ਬੀਤੀ ਸ਼ਾਮ ਵਾਵਰੌਲੇ ਕਾਰਨ ਆਏ ਤੂਫ਼ਾਨ ਨੇ ਲੋਕਾਂ ਦਾ ਕੀਤਾ ਭਾਰੀ ਮਾਲੀ ਨੁਕਸਾਨ ਕੀਤਾ

ਮੋਗਾ/ਫਤਿਹਗੜ ਪੰਜਤੂਰ,13 ਫਰਵਰੀ (ਜਸ਼ਨ)- ਬੀਤੀ ਸ਼ਾਮ ਮੋਗਾ ਦੇ ਕਸਬੇ ਫਤਿਹਗੜ ਪੰਜਤੂਰ ਅਤੇ ਲਾਗਲੇ ਪਿੰਡਾਂ ਵਿਚ ਵਾਵਰੌਲੇ ਨਾਲ ਆਏ ਭਿਆਨਕ ਤੁਫ਼ਾਨ ਕਾਰਨ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ।  ਇਸ ਤੁਫ਼ਾਨ ਤੋਂ ਬਾਅਦ ਲੋਕਾਂ ਵਿਚ ਡਰ  ਦੀ ਭਾਵਨਾ ਪਾਈ ਜਾ ਰਹੀ ਹੈ ਕਿਉਂਕਿ ਕੁੱਝ ਸਕਿੰਟਾਂ ਦੇ ਤੂਫਾਨ ਨੇ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਕੀਤਾ। ਪ੍ਰਤੱਖ ਦਰਸ਼ੀਆਂ ਮੁਤਾਬਕ ਸੜਕਾਂ ‘ਤੇ ਜਾ ਰਹੇ ਵਾਹਨ ਚਾਲਕਾਂ ਨੇ ਆਪਣੇ ਆਪਣੇ ਵਾਹਨਾਂ ‘ਚੋਂ ਉਤਰ ਕੇ ਜਾਨ ਬਚਾਈ । ਇਹ ਤੁਫ਼ਾਨ ਵਾਵਰੌਲੇ ਦੇ ਰੂਪ ਵਿਚ ਸੀ ਅਤੇ ਇਹ ਵਾਵਰੌਲਾ ਵੱਖ ਵੱਖ ਪਿੰਡਾਂ ਵਿਚੋਂ ਲੰਘਦਿਆਂ ਨੁਕਸਾਨ ਦਾ ਕਾਰਨ ਬਣਿਆ । ਇਸ ਤੁਫ਼ਾਨ ਨਾਲ ਸਮੁੱਚੇ ਪਿੰਡਾਂ ਜਾਂ ਆਲੇ ਦੁਆਲੇ ਤੁਫ਼ਾਨ ਦਾ ਕੋਈ ਵੀ ਪ੍ਰਭਾਵ ਨਹੀਂ ਸੀ ਪਰ ਵਾਵਰੌਲੇ ਦੇ ਰਸਤੇ ਵਿਚ ਆਉਣ ਵਾਲੇ ਦਰਖ਼ਤ ,ਇਮਾਰਤਾਂ ਅਤੇ ਵਾਹਨ ਬੁਰੀ ਤਰਾਂ ਨੁਕਸਾਨੇ ਗਏ ।

ਵਾਵਰੌਲੇ ਇੰਨਾ ਸ਼ਕਤੀਸ਼ਾਲੀ ਸੀ ਕਿ ਮਕਾਨਾਂ ਦੀਆਂ ਕੰਧਾਂ ਢਹਿ ਗਈਆਂ ,ਛੱਤਾਂ ਉੱਡ ਗਈਆਂ ,ਪਾਣੀ ਦੀਆਂ ਟੈਂਕੀਆਂ ਡਿੱਗ ਪਈਆਂ ਅਤੇ ਘਰਾਂ ਵਿਚ ਜਾਂ ਖੇਤਾਂ ਵਿਚ ਖੜੇ ਵਾਹਨ ਉਲਟ ਗਏ । ਕਾਂਗਰਸ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਖੰਬੇ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੁਫ਼ਾਨ ਦਾ ਇਕ ਵਿਸ਼ੇਸ਼ ਦਿਸ਼ਾ ਵੱਲ ਰੁੱਖ ਸੀ ਜਿਸ ਨਾਲ ਪਿੰਡ ਫਤਿਹਗੜ ਪੰਜਤੂਰ, ਬਹਾਦਰ ਵਾਲਾ ਦੇ ਵਾਸੀ ਬੁਰੀ ਤਰਾਂ ਪ੍ਰਭਾਵਿਤ ਹੋਏ। ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ਿਲੇ ਦੀ ਤਹਿਸੀਲ ਜ਼ੀਰਾ ਲਾਗਲੇ ਪਿੰਡ ਸੇਖਵਾਂ ਵਿਚ ਵੀ ਤੁਫ਼ਾਨ ਨੇ ਕਹਿਰ ਮਚਾਇਆ ਜਿਸ ਕਾਰਨ ਕਈ ਵਿਅਕਤੀ ਜ਼ਖਮੀ ਹੋ ਗਏ । ਖੁਸ਼ਕਿਸਮਤੀ ਇਹ ਰਹੀ ਕਿ ਇਸ ਤੁਫ਼ਾਨ ਨਾਲ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਕਿਸਾਨ ਸੈੱਲ ਪੰਜਾਬ ਦੇ ਉੱਪ ਚੇਅਰਮੈਨ ਜਸਪਾਲ ਸਿੰਘ ਪੰਨੂੰ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਸਮੇਂ ਦੇ ਇਸ ਤੁਫ਼ਾਨ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋਇਆ । ਉਹਨਾਂ ਦੱਸਿਆ ਕਿ ਤੁਫ਼ਾਨ ਤੋਂ ਬਾਅਦ ਉਹ ਖੁਦ ਪਿੰਡ ਸੇਖਵਾਂ ਵਿਖੇ ਪੁੱਜੇ ਜਿੱਥੇ ਉਹਨਾਂ ਪੀੜਤ ਵਿਅਕਤੀਆਂ ਨਾਲ ਸੰਪਰਕ ਕੀਤਾ । ਉਹਨਾਂ ਦੱਸਿਆ ਕਿ ਕਈ ਲੋਕਾਂ ਨੂੰ ਅਚਾਨਕ ਆਏ ਇਸ ਤੁਫ਼ਾਨ ਕਾਰਨ ਸੰਭਲਣ ਦਾ ਮੌਕਾ ਨਹੀਂ ਮਿਲਿਆ ਜਿਸ ਕਾਰਨ ਉਹਨਾਂ ਨੂੰ ਕਾਫ਼ੀ ਸੱਟਾ ਲੱਗੀਆਂ ਹਨ ।