ਕੁਸ਼ਟ ਰੋਗ ਦਾ ਸੌ ਪ੍ਰਤੀਸ਼ਤ ਇਲਾਜ ਹੈ, ਇਸਦੀ ਜਾਂਚ ਤੇ ਇਲਾਜ ਹਰ ਸਿਹਤ ਕੇਂਦਰ ‘ਚ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਂਦਾ ਹੈ-ਡਾ: ਜਗਰੂਪ ਸਿੰਘ

ਮੋਗਾ 13 ਫ਼ਰਵਰੀ (ਜਸ਼ਨ)-ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਹੁਕਮਾਂ ਤਹਿਤ ਪੂਰੇ ਪੰਜਾਬ ਅੰਦਰ ਸਪਰਸ਼ ਕੁਸ਼ਟ ਰੋਗ ਪੰਦਰਵਾੜਾ ਮਨਾਇਆ ਗਿਆ। ਇਸੇ ਕੜੀ ਤਹਿਤ ਸਪਰਸ਼ ਕੁਸ਼ਟ ਰੋਗ ਪੰਦਰਵਾੜੇੇ ਦੇ ਅੰਤਿਮ ਦਿਨ ਅੱਜ ਜ਼ਿਲਾ ਮੋਗਾ ਅੰਦਰ ਵੀ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਬਲਾਕ ਢੁੱਡੀਕੇ ਦੇ ਪਿੰਡ ਬੁੱਘੀਪੁਰਾ ‘ਚ ਭਾਈ ਮੰਗਲ ਸਿੰਘ ਨਰਸਿੰਗ ਕਾਲਜ ਤੇ ਬੀ.ਐਡ ਕਾਲਜ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ ਅਤੇ ਵਿਸ਼ੇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਸਿਵਲ ਹਸਪਤਾਲ ਦੇ ਜ਼ਿਲਾ ਲੈਪਰੋਸੀ ਇੰਚਾਰਜ ਡਾ: ਜਗਰੂਪ ਸਿੰਘ ਚਮੜੀ ਰੋਗਾਂ ਦੇ ਮਾਹਿਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੋਗਾ ਜ਼ਿਲੇ ਵਿੱਚ ਕੁੱਲ 15 ਦੇ ਕਰੀਬ ਕੁਸ਼ਟ ਰੋਗੀਆਂ ਦੀ ਜਾਂਚ ਹੋ ਚੁੱਕੀ ਹੈ, ਜਿਨਾਂ ਦਾ ਇਲਾਜ ਸਿਹਤ ਵਿਭਾਗ ਵੱਲੋਂ ਮੁਫ਼ਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਨਾਂ ਵਿੱਚੋਂ 11 ਪੰਜਾਬੀ ਅਤੇ 4 ਪ੍ਰਵਾਸੀ ਮਜ਼ਦੂਰ ਹਨ। ਉਨਾਂ ਕਿਹਾ ਕਿ ਕੁਸ਼ਟ ਰੋਗ ਦੀ ਜਾਂਚ ਅਤੇ ਇਲਾਜ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਚਮੜੀ ‘ਤੇ ਹਲਕੇ ਤਾਂਬੇ ਰੰਗੇ ਸੁੰਨ ਧੱਬੇ ਕੁਸ਼ਟ ਰੋਗ ਦੀ ਨਿਸ਼ਾਨੀ ਹਨ। ਸੁੰਨਾਪਨ ਚਮੜੀ ਦੇ ਹੇਠਾਂ ਦੀਆਂ ਨਸਾਂ ਦੀ ਖਰਾਬੀ ਕਾਰਨ ਹੁੰਦਾ ਹੈ, ਜੋ ਇਸ ਬਿਮਾਰੀ ਕਾਰਨ ਮੋਟੀਆਂ ਅਤੇ ਸਖਤ ਹੋ ਜਾਂਦੀਆਂ ਹਨ। ਉਨਾਂ ਦੱਸਿਆ ਕਿ ਕੁਸ਼ਟ ਰੋਗ ਤੋਂ ਪ੍ਰਭਾਵਿਤ ਹਿੱਸੇ ‘ਤੇ ਮਰੀਜ਼ ਨੂੰ ਠੰਡੇ-ਗਰਮ ਅਤੇ ਕਿਸੇ ਵੀ ਤਰਾਂ ਦੀ ਸੱਟ ਲੱਗਣ ਦਾ ਪਤਾ ਨਹੀਂ ਲੱਗਦਾ, ਜਿਸ ਕਾਰਨ ਸਰੀਰ ਦੀ ਕਰੂਪਤਾ ਜਾਂ ਅੰਗਹੀਣਤਾ ਹੋ ਜਾਂਦੀ ਹੈ। ਉਨਾਂ ਦੱਸਿਆ ਕਿ ਨਸਾਂ ਦੀ ਖਰਾਬੀ ਕਾਰਨ ਮਾਸ-ਪੇਸ਼ੀਆਂ ਵੀ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ, ਜਿਸ ਕਾਰਣ ਸਰੀਰ  ਦੇ ਅੰਗ ਮੁੜ ਜਾਂਦੇ ਹਨ। ਉਨਾਂ ਦੱਸਿਆ ਕਿ ਬਹੁ ਔਸ਼ਧੀ ਇਲਾਜ ਐਮ.ਡੀ.ਟੀ ਕੁਸ਼ਟ ਰੋਗ ਦਾ ਸੌ ਪ੍ਰਤੀਸ਼ਤ ਇਲਾਜ ਹੈ ਅਤੇ ਇਹ ਇਲਾਜ ਹਰ ਸਿਹਤ ਕੇਂਦਰ ‘ਚ ਸਰਕਾਰ ਵੱਲੋਂ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਕਿ੍ਰਸ਼ਨਾ ਸ਼ਰਮਾ ਸੂਚਨਾ ਅਫਸਰ ਨੇ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਜ਼ਿਲੇ ਅੰਦਰ ਜਾਗਰੂਕਤਾ ਰੈਲੀਆਂ ਅਤੇ ਵੱਖ-ਵੱਖ ਥਾਵਾਂ ‘ਤੇ ਸੈਮੀਨਾਰ ਲਗਾਏ ਗਏ ਅਤੇ ਲੋਕਾਂ ਨੂੰ ਪੈਫ਼ਲਿਟਾਂ ਰਾਹੀਂ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਕੌਰ ਨਾਨ ਮੈਡੀਕਲ ਸੁਪਰਵਾਈਜ਼ਰ, ਅੰਮਿ੍ਰਤ , ਮੈਡਮ ਸੋਨੀਆ ਪਿ੍ਰੰਸੀਪਲ ਬੀ.ਐਡ ਕਾਲਜ ਅਤੇ ਅਮਨਪ੍ਰੀਤ ਕੌਰ ਪਿ੍ਰੰਸੀਪਲ ਬਾਬਾ ਮੰਗਲ ਸਿੰਘ ਨਰਸਿੰਗ ਕਾਲਜ ਬੁਘੀਪੁਰਾ ਤੋਂ ਇਲਾਵਾ ਕਾਲਜ ਦਾ ਹੋਰ ਸਟਾਫ਼ ਵੀ ਹਾਜ਼ਰ ਸੀ।