ਨਵ ਜੰਮੀ ਬੱਚੀ ਦੇ ਪਿਤਾ ਵੱਲੋਂ ਹਸਪਤਾਲ ਦੇ ਸਟਾਫ ਨਾਲ ਬਦਸਲੂਕੀ, ਗੁੱਸੇ ‘ਚ ਕੀਤੀ ਤੋੜਭੰਨ

ਫਿਰੋਜ਼ਪੁਰ,11 ਫਰਵਰੀ (pankaj kumar):-ਭਾਵੇ ਅੱਜ ਸਾਡੇ ਸਮਾਜ ਦੀ ਸੋਚ ਬਦਲ ਗਈ ਹੈ ਅਤੇ ਲੋਕ ਹੁਣ ਪਹਿਲਾ ਨਾਲੋਂ ਜਾਗਰੂਕ ਹੋ ਗਏ ਹਨ ਪ੍ਰੰਤੂ ਹਾਲੇ ਵੀ ਸਾਡੇ ਸਮਾਜ ਵਿਚ ਕੁਝ ਕੁ ਅਜਿਹੇ ਤੱਪਕੇ ਅਤੇ ਮਾੜੀ ਸੋਚ ਵਾਲੇ ਲੋਕ ਰਹਿੰਦੇ ਹਨ ਜਿਨਾਂ ਦੀ ਸੋਚ 21 ਵੀ ਸਦੀ ਵਿਚ ਆ ਕੇ ਵੀ ਨਹੀਂ ਬਦਲ ਸਕੀ ਹੈ । ਬੇਸ਼ੱਕ ਲੜਕੀਆਂ ਨੂੰ ਅੱਜ ਲੜਕੇ ਦੇ ਬਰਾਬਰ ਦਾ ਦਰਜਾ ਦਿੱਤੇ ਜਾਣ ਦੀ ਗੱਲਾਂ ਹੋ ਰਹੀਆਂ ਹਨ ਅਤੇ ਕੁਝ ਲੋਕ ਲੜਕੀਆਂ ਹੋਣ ਤੇ ਵੀ ਖੁਸ਼ੀਆ ਮਨਾਉਦੇ ਨੇ, ਲੇਕਿਨ ਕੁਝ ਲੋਕ ਹਾਲੇ ਵੀ ਇਹੋ ਜਿਹੇ ਨੇ ਜਿਹੜੇ ਲੜਕੇ ਦੀ ਚਾਹਤ ਵਿਚ ਕੁਝ ਨਾ ਕੁਝ ਗ਼ਲਤ ਕਦਮ ਚੁੱਕ ਹੀ ਲੈਂਦੇ ਹਨ ਫਿਰ ਇਸਨੂੰ ਭਾਵੇ ਮਾਨਸਿਕ ਤੌਰ ਤੇ ਪ੍ਰੇਸ਼ਾਨੀ ਵਿਚ ਚੁੱਕਿਆ ਕਦਮ ਸਮਝ ਲਵੋ ਆ ਫਿਰ ਤਹਿਸ਼ ‘ਚ ਆ ਕੇ ਚੁੱਕਿਆ ਕਦਮ ਸਮਝ ਲਵੋ । ਕੁਝ ਇਸੇ ਤਰਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਸਰਹੱਦੀ ਜ਼ਿਲਾ ਫਿਰੋਜ਼ਪੁਰ ਦੇ ਕਸਬਾ ਮਮਧੋਟ ਵਿਖੇ ਜਿਥੇ ਸਿਵਲ ਹਸਪਤਾਲ ਵਿਚ ਨਵ ਜੰਮੀ ਬੱਚੀ ਦੇ ਪਿਤਾ ਤੇ ਉਸਦੇ ਘਰ ਲੜਕੀ ਹੋਣ ਤੇ ਹਸਪਤਾਲ ਦੇ ਸਟਾਫ ਨਾਲ ਬਦਸਲੂਕੀ ਅਤੇ ਹਸਪਤਾਲ਼ ਵਿਚ ਤੋੜ-ਫੋੜ ਕਰਨ ਦੇ ਦੋਸ਼ ਲਗੇ ਨੇ। ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਧੋਟ ਦੇ ਸਿਵਲ ਹਸਪਤਾਲ ਦਾ ਹੈ ਜਿਥੇ ਮਮਧੋਟ ਨੇੜਲੇ ਪਿੰਡ ਜਮਾਂ ਰਥੀਆਂ ਹਿਠਾੜ ਦੇ ਰਹਿਣ ਵਾਲੇ ਚਰਨਜੀਤ ਸਿੰਘ ਨਾਂ ਦੇ ਵਿਅਕਤੀ ਨੇ ਸਿਵਲ ਹਸਪਤਾਲ ਵਿਖੇ ਬੀਤੀ ਰਾਤ ਆਪਣੀ ਗਰਭਵਤੀ ਪਤਨੀ ਨੂੰ ਦਾਖਲ ਕਰਵਾਇਆ ਜਿਥੇ ਕਿ ਉਨਾਂ ਦੇ ਘਰ ਇਕ ਲੜਕੀ ਨੇ ਜਨਮ ਲਿਆ ਜਿਸਦਾ ਪਤਾ ਲਗਣ ਤੇ ਉਸਨੇ ਹਸਪਤਾਲ ਵਿਚ ਡਿਊਟੀ ਤੇ ਮੌਜੂਦ ਸਟਾਫ਼ ਨਾਲ ਰਾਤ ਦੇ ਵਕਤ ਬਦਸਲੂਕੀ ਕਰਦਿਆਂ ਉਨਾਂ ਨੂੰ ਗਾਲਾਂ ਕੱਢੀਆਂ ਅਤੇ ਹਸਪਤਾਲ ਵਿਚ ਭੰਨਤੋੜ ਵੀ ਕੀਤੀ ਉਧਰ ਦੂਜੇ ਪਾਸੇ ਇਸ ਸਾਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹਸਪਤਾਲ ਵਿਚ ਡਿੳੂਟੀ ਤੇ ਮੌਜੂਦ ਸਟਾਫ ਨਰਸ ਦਾ ਕਹਿਣਾ ਸੀ ਕੇ ਨਵ ਜੰਮੀ ਬੱਚੀ ਦੇ ਜਨਮ ਤੋਂ ਬਾਅਦ ਉਸਦਾ ਪਿਤਾ ਉਨਾਂ ਦੇ ਕੋਲ ਆਇਆ ਜਿਸਨੇ ਕਾਫੀ ਮਾਤਰਾ ਵਿਚ ਸ਼ਰਾਬ ਪੀਤੀ ਹੋਈ ਸੀ । ਸ਼ਰਾਬ ਦੇ ਨਸ਼ੇ ਵਿਚ ਉਸ ਨੇ ਹਸਪਤਾਲ ਵਿਚ ਤੋੜਭੰਨ ਕੀਤੀ ਅਤੇ ਸਟਾਫ ਨਾਲ ਬਦਸਲੂਕੀ ਕਰਦਿਆਂ ਉਨਾਂ ਨੂੰ ਗਾਲ਼ਾਂ ਵੀ ਕੱਢੀਆਂ, ਜਿਸਦੀ ਸੂਚਨਾ ਪੁਲਿਸ ਨੂੰ ਦਿਤੀ ਗਈ ਲੇਕਿਨ ਉਹ ਪੁਲਿਸ ਦੇ ਆਉਣ ਤੋਂ ਪਹਿਲਾ ਹੀ ਹਸਪਤਾਲ ਵਿੱਚੋ ਫਰਾਰ ਹੋ ਗਿਆ ਉਧਰ ਹਸਪਤਾਲ ਵਿਚ ਆਪਣੀ ਨੂੰਹ ਕੋਲ ਬੈਠੀ ਚਰਨਜੀਤ ਦੀ ਮਾਂ ਨੂੰ ਜਦ ਇਸ ਘਟਨਾ ਸਬੰਧੀ ਪੁੱਛਿਆ ਗਿਆ ਤਾਂ ਉਸਨੇ ਪੂਰੀ ਗੱਲ ਪਤਾ ਨ ਹੋਣ ਦੀ ਗੱਲ ਆਖਦਿਆਂ ਕਿਹਾ ਕਿ ਉਸਦਾ ਪੁੱਤਰ ਦਿਮਾਗੀ ਤੌਂਰ ‘ਤੇ ਪ੍ਰੇਸ਼ਾਨ ਚਲ ਰਿਹਾ ਹੈ ਜਿਸ ਕਰਕੇ ਸ਼ਾਇਦ ਉਸਨੇ ਸ਼ੀਸ਼ਾ ਤੋੜ ਦਿਤਾ ਹੈ। ਇਕ ਪਾਸੇ ਤਾ ਸਾਡੇ ਸਮਾਜ ਵਿਚ ‘ਬੇਟੀ ਬਚਾਓ ਬੇਟੀ ਪੜਾਓ’ ਦੇ ਨਾਅਰੇ ਹੇਠ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਲੜਕੀਆਂ ਦੀ ਲੋਹੜੀ ਮਨਾਈ ਜਾ ਰਹੀ ਹੈੇ ਲੇਕਿਨ ਹਾਲੇ ਵੀ ਸਾਡੇ ਸਮਾਜ ਵਿਚ ਕੁਝ ਲੋਕ ਅਜਿਹੇ ਹਨ ਜਿਹੜੇ ਲੜਕੇ ਦੀ ਚਾਹਤ ਵਿਚ ਲੜਕੀਆਂ ਦੇ ਜਨਮ ਵੇਲੇ ਖੁਸ਼ੀਆ ਮਨਾਉਣ ਦੀ ਜਗਹ ਮਾਯੂਸ ਤੇ ਪ੍ਰੇਸ਼ਾਨ ਹੋ ਜਾਂਦੇ ਹਨ, ਜੋ ਕਿ ਇਸ ਮਾਮਲੇ ਵਿਚ ਵੀ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਹੈ । ਸੋ ਲੋੜ ਹੈ ਸਾਡੇ ਸਮਾਜ ਦੇ ਲੋਕਾਂ ਨੂੰ ਹੋਰ ਜਾਗਰੂਕ ਹੋਣ ਦੀ ਤਾਂ ਜੋ ਲੜਕੀ ਨੂੰ ਵੀ ਲੜਕੇ ਦੇ ਸਮਾਨ ਸਮਝ ਕੇ ਉਨਾਂ ਦੇ ਜਨਮ ਵੇਲੇ ਖੁਸ਼ੀਆਂ ਮਨਾਈਆਂ ਜਾਣ।


