ਭਗਤ ਰਵੀਦਾਸ ਜੀ ਦਾ ਬੇਗਮਪੁਰਾ ਸ਼ਹਿਰ ਵਸਾਉਣ ਦੀ ਲੋੜ:ਢਾਡੀ ਪਿ੍ਰਥੀ ਸਿੰਘ

ਬਾਘਾਪੁਰਾਣਾ,10 ਫਰਵਰੀ (ਰਾਜਿੰਦਰ ਸਿੰਘ ਕੋਟਲਾ):ਇੱਥੋਂ ਨੇੜਲੇ ਪਿੰਡ ਕੋਟਲਾ ਰਾਏਕਾ ਵਿਖੇ ਸ਼੍ਰੋਮਣੀ ਭਗਤ ਰਵੀਦਾਸ ਜੀ ਦਾ 641 ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਭਾਈ ਦਿਲਜੀਤ ਸਿੰਘ ਬੱਗੀ ਤੇ ਭਾਈ ਨਿਰਭੈ ਸਿੰਘ ਜੀ ਦੇ ਰਾਗੀ ਜੱਥੇ ਨੇ ਕਥਾ-ਕੀਰਤਨ ਰਾਹੀਂ ਨਗਰ ਵਿੱਚ ਸ਼ਾਮਿਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਆ। ਭਾਈ ਬੋਹੜ ਸਿੰਘ ਖੁਸ਼ਦਿਲ ਡੇਮਰੂ ਵਾਲੇ,ਸੇਵਕ ਸਿੰਘ ਚੰਗਿਆੜਾ ਜਲਾਲ ਤੇ ਢਾਡੀ ਨਛੱਤਰ ਸਿੰਘ ਅਤੇ ਨਿੱਕੀ ਬਾਲੜੀ ਪਿ੍ਰਅੰਕਾ ਨੇ ਭਗਤ ਰਵੀਦਾਸ ਜੀ ਦੇ ਜੀਵਨ ਅਤੇ ਇਤਿਹਾਸ ਬਾਰੇ ਇਤਹਾਸਕ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਸਿੱਧ ਢਾਡੀ ਪਿ੍ਰਥੀ ਸਿੰਘ ਵੈਦ ਨੇ ਭਗਤ ਰਵੀਦਾਸ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਉਨਾਂ ਭਗਤ ਰਵੀਦਾਸ ਜੀ ਦੀ ਬਾਣੀ ਵਿੱਚੋਂ ’ਬੇਗਮਪੁਰਾ ਸ਼ਹਿਰ ਕੋ ਨਾਓ ਦੇ’ ਅਰਥ ਭਾਵ ਕਰਦਿਆ ਦੱਸਿਆ ਕਿ ਭਗਤ ਰਵੀਦਾਸ ਜੀ ਦੀ ਕਾਮਨਾ ਸੀ ਕਿ ਹੇ ਪ੍ਰਮਾਤਮਾ ਇੱਕ ਇਹੋ ਕਿਹਾ ਦੇਸ਼ ਹੋਵੇ ਜਿੱਥੇ ਕਿਸੇ ਧਰਮ ਜਾਤ-ਪਾਤ ਦੇ ਲੋਕਾਂ ਨੂੰ ਜਿੱਥੇ ਕੋਈ ਗਮ ਨਾ ਹੋਵੇ ਸਾਰੇ ਆਪੋ-ਆਪਣੇ ਧਰਮ ’ਚ ਪਰਪੱਕ ਹੋਣ ਅਤੇ ਆਪੋ ਆਪਣੀ ਅਜ਼ਾਦੀ ਮਾਨਣ ਅਤੇ ਕਿਸੇ ਨੰੂ ਵੀ ਕਿਸੇ ਦਾ ਡਰ ਭੈਅ ਨਾ ਹੋਵੇ। ਉਨਾਂ ਕਿਹਾ ਕਿ ਭਗਤ ਰਵੀਦਾਸ ਜੀ ਨੇ ਆਪਣੀ ਬਾਣੀ ’ਚ ਹਲੇਮੀ ਰਾਜ (ਖਾਲਸਾ ਰਾਜ) ਦੀ ਪ੍ਰੋੜਤਾ ਕੀਤੀ। ਪਿੰਡ ਵਾਸੀਆਂ ਵੱਲੋਂ ਨਗਰ ਕੀਰਤਨ ਦਾ ਥਾਂ-ਥਾਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ’ਤੇ ਸਤਿਕਾਰ ਕਮੇਟੀ ਦੇ ਸੇਵਾਦਾਰ ਇਕਬਾਲ ਸਿੰਘ,ਅੰਮਿ੍ਰਤਪਾਲ ਸਿੰਘ,ਨਛੱਤਰ ਸਿੰਘ ਸੂਚ,ਮਨਦੀਪ ਸਿੰਘ ਯੋਧਾ,ਗੁਰਪ੍ਰੀਤ ਸਿੰਘ,ਕਾਲਾ ਸਿੰਘ,ਸੁਖਮਨ ਸਿੰਘ,ਪਿੰਦਰਪਾਲ ਸਿੰਘ,ਮਿਸਤਰੀ ਰਾਜਾ ਸਿੰਘ ਆਦਿ ਭਾਰੀ ਗਿਣਤੀ ’ਚ ਸਿੱਖ ਸੰਗਤਾਂ ਹਾਜ਼ਰ ਸਨ।