ਏਸ਼ੀਅਨ-ਅਫਰੀਕੀ ਦੇਸ਼ਾਂ ਦੇ ਵਫਦ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ

ਚੰਡੀਗੜ, 12 ਫਰਵਰੀ: (ਪੱਤਰ ਪਰੇਰਕ)-30 ਦੇਸ਼ਾਂ ਤੋਂ ਆਏ (ਅਫਗਾਨਿਸਤਾਨ, ਜਮਾਇਕਾ, ਕੀਨੀਆ, ਮੌਰੀਸ਼ੀਅਸ ਅਤੇ ਹੋਰ ਏਸ਼ੀਅਨ ਅਤੇ ਅਫਰੀਕੀ ਦੇਸ਼) ਇਕ 50 ਮੈਂਬਰੀ ਵਫਦ ਨੇ ਅੱਜ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ। ਤਿੰਨ ਦਿਨਾਂ ਦੌਰੇ ਦੇ ਪਹਿਲੇ ਦਿਨ ਇਸ ਵਫਦ ਨੇ ਪੰਜਾਬ ਵਿਧਾਨ ਸਭਾ ਵਿਖੇ ਆਪਸੀ ਸੰਵਾਦ ਦੌਰਾਨ ਵਿਧਾਨਕ ਕੰਮ-ਕਾਰ ਬਾਰੇ ਕਾਫੀ ਜਾਣਕਾਰੀ ਇਕੱਤਰ ਕੀਤੀ। ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿਚ ਬਹੁਤ ਸਾਰੇ ਵਿਧਾਨਕ ਮੁੱਦੇ ਵਿਚਾਰੇ ਗਏ। ਪੰਜਾਬ ਦੇ ਮਾਹਿਰਾਂ ਵੱਲੋਂ ਵਫਦ ਦੇ ਸਾਰੇ ਸਵਾਲਾਂ ਦਾ ਵਿਸਥਾਰ ਵਿਚ ਜਵਾਬ ਦਿੱਤਾ ਗਿਆ। ਤਿੰਨ ਦਿਨਾਂ ਇਸ ਪ੍ਰੋਗਰਾਮ ਦਾ ਪ੍ਰਬੰਧ ਲੋਕ ਸਭਾ ਦੇ ਪਾਰਲੀਮੈਂਟਰੀ ਸਟੱਡੀਜ਼ ਅਤੇ ਸਿਖਲਾਈ ਬਿਊਰੋ ਵੱਲੋਂ ਕੀਤਾ ਜਾ ਰਿਹਾ ਹੈ। ਉਨਾਂ ਅੱਗੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਗੈਰਹਾਜ਼ਰੀ ਵਿਚ ਇਸ ਮੀਟਿੰਗ ਦੀ ਪ੍ਰਧਾਨਗੀ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕੀਤੀ। ਮੀਟਿੰਗ ਵਿੱਚ ਵਿਧਾਇਕ ਸੋਮ ਪ੍ਰਕਾਸ਼, ਪੰਜਾਬ ਦੇ ਕਾਨੂੰਨੀ ਮਸ਼ੀਰ ਨਰਿੰਦਰ ਚੌਧਰੀ ਅਤੇ ਸਪੀਕਰ ਦੇ ਸਕੱਤਰ ਰਾਮ ਲੋਕ ਵੀ ਹਾਜ਼ਰ ਸਨ। ਇਸ ਤੋਂ ਬਾਅਦ ਵਫਦ ਨੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ) ਵਿਖੇ ਇਕ ਸੰਖੇਪ ਸੈਸ਼ਨ ’ਚ ਹਿੱਸਾ ਲਿਆ ਅਤੇ ਬਾਅਦ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਇਕ ਰਸਮੀ ਮੀਟਿੰਗ ਕੀਤੀ, ਜਿਸ ਦੀ ਪ੍ਰਧਾਨਗੀ ਚੀਫ ਜਸਟਿਸ ਸ੍ਰੀ ਐਸ.ਜੇ. ਵਜ਼ੀਫਦਾਰ ਨੇ ਕੀਤੀ। ਇਸ ਮੌਕੇ ਜਸਟਿਸ ਸੂਰਯਾ ਕਾਂਤ, ਜਸਟਿਸ ਮਹੇਸ਼ ਗਰੋਵਰ, ਜਸਟਿਸ ਟੀ.ਪੀ.ਐਸ. ਮਾਨ, ਜਸਟਿਸ ਅਜੈ ਕੁਮਾਰ ਮਿੱਤਲ ਅਤੇ ਜਸਟਿਸ ਰਾਜੇਸ਼ ਬਿੰਦਲ ਵੀ ਮੌਜੂਦ ਸਨ। ਵਫ਼ਦ ਵੱਲੋਂ ਆਪਣੇ ਇਸ ਅਧਿਐਨ ਦੌਰੇ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਦਾ ਦੌਰਾ ਕਰਨ ਦੀ ਵੀ ਉਮੀਦ ਹੈ।