ਕਿਸਾਨਾਂ ਵੱਲੋਂ ਬਜਟ ਵਿਰੋਧੀ ਅਰਥੀ ਫੂਕ ਮੁਜਾਹਰੇ

ਮੋਗਾ,11 ਫਰਫਰੀ (ਜਸ਼ਨ)-ਕੇਂਦਰੀ ਬਜਟ ਵਿਰੁੱਧ ਰੋਹ ’ਚ ਆਏ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਅੱਜ ਸੱਤਵੇ ਦਿਨ ਵੀ ਪੰਜਾਬ ਭਰ ’ਚ 44 ਥਾਂਵਾਂ ਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਫੂਕੀਆਂ। ਇਥੇ ਜਾਰੀ ਕੀਤੇ ਸੂਬਾਈ ਪ੍ਰੈਸ ਰਿਲੀਜ਼ ਰਾਂਹੀ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹਫਤਾ ਭਰ ਪਿੰਡ ਪਿੰਡ ਚੱਲਣ ਵਾਲੇ ਪ੍ਰੋਗਰਾਮਾਂ ਦੇ ਸੱਤਵੇ ਦਿਨ ਅੱਜ ਜ਼ਿਲਾ ਮੋਗਾ ’ਚ ਪਿੰਡ ਨਾਥੇਵਾਲਾ, ਪਿੰਡ ਖਾਈ ਅਤੇ ਜ਼ਿਲਾ ਫਰੀਦਕੋਟ ’ਚ ਪਿੰਡ ਨੰਗਲ, ਔਲਖ ,ਜ਼ਿਲਾ ਬਰਨਾਲਾ ’ਚ ਪਿੰਡ ਭੋਤਨਾ, ਭਦੌੜ, ਠੁੱਲੇਵਾਲ, ਕਰਮਗੜ, ਭੈਣੀ ਜੱਸਾ, ਬਦਰਾ, ਕਾਤਰੋ, ਚਾਂਗਲੀ, ਗੰਡੇਵਾਲ, ਜਵੰਧਾ, ਪਿੰਡੀ, ਪੰਡੋਰੀ, ਜ਼ਿਲਾ ਸੰਗਰੂਰ ’ਚ ਪਿੰਡ ਉਗਰਾਹਾਂ, ਦੌਲੇਵਾਲਾ, ਅਲੀਪੁਰ, ਖਟੜਾ, ਬੁਰਜ, ਲੱਡਾ, ਕਿਲਾਭਰੀਆਂ, ਦੇਹਲਾ, ਭਿੰਡਰਾਂ, ਜ਼ਿਲਾ ਬਠਿੰਡਾ ’ਚ ਪਿੰਡ ਚੱਕ ਫਤਿਹ ਸਿੰਘ ਵਾਲਾ, ਰਾਏਕੇ ਕਲਾਂ, ਸੂਚ, ਬਹਿਮਣ ਕੌਰ ਸਿੰਘ ਵਾਲਾ, ਸਲਾਬਤਪੁਰਾ, ਲਹਿਰਾਬੇਗਾ, ਜ਼ਿਲਾ ਅੰਮਿ੍ਰਤਸਰ ’ਚ ਚਵਿੰਡਾ ਕਲਾਂ, ਸੌੜੀਆਂ, ਚੱਕ ਸਿਕੰਦਰ, ਕੋਟ ਸਿੱਧੂ, ਜ਼ਿਲਾ ਪਟਿਆਲਾ ’ਚ ਘੱਗਾ, ਕਾਦਰਾਬਾਦ, ਜ਼ਿਲਾ ਫਾਜ਼ਿਲਕਾ ’ਚ ਭਾਗੂ, ਕਿਲਿਆਂਵਾਲੀ, ਜ਼ਿਲਾ ਮੁਕਤਸਰ ’ਚ ਬੁੱਟਰਸ਼ਰੀਹ, ਜ਼ਿਲਾ ਲੁਧਿਆਣਾ ਨਜ਼ਾਮਪੁਰ, ਲਸਾੜਾ, ਜ਼ਿਲਾ ਮਾਨਸਾ ’ਚ ਆਦਮ ਕੇ, ਸਾਹਨੇਵਾਲ, ਅਲੀਸ਼ੇਰ ਕਲਾਂ, ਠੂਠਿਆਂਵਾਲੀ, ਟਾਹਲੀਆਂ ਆਦਿ ਪਿੰਡਾਂ ’ਚ ਪਰਿਵਾਰਾਂ ਸਮੇਤ ਇਕੱਠੇ ਹੋਕੇ ਕਿਸਾਨਾਂ ਮਜਦੂਰਾਂ ਨੇ ਮੋਦੀ ਸਰਕਾਰ ਦੀਆਂ ਅਰਥੀਆਂ ਚੁੱਕ ਕੇ ਨਾਹਰੇ ਲਾਉਂਦੇ ਹੋਏ ਮੁਜ਼ਾਹਰੇ ਕਰਨ ਉਪਰੰਤ ਸੱਥਾਂ ’ਚ ਜਾਕੇ ਅਰਥੀਆਂ ਫੂਕੀਆਂ। ਵੱਖ ਵੱਖ ਥਾਂਈ ਇਕੱਠਾਂ ਨੰੂ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ’ਚ ਦਿਲਬਾਗ ਸਿੰਘ ਹਰੀਗੜ, ਜਸਵਿੰਦਰ ਸਿੰਘ ਬਰਾਸ, ਜੋਗਿੰਦਰ ਸਿੰਘ ਦਿਆਲਪੁਰਾ, ਹੀਰਾ ਸਿੰਘ ਚੱਕ ਸਿਕੰਦਰ, ਸੁਦਾਗਰ ਸਿੰਘ ਘੁਢਾਣੀ, ਮੋਠੂ ਸਿੰਘ ਕੋਟੜਾ ਕੋੜਿਆਂ ਵਾਲਾ ਅਤੇ ਹੋਰ ਜ਼ਿਲਾ ਪੱਧਰੀ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਕੇਂਦਰੀ ਬੱਜਟ ਨੰੂ ਕਿਸਾਨ ਵਿਰੋਧੀ ਦੱਸਦੇ ਹੋਏ ਮੋਦੀ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ। ਉਹਨਾਂ ਦੋਸ਼ ਲਾਇਆ ਕਿ ਪੂਰੇ ਦੇਸ਼ ’ਚ 3 ਲੱਖ ਤੋਂ ਵੱਧ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੰੂ ਖੁਦਕੁਸ਼ੀਆਂ ਲਈ ਮਜਬੂਰ ਕਰ ਚੁੱਕੇ ਭਾਰੀ ਕਰਜ਼ਿਆਂ ਤੋਂ ਮੁਕਤੀ ਲਈ ਬਜਟ ਵਿੱਚ ਸਰਕਾਰ ਨੇ ਇੱਕ ਪੈਸਾ ਵੀ ਨਹੀ ਰੱਖਿਆ ਜਦੋ ਕਿ ਧਨਾਡ ਕਾਰਪੋਰੇਟ ਘਰਾਣਿਆਂ ਦੇ ਕਈ ਕਈ ਲੱਖ ਕਰੋੜ ਹਰ ਸਾਲ ਮੁਆਫ ਕੀਤੇ ਜਾਂਦੇ ਹਨ। ਇਥਂੋ ਤੱਕ ਕਿ ਖੁਦਕੁਸ਼ੀ ਪੀੜਤ ਕਿਸਾਨ ਮਜ਼ਦੂਰ ਪਰਿਵਾਰਾਂ ਲਈ ਅਤੇ ਬੇ ਜਮੀਨੇ ਕਿਸਾਨਾਂ ਤੇ ਖੇਤ ਮਜਦੂਰਾਂ ਲਈ ਰਾਹਤ ਦਾ ਵੀ ਕੋਈ ਜ਼ਿਕਰ ਨਹੀ। ਸੂਦ ਖੋਰ ਆੜਤੀਆਂ, ਜਗੀਰਦਾਰਾਂ/ਸ਼ਾਹੂਕਾਰਾਂ ਦੁਆਰਾ ਅੰਨੀ ਸੂਦਖੋਰੀ ਲੁੱਟ ਤੋਂ ਨਿਜਾਤ ਲਈ ਕਿਸਾਨ ਮਜਦੂਰ ਪੱਖੀ ਕਰਜਾ ਕਾਨੰੂਨ ਦਾ ਵੀ ਨਾਂ ਨਿਸਾਨ ਨਹੀ। ਜਾਨਲੇਵਾਂ ਕਰਜ਼ਿਆਂ ਬਦਲੇ ਜ਼ਮੀਨਾਂ ਹਥਿਆਉਣ ਤੋਂ ਇਲਾਵਾ ਖੇਤੀ ਆਮਦਨ ਦੁੱਗਣੀ ਕਰਨ ਦੇ ਦੰਭੀ ਪਰਦੇ ਉਹਲੇ ਠੇਕਾ ਖੇਤੀ ਰਾਹੀ ਆਮ ਕਿਸਾਨਾਂ ਦੀਆਂ ਜ਼ਮੀਨਾਂ ਉਤੇ ਕਾਰਪੋਰੇਟ ਕੰਪਨੀਆਂ ਦੇ ਕਬਜ਼ੇ ਕਰਵਾ ਕੇ ਵੱਡੇ ਖੇਤੀ ਫਾਰਮ ਬਨਾਉਣ ਦੀਆਂ ਨੀਤੀਆਂ ਮੜਨਾ ਮੋਦੀ ਸਰਕਾਰ ਦੇ ਕਿਸਾਨ ਦੁਸ਼ਮਣ ਹੋਣ ਦੇ ਨੰਗੇ ਚਿੱਟੇ ਸਬੂਤ ਹਨ। ਸਾਰੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਲਾਗਤ ਖਰਚਿਆਂ ਤੋਂ ਡੂਢੇ ਦੇਣ ਦਾ ਫਰੇਬੀ ਨਾਹਰਾ ਵੀ ਇਸ ਖਾਤੇ ’ਚ ਸਿਰਫ 200 ਕਰੋੜ ਰੁਪਏ ਰੱਖਣ ਨਾਲ ਪੂਰੀ ਤਰਾਂ ਬੇ-ਪਰਦ ਹੋ ਗਿਆ ਹੈ। ਫਸਲੀ ਲਾਗਤਾ ਵਿੱਚ ਜਮੀਨ ਸਮੇਤ ਪੰੂਜੀ ਨਿਵੇਸ਼ ਦਾ ਵਿਆਜ ਜਾਂ ਜਮੀਨੀ ਲਗਾਨ (ਠੇਕਾ) ਨਾ ਗਿਣਨਾ ਵੀ ਸਰਾਸਰ ਬੇਇਨਸਾਫੀ ਹੈ। ਸਸਤੇ ਖੇਤੀ ਕਰਜ਼ਿਆਂ (4 ਪ੍ਰਤੀਸਤ ਦਰ) ਵਿੱਚ ਸੂਦਖੋਰ ਆੜਤੀਆਂ/ਵੱਡੇ ਜਗੀਰਦਾਰਾਂ ਅਤੇ ਪੇਡੂ ਢਾਂਚਾਂ ਉਸਾਰੀ ’ਚ ਲੱਗੇ ਕਾਰਪੋਰੇਟ ਘਰਾਣਿਆਂ ਨੰੂ ਸ਼ਾਮਲ ਕਰਕੇ ਗਰੀਬ ਕਿਸਾਨਾਂ ਮਜ਼ਦੂਰਾਂ ਦੀ ਸੂਦਖੋਰੀ ਲੁੱਟ ’ਚ ਸਹਾਈ ਹੋਣਾ ਅਤੇ ਇਹਨਾਂ ਕਰਜ਼ਿਆਂ ਦਾ ਵੱਡਾ ਹਿੱਸਾ ਉਹਨਾਂ ਨੰੂ ਦੇਣਾ ਵੀ ਕਿਸਾਨ ਦੁਸਮਣੀ ਦਾ ਇੱਕ ਹੋਰ ਸਬੂਤ ਹੈ। ਪਰਸੋ 7 ਕਿਸਾਨ ਜਥੇਬੰਦੀਆਂ ਵੱਲੋਂ ਕਰਜਾ ਮੁਕਤੀ ਸਬੰਧੀ ਪੰਜਾਬ ਭਰ ’ਚ 2 ਘੰਟੇ ਦੇ ਚੱਕਾ ਜਾਮ ਮੌਕੇ ਕਿਸਾਨਾ ਉਪਰ ਥਾਂ ਥਾਂ ਦਰਜ ਕੀਤੇ ਗਏ ਪੁਲਿਸ ਕੇਸਾਂ ਦੀ ਬੁਲਾਰਿਆਂ ਨੇ ਜੰਮ ਕੇ ਨਿਖੇਧੀ ਕੀਤੀ ਅਤੇ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਐਲਾਨ ਕੀਤਾ ਕਿ ਪੁਲਿਸ ਕੇਸਾਂ ਨੰੂ ਟਿੱਚ ਜਾਣਦੇ ਹੋਏ ਕਰਜਾ ਮੁਕਤੀ ਸੰਘਰਸ ਨੰੂ ਹੋਰ ਤੇਜ ਕੀਤਾ ਜਾਵੇਗਾ ਅਤੇ ਮੰਗਾਂ ਮੰਨਣ ਲਈ ਸਰਕਾਰ ਨੰੂ ਮਜਬੂਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਅਗਲੇ ਪੜਾਅ ਤੇ ਕਿਸਾਨ ਕਰਜਾ ਮੁਕਤੀ ਲਈ ਬਜਟ ਸੈਸਨ ਦੇ ਪਹਿਲੇ ਦਿਨ ਪੰਜਾਬ ਵਿਧਾਨ ਸਭਾ ਵੱਲ ਮਾਰਚ ਸੁਰੂ ਕੀਤਾ ਜਾਵੇਗਾ ਤੇ 8 ਮਾਰਚ ਨੰੂ ਬਰਨਾਲਾ ਵਿਖੇ ਵਿਸ਼ਾਲ ਸੂਬਾਈ ਲਲਕਾਰ ਰੈਲੀ ਕੀਤੀ ਜਾਵੇਗੀ।16 ਫਰਵਰੀ ਨੰੂ ਬਰਨਾਲਾ ਅਤੇ 17 ਫਰਵਰੀ ਨੰੂ ਜਲੰਧਰ ਵਿਖੇ ਪੰਜਾਬ ਸਰਕਾਰ ਵੱਲੋ ਲਿਆਂਦੇ ਜਾ ਰਹੇ ਪਕੋਕਾ ਕਾਨੰੂਨ ਅਤੇ ਲਾਗੂ ਕੀਤੇ ਗਏ ਜਾਇਾਦਦ ਸੁਰੱਖਿਆ ਕਾਨੰੂਨ ਰੱਦ ਕਰਾਉਣ ਲਈ ਪੰਜਾਬ ਪੱਧਰ ਤੇ ਦੋ ਮਹਾਂ ਰੈਲੀਆਂ ਕੀਤੀਆਂ ਜਾਣਗੀਆਂ ਜਿਨਾਂ ਵਿੱਚ ਵਧ ਚੜ ਕੇ ਪੁੱਜਣ ਦਾ ਸੱਦਾ ਦਿੱਤਾ।


