ਲੰਗੇਆਣਾ ਨਵਾਂ ਦੇ ਛੱਪੜ ‘ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਬਾਘਾਪੁਰਾਣਾ,11 ਫਰਵਰੀ (ਜਸਵੰਤ ਗਿੱਲ) ਪਿੰਡ ਲੰਗੇਆਣਾ ਨਵਾਂ ਵਿਖੇ ਉਸ ਸਮੇਂ ਸਹਿਮ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ ਜਦ ਪਿੰਡ ਦੇ ਕੁਝ ਲੋਕਾਂ ਨੇ ਛੱਪੜ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਤੈਰਦੀ ਹੋਈ ਦੇਖੀ।ਇਸ ਸਬੰਧੀ ਤੁਰੰਤ ਹੀ ਪਿੰਡ ਦੇ ਮੋਹਤਵਾਰ ਲੋਕਾਂ ਨੇ ਥਾਣਾ ਬਾਘਾਪੁਰਾਣਾ ਨੂੰ ਸੂਚਨਾ ਦੇ ਦਿੱਤੀ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਅਤੇ ਲਾਸ਼ ਦੀ ਸਨਾਖਤ ਲਈ ਉਸ ਨੂੰ ਬਾਘਾਪੁਰਾਣਾ ਦੇ ਸਿਵਲ ਹਸਪਤਾਲ ਵਿੱਚ 72 ਘੰਟਿਆ ਲਈ ਰੱਖ ਦਿੱਤਾ ਹੈ।ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਨੈਬ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਲੰਗੇਆਣਾ ਨਵਾਂ ਦੀ ਇੱਕ ਬਸਤੀ ਵਿੱਚ ਬਣੇ ਛੱਪੜ ਵਿੱਚ ਅੱਜ ਸਵੇਰੇ ਪਿੰਡ ਦੇ ਕੁਝ ਲੋਕਾਂ ਨੇ ਇੱਕ ਲਾਸ਼ ਤੈਰਦੀ ਹੋਈ ਦੇਖੀ ਅਤੇ ਇਸ ਸਬੰਧੀ ਥਾਣਾ ਬਾਘਾਪੁਰਾਣਾ ਨੂੰ ਸੂਚਨਾ ਦਿੱਤੀ ਗਈ,ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ ਸੁਖਦੀਪ ਸਿੰਘ ਬਾਘਾਪੁਰਾਣਾ ਅਤੇ ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਜੰਗਜੀਤ ਸਿੰਘ ਰੰਧਾਵਾ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ।ਸਹਾਇਕ ਥਾਣੇਦਾਰ ਨੇ ਦੱਸਿਆ ਕਿ ਲਾਸ਼ ਵਿੱਚੋਂ ਬਾਦਬੂ ਮਾਰ ਰਹੀ ਸੀ ਪਰ ਲਾਸ਼ ਜਿਆਦਾ ਪੁਰਾਣੀ ਨਹੀਂ ਹੈ ਅਤੇ ਮ੍ਰਿਤਕ ਵਿਅਕਤੀ ਦੀ ਉਮਰ 40-45 ਸਾਲ ਹੈ।ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਸਨਾਖਤ ਲਈ ਲਾਸ਼ ਨੂੰ ਸਿਵਲ ਹਸਪਤਾਲ ਬਾਘਾਪੁਰਾਣਾ ਵਿਖੇ 72 ਘੰਟਿਆ ਲਈ ਰੱਖਿਆ ਗਿਆ ਹੈ।ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੇ ਸਰੀਰ ਤੇ ਕਿਸੇ ਕਿਸਮ ਦੀ ਕੋਈ ਸੱਟ ਜਾਂ ਹੋਰ ਜਖਮ ਨਹੀਂ ਮਿਲਿਆ।ਜਿਸ ਤੋਂ ਪੁਲਿਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਜਾਂ ਫਿਰ ਪਿਸ਼ਾਬ ਕਰਦਾ ਛੱਪੜ ਵਿੱਚ ਡਿੱਗ ਪਿਆ ਹੋਵੇਗਾ।ਇਸ ਕਰਕੇ ਉਸ ਦੀ ਮੌਤ ਹੋ ਗਈ ਹੋਵੇਗੀ।ਉਨ੍ਹਾਂ ਦੱਸਿਆ ਕਿ ਵਿਅਕਤੀ ਦੀ ਸਨਾਖਤ ਤੋਂ ਬਾਅਦ ਦੀ ਅਗਲੀ ਕਾਰਵਾਈ ਕੀਤੀ ਜਾਵੇਗੀ।


