ਚੰਨੀ ਵਲੋਂ ਸਰਕਾਰੀ ਅਤੇ ਪ੍ਰਾਈਵੇਟ ਤਕਨੀਕੀ ਸਿੱਖਿਆ ਸੰਸਥਾਵਾਂ ਦਾ ਅਕਾਦਮਿਕ ਅਤੇ ਪ੍ਰਬੰਧਕੀ ਆਡਿਟ ਕਰਵਾਉਣ ਦੇ ਆਦੇਸ਼

ਚੰਡੀਗੜ, 12 ਫਰਵਰੀ (ਪੱਤਰ ਪਰੇਰਕ): ਪੰਜਾਬ ਸਰਕਾਰ ਵਲੋਂ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਤਕਨੀਕੀ ਸਿੱਖਿਆ ਮੁਹੱਈਆ ਕਰਵਾਉਣ ਲਈ ਵਿਭਾਗ ਦੇ ਕੰਮ ਕਾਜ ਵਿਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ।ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਵਿਭਾਗ ਦੇ ਅੀਧਕਾਰੀਆਂ ਨਾਲ ਅੱਜ ਇੱਥੇ ਉਨਾਂ ਦੇ ਦਫਤਰ ਵਿਚ ਹੋਈ ਮੀਟਿੰਗ ਵਿਚ ਸੂਬੇ ਦੀਆਂ ਸਰਕਾਰੀ ਅਤੇ ਨਿੱਜੀ ਤਕਨੀਕੀ ਸਿੱਖਿਆ ਸੰਸਥਾਵਾਂ ਦਾ ਅਕਾਦਮਿਕ ਅਤੇ ਪ੍ਰਬੰਧਕੀ ਆਡਿਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਵਿਚ ਲਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਤਕਨੀਕੀ ਸਿੱਖਿਆ ਦੇ ਮਿਆਰ ਵਿਚ ਵੱਡੇ ਸੁਧਾਰ ਕਰਨ ਲਈ ਵਿਭਾਗ ਵਲੋਂ ਕੁੱਝ ਸਖਤ ਫੈਸਲੇ ਲਏ ਜਾ ਰਹੇ ਹਨ।ਉਨਾਂ ਕਿਹਾ ਕਿ ਸੂਬੇ ਦੇ ਅਦਾਰਿਆਂ ਵਲੋਂ ਦਿੱਤੀ ਜਾਂਦੀ ਤਕਨੀਕੀ ਸਿਖਿਆ ਵਿਚ ਉਦਯੋਗਾਂ ਦੀ ਭਰੋਸੇਯੋਗਤਾ ਵਧਾਉਣ ਲਈ ਇਹ ਕਦਮ ਉਠਾਏ ਜਾ ਰਹੇ ਹਨ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉਦਯੋਗ ਆਪ ਮੁਹਾਰੀ ਨੌਕਰੀਆਂ ਮੁਹੱਈਆ ਕਰਵਾਉਣ ਲਈ ਅੱਗੇ ਆਉਣ। ਸ. ਚੰਨੀ ਨੇ ਦੱਸਿਆ ਕਿ ਅੱਜ ਲਏ ਗਏ ਫੈਸਲੇ ਅਨੁਸਾਰ ਸਰਕਾਰੀ ਅਤੇ ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਬਹੁ ਤਕਨੀਕੀ ਕਾਲਜਾਂ ਦਾ ਅਕਾਦਮਿਕ ਅਤੇ ਪ੍ਰਬੰਧਕੀ ਆਡਿਟ ਕਰਵਾਇਆ ਜਾਵੇਗਾ।ਇਹ ਆਡਿਟ ਸਰਕਾਰੀ ਅਧਿਕਾਰੀਆਂ ਦੀਆਂ ਟੀਮਾਂ ਵਲੋਂ ਕੀਤਾ ਜਾਵੇਗਾ।ਜਿਸ ਵਲੋਂ 31 ਮਾਰਚ ਤੱਕ ਆਪਣੀ ਰਿਪੋਰਟ ਸੌਨਪੀ ਜਾਵੇਗੀ। ਜਿਹੜੇ ਅਦਾਰਿਆਂ ਵਿਚ ਖਾਮੀਆਂ ਪਾਈਆਂ ਜਾਣਗੀਆਂ ਉਨਾਂ ਨੂੰ 15 ਦਿਨ ਦਾ ਸਮਾਂ ਖਾਮੀਆਂ ਦੂਰ ਕਰਨ ਲਈ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਇਹ ਸਾਰਾ ਕੰਮ 31 ਮਈ ਤੱਕ ਮੁਕੰਮਲ ਕਰ ਲਿਆ ਜਾਵੇਗਾ।ਉਨਾਂ ਕਿਹਾ ਕਿ ਜੇਕਰ ਫਿਰ ਵੀ ਸਰਕਾਰੀ ਜਾਂ ਨਿੱਜੀ ਅਦਾਰਿਆਂ ਵਲੋਂ ਆਪਣੇ ਕੰਮ ਕਾਜ ਵਿਚ ਤੈਅ ਸ਼ਰਤਾਂ ਅਨੁਸਾਰ ਸੁਧਾਰ ਨਾ ਕੀਤਾ ਗਿਆ ਤਾਂ ਉਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਤਕਨੀਕੀ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸੇ ਸਾਲ ਤੋਂ ਸਰਕਾਰੀ ਅਤੇ ਪ੍ਰਾਈਵੇਟ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਇਮਤਿਹਾਨਾਂ ਦੀ ਨਿਗਰਾਨੀ ਸੀ.ਸੀ.ਟੀ.ਵੀ ਕੈਮਰੇ ਅਧੀਨ ਆਨਲਾਈਨ ਬੋਰਡ ਵਲੋਂ ਯਕੀਨੀ ਬਣਾਈ ਜਾਵੇਗੀ। ਉਨਾਂ ਕਿਹਾ ਕਿ ਅਜਿਹਾ ਨਕਲ ਰੋਕਣ ਲਈ ਕੀਤਾ ਜਾ ਰਿਹਾ ਹੈ। ਉਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਇਸ ਸਿਸਟਮ ਨੂੰ ਹਰ ਹਾਲ ਵਿਚ ਇਸੇ ਸਾਲ ਹੋਣ ਵਾਲੇ ਇਮਤਿਹਾਨਾਂ ਤੋਂ ਪਹਿਲਾਂ ਹੋਂਦ ਵਿਚ ਲਿਆਂਦਾ ਜਾਵੇ।ਉਨਾਂ ਨਾਲ ਹੀ ਕਿਹਾ ਕਿ ਜੇਕਰ ਕੋਈ ਅਦਾਰਾ ਇਸ ਸਿਸਟਮ ਨੂੰ ਲਾਗੂ ਨਹੀਂ ਕਰਦਾ ਤਾਂ ਉਸ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ। ਇਸ ਮੌਕੇ ਤਕਨੀਕੀ ਸਿੱਖਿਆ ਬੋਰਡ ਦੇ ਸਕੱਤਰ ਸ੍ਰੀ ਚੰਦਰ ਗੈਂਦ, ਤਕਨੀਕੀ ਸਿੱਖਆ ਵਿਭਾਗ ਦੇ ਵਧੀਕ ਡਾਇਰੈਕਟਰ ਮੋਹਨਬੀਰ ਸਿੰਘ, ਵਧੀਕ ਡਾਇਰੈਕਟਰ ਦਲਜੀਤ ਕੌਰ, ਵਧੀਕ ਡਾਇਰੈਕਟਰ ਐਸ. ਪੀ ਸਿੰਘ, ਡਿਪਟੀ ਡਾਇਰੈਕਟਰ ਪ੍ਰਬੰਧ ਮਿਸ ਦਮਨਦੀਪ ਕੌਰ, ਤਕਨੀਕੀ ਸਿੱਖਿਆ ਬੋਰਡ ਦੇ ਰਜਿਸ਼ਟਰਾਰ ਸ੍ਰੀ ਰਾਜੀਵ ਪੁਰੀ, ਕੰਟਰੋਲਰ ਸ੍ਰੀ ਜੇ ਐਸ ਕੰਗ ਅਤੇ ਡਾਇਰੈਕਟਰ ਅਕਾਦਮਿਕ ਸ੍ਰੀ ਬਲਰਾਜ ਸਿੰਘ ਹਾਜ਼ਿਰ ਸਨ।