਤਾਂ ਵਾਲੇ ਮੁਹੱਲੇ ਵਿਚ ਵੀ ਪੁਲਿਸ ਨੂੰ ਤਲਾਸ਼ੀ ਅਭਿਆਨ ਦੌਰਾਨ ਕੋਈ ਨਸ਼ੀਲੀ ਵਸਤੂ ਪ੍ਰਾਪਤ ਨਹੀਂ ਸੀ ਹੋਈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਾਂ ਤਾਂ ਨਸ਼ਾ ਤਸਕਰੀ ਨੂੰ ਠੱਲ ਪਈ ਹੈ ਤੇ ਜਾਂ ਫਿਰ ਤਸਕਰਾਂ ਨੇ ਆਪਣੇ ਅੱਡੇ ਬਦਲਦਿਆਂ ਤਸਕਰੀ ਦਾ ਕੋਈ ਵੱਖਰਾ ਰੁੱਖ ਅਖਤਿਆਰ ਕਰ ਲਿਆ ਹੈ 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ