ਪੇਂਡੂ ਖੇਡਾਂ ਦਾ ਮੱਕਾ ਹੈ ਜਰਖੜ ਖੇਡ ਸਟੇਡੀਅਮ ਅਤੇ ਨਿਵੇਕਲੀ ਪਹਿਚਾਣ ਦਰਸਾ ਰਿਹੈ ਪੇਂਡੂ ਖੇਡ ਮੇਲਿਆਂ ਦਾ ਅਜੂਬਾ ‘ਜਰਖੜ ਖੇਡ ਕੰਪਲੈਕਸ’

ਲੁਧਿਆਣਾ,5 ਫਰਵਰੀ (ਯਾਦਵਿੰਦਰ ਸਿੰਘ ਤੂਰ)-ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟ ਚੁੱਕੀਆਂ ਜਰਖੜ ਖੇਡਾਂ ਆਪਣੇ 31ਵਰੇ ਪੂਰੇ ਕਰ ਚੁੱਕੀਆਂ ਹਨ। ਖੇਡਾਂ ਪ੍ਰਤੀ ਸੁਹਿਰਦ ਲੋਕਾਂ, ਸਪਾਂਸਰ ਅਤੇ ਪ੍ਰਵਾਸੀ ਖੇਡ ਪ੍ਰਮੋਟਰਾਂ ਨੂੰ ਇਹ ਲੇਖ ਲਿਖਣ ਤੋਂ ਪਹਿਲਾ ਇੱਕ ਬੇਨਤੀ ਕਰਾਂਗਾ ਕਿ ਜੇਕਰ ਉਹ ਵਾਕਿਆ ਹੀ ਪੰਜਾਬ ਦੀਆਂ ਖੇਡਾਂ ਪ੍ਰਤੀ ਚਿੰਤਤ ਹਨ ਤਾਂ ਜਰਖੜ ਖੇਡ ਸਟੇਡੀਅਮ ਦਾ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਆਉਣ। ਪਿੰਡ ਜਰਖੜ ਲੁਧਿਆਣਾ ਤੋਂ 12 ਕਿਮੀ ਦੂਰ ਮਲੇਰਕੋਟਲਾ ਰੋਡ ਨੇੜੇ ਆਲਮਗੀਰ ਸਾਹਿਬ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਥਿਤ ਹੈ।  1800 ਕੁ ਅਬਾਦੀ ਵਾਲੇ ਇਸ ਪਿੰਡ ਨੇ ਖੇਡਾਂ ਦੇ ਖੇਤਰ ਵਿੱਚ ਆਪਣੀ ਪਹਿਚਾਣ ਪੂਰੀ ਦੁਨੀਆਂ ਵਿੱਚ ਬਣਾ ਲਈ ਹੈ। 1986 ’ਚ 1200 ਰੁਪਏ ਦੇ ਬਜਟ ਨਾਲ ਅਤੇ ਨਿੱਕੇ ਜਿਹੇ ਗਰਾਊਂਡ ‘ਚ ਹੋਈ ਖੇਡਾਂ ਦੀ ਸ਼ੁਰੂਆਤ ਨੇ ਅੱਜ ਪੰਜਾਬ ਦਾ ਹੀ ਨਹੀਂ ਸਗੋਂ ਮੁਲਕ ਦਾ ਇੱਕ ਅਜਿਹਾ ਨਿਵੇਕਲਾ ਸਟੇਡੀਅਮ ਜੋ ਮਾਤਾ ਸਾਹਿਬ ਕੌਰ ਦੇ ਨਾਮ ਤੇ ਹੈ, ਆਪਣੀ ਨਵੀਂ ਬਣਤਰ ਨਾਲ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਦਾ ਇੱਕ ਅਜੂਬਾ ਬਣ ਗਿਆ ਹੈ। ਜਰਖੜ ਖੇਡਾਂ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਨਾਂ ਖੇਡਾਂ ‘ਚ ਉਲੰਪਿਕ ਪੱਧਰ ਦੀਆਂ ਖੇਡਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।

 

ਸਟੇਡੀਅਮ ਵਿਚ ਇੱਕੋਂ ਸਮੇਂ ਬੈਠਿਆਂ 8 ਖੇਡਾਂ ਦਾ ਆਨੰਦ ਮਾਣਿਆ ਜਾ ਸਕਦਾ ਹੈ। ਇਨਾਂ ਖੇਡਾਂ ਵਿੱਚ ਆਮ ਤੌਰ ‘ਤੇ ਹਾਕੀ, ਹੈਂਡਬਾਲ, ਬਾਸਕਟਬਾਲ, ਵਾਲੀਬਾਲ, ਕਬੱਡੀ ਇੱਕ ਪਿੰਡ ਓਪਨ (ਤਿੰਨ ਖਿਡਾਰੀ ਬਾਹਰਲੇ) ਕਬੱਡੀ 75 ਕਿੱਲੋ, ਵਾਲੀਬਾਲ ਸ਼ੂਟਿੰਗ, ਕੁਸ਼ਤੀਆਂ, ਸਾਈਕਲਿੰਗ, ਅਥਲੈਟਿਕਸ ਆਦਿ ਖੇਡਾਂ ਦੇ ਮੁਕਾਬਲੇ ਹੁੰਦੇ ਹਨ। ਇਸੇ ਕਰਕੇ ਇਨਾਂ ਖੇਡਾਂ ਨੂੰ ਪੰਜਾਬ ਦੀਆਂ ਮਾਡਰਨ ਮਿੰਨੀ ਓਲੰਪਿਕ ਵੱਜੋਂ ਪਹਿਚਾਣ ਮਿਲੀ ਹੈ। ਸਾਲ 2003 ਮਾਰਚ ਤੋਂ ਜਰਖੜ ਸਟੇਡੀਅਮ ਬਣਨਾ ਸ਼ੁਰੂ ਹੋਇਆ, ਅੱਜ ਇਸ ਵਿੱਚ ਐਸਟਰੋਟਰਫ ਹਾਕੀ ਮੈਦਾਨ, ਗਰਾਸ ਹਾਕੀ, ਦੋ ਵਾਲੀਬਾਲ ਕੋਰਟ, ਹੈਂਡਬਾਲ ਅਤੇ ਬਾਸਕਟਬਾਲ ਕੋਰਟ, ਕਬੱਡੀ ਅਤੇ ਕੁਸ਼ਤੀਆਂ ਦੇ ਵਧੀਆ ਮੈਦਾਨ ਬਣੇ ਹੋਏ ਹਨ। ਤਿੰਨ ਪ੍ਰਮੁੱਖ ਵੱਡੀਆਂ ਸਟੇਜਾਂ, ਸਟੇਡੀਅਮ ਵਿੱਚ ਤਿੰਨ ਦਰਜਨ ਦੇ ਕਰੀਬ ਕਮਰੇ, ਜਿੰਮ, ਫੋਟੋ ਗੈਲਰੀ, ਆਧੁਨਿਕ ਸਹੂਲਤਾਂ ਵਾਲਾ ਦਫਤਰ ਆਦਿ ਬਣੇ ਹੋਏ ਹਨ।  ਜਰਖੜ ਸਟੇਡੀਅਮ ਪੰਜਾਬ ਦਾ ਪਹਿਲਾ ਅਜਿਹਾ ਸਟੇਡੀਅਮ ਹੈ ਜਿੱਥੇ ਫਲੱਡ ਲਾਈਟਾਂ ਦੀ ਸਹੂਲਤ ਵੀ ਉਪਲਬਧ ਹੈ ਤੇ ਇਸ ਤੋਂ ਇਲਾਵਾ ਸਟੇਡੀਅਮ ਵਿੱਚ ਬਣੀ ਫੋਟੋ ਗੈਲਰੀ ਵਿੱਚ ਪੁਰਾਣੀਆਂ ਖੇਡਾਂ ਦੀਆਂ ਯਾਦਗਾਰਾਂ ਧਿਆਨ ਚੰਦ ਤੋਂ ਲੈ ਕੇ ਨਾਮੀ ਖਿਡਾਰੀਆਂ ਦੀਆਂ ਤਸਵੀਰਾਂ ਜਰਖੜ ਖੇਡਾਂ ਨਾਲ ਸਬੰਧਤ ਵੱਡੀਆਂ ਤਸਵੀਰਾਂ ਸਟੇਡੀਅਮ ਦੀ ਸ਼ਾਨ ਨੂੰ ਵਧਾ ਰਹੀਆਂ ਹਨ। ਇਸ ਤੋਂ ਇਲਾਵਾ 6 ਉੱਘੀਆਂ ਖੇਡ ਸਖਸ਼ੀਅਤਾਂ ਜਿੰਨਾਂ ਵਿੱਚ ਫਲਾਇੰਗ ਸਿੱਖ ਮਿਲਖਾ ਸਿੰਘ, ਹਾਕੀ ਦਾ ਜਾਦੂਗਰ ਧਿਆਨ ਚੰਦ,  ਉਲੰਪੀਅਨ ਸੁਰਜੀਤ ਸਿੰਘ ਰੰਧਾਵਾ, ਉਲੰਪੀਅਨ ਪਿ੍ਰਥੀਪਾਲ ਸਿੰਘ, ਚਾਰ ਉਲੰਪਿਕਾਂ ਖੇਡਣ ਦਾ ਮਾਣ ਹਾਸਲ ਕਰਨ ਵਾਲੇ ਪਹਿਲੇ ਸਿੱਖ  ਉਲੰਪੀਅਨ ਊਧਮ ਸਿੰਘ, ਖੇਡ ਪ੍ਰਮੋਟਰ ਅਮਰਜੀਤ ਸਿੰਘ ਗਰੇਵਾਲ ਗੁੱਜਰਵਾਲ ਦੇ ਆਦਮਕੱਦ ਬੁੱਤ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਲੰਦਨ ਓਲੰਪਿਕ ਨਾਲ ਮੇਲ ਖਾਂਦੀ ਸੈਵਨ-ਏ ਸਾਈਡ ਨੀਲੇ ਰੰਗ ਦੀ ਐਸਟਰੋਟਰਫ ਜੋ ਆਪਣੇ ਹੀਲੇ ਵਸੀਲੇ ਨਾਲ ਲਗਵਾਈ ਹੈ, ਸਟੇਡੀਅਮ ਦੀ ਸ਼ੋਭਾ ਨੂੰ ਵਧਾ ਰਹੀ ਹੈ।  ਸਾਲ 2006 ਵਿੱਚ ਅਪ੍ਰੈਲ ਦੇ ਵਿੱਚ ਜਰਖੜ ਵਿਖੇ ਹਾਕੀ ਅਕੈਡਮੀ ਦੀ ਸਥਾਪਨਾ ਹੋਈ, ਜਰਖੜ ਅਕੈਡਮੀ ’ਚ ਇਸ ਵੇਲੇ 80 ਦੇ ਕਰੀਬ ਖਿਡਾਰੀ ਹਾਕੀ ਦੀ ਟ੍ਰੇਨਿੰਗ ਲੈ ਰਹੇ ਹਨ। ਸਾਰੇ ਹੀ ਖਿਡਾਰੀ ਗਰੀਬ ਘਰਾਂ ਨਾਲ ਸਬੰਧਤ ਹਨ। ਪਿਛਲੇ 1 ਦਹਾਕੇ ‘ਚ 100 ਦੇ ਕਰੀਬ ਸਕੂਲ ਨੈਸ਼ਨਲ ਤੇ 50 ਤੋਂ ਵੱਧ ਅੰਤਰ-ਰਾਸ਼ਟਰੀ ਪੱਧਰ ਦੇ ਮੁਕਾਬਲੇ ਖੇਡ ਚੁੱਕੇ ਹਨ। ਹੁਣ ਤੱਕ ਵੱਖ-ਵੱਖ ਵਿਭਾਗਾਂ ‘ਚ 29 ਖਿਡਾਰੀਆਂ ਨੂੰ ਨੌਕਰੀ ਮਿਲ ਚੁੱਕੀ ਹੈ। ਉੱਤਰ ਭਾਰਤ ਦੇ ਸਾਰੇ ਪ੍ਰਮੁੱਖ ਟੂਰਨਾਮੈਂਟਾਂ ‘ਚ ਜਰਖੜ ਅਕਾਦਮੀ ਦੇ ਖਿਡਾਰੀ ਆਪਣੀ ਪਹਿਚਾਣ ਨੂੰ ਦਰਸਾ ਰਹੇ ਹਨ। ਜਰਖੜ ਖੇਡਾਂ, ਸਟੇਡੀਅਮ ਤੇ ਅਕਾਦਮੀ ਨੂੰ ਇਸ ਮੁਕਾਮ ’ਤੇ ਪਹੁੰਚਦਿਆਂ ਬਹੁਤ ਵੱਡੀਆਂ ਆਫਤਾਂ ਵੀ ਆਈਆਂ ਤੇ ਹਰ ਰੋਜ਼ ਕੋਈ ਨਵੀਂ ਤੋਂ ਨਵੀਂ ਸਮੱਸਿਆ ਆਉਂਦੀ ਹੈ ਪਰ ਪ੍ਰਮਾਤਮਾ ਦੀ ਮਿਹਰ ਸਦਕਾ ਅੱਜ ਜਰਖੜ ਖੇਡਾਂ ਬੁਲੰਦੀਆਂ ਵੱਲ ਵਧ ਰਹੀਆਂ ਹਨ। ਪੰਜਾਬ ਦੇ ਨਾਮੀ ਗਾਇਕ ਹਰਭਜਨ ਮਾਨ, ਦਿਲਜੀਤ ਦੋਸਾਂਝ, ਮਨਮੋਹਣ ਵਾਰਿਸ, ਦੇਬੀ ਮਖਸੂਸਪੁਰੀ, ਹਰਜੀਤ ਹਰਮਨ ਨੇ ਜਰਖੜ ਸਟੇਡੀਅਮ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਸਮੇਂ ਦੌਰਾਨ ਮੁਫਤ ਅਖਾੜੇ ਵੀ ਲਗਾਏ ਅਤੇ ਕਈ  ਹੋਰ ਖੇਡਾਂ ਦੇ ਦਾਨੀ ਪ੍ਰਵਾਸੀ ਪੰਜਾਬੀ ਅਤੇ ਹੋਰ ਇਲਾਕੇ ਦੇ ਪਤਵੰਤਿਆਂ ਤੋਂ ਇਲਾਵਾ ਗੁ. ਮੰਜੀ ਸਾਹਿਬ ਦੀ ਸੰਗਤ, ਮੁੱਖ ਸੇਵਾਦਾਰ ਬਾਈ ਸੁਰਜੀਤ ਸਿੰਘ ਸਾਹਨੇਵਾਲ, ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਐਡਵੋਕੇਟ ਹਰਕਮਲ ਸਿੰਘ, ਜਗਦੀਪ ਸਿੰਘ ਕਾਹਲੋਂ (ਅੰਤਰ-ਰਾਸ਼ਟਰੀ ਸਾਈਕਲਿਸਟ), ਪਰਮਜੀਤ ਸਿੰਘ ਨੀਟਾ ਤੇ ਸਮੁੱਚੀ  ਟੀਮ ਨੇ ਸਮੇਂ ਸਮੇਂ ਤੇ ਤਨ,ਮਨ ਧਨ ਨਾਲ ਆਪਣਾ ਵਡਮੁੱਲਾ ਸਹਿਯੋਗ ਜਰਖੜ ਸਟੇਡੀਅਮ ਨੂੰ ਦਿੱਤਾ।

 

ਇਹਨਾਂ ਸਾਰਿਆਂ ਦੇ ਯੋਗਦਾਨ ਸਦਕਾ ਜਰਖੜ ਖੇਡ ਅਕਾਦਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਆਪਣੀ ਦਿਨ ਰਾਤ ਦੀ ਮਿਹਨਤ ਨਾਲ ਸਟੇਡੀਅਮ ਨੂੰ ਪੂਰੇ ਵਿਸ਼ਵ ‘ਚ ਰੁਸ਼ਨਾਉਣ ਦਾ ਜ਼ੋਰ ਲਗਾ ਰਹੇ ਹਨ। ਜਿਸਦੀ ਮਿਸਾਲ ਜਰਖੜ ਪਿੰਡ ਦੇ ਸਟੇਡੀਅਮ ‘ਚ ਪਹੁੰਚਦਿਆਂ ਹੀ ਪਤਾ ਚਲਦਾ ਹੈ। ਇਸ ਵਰੇ ਦੀਆਂ ਜਰਖੜ ਖੇਡਾਂ ਜੋ 10 ਤੋਂ 12 ਫਰਵਰੀ ਤੱਕ ਹੋ ਰਹੀਆਂ ਹਨ। ਵੱਡੀ ਗੱਲ ਇਹ ਹੈ ਕਿ ਕਾਰਪੋਰੇਟ ਹਾਊਸ ਕੋਕਾ ਕੋਲਾ - ਏਵਨ ਸਾਈਕਲ ਕੰਪਨੀਆਂ ਤੋਂ ਇਲਾਵਾ ਕਬੱਡੀ ਪ੍ਰਮੋਟਰ ਗਾਖਲ ਬ੍ਰਦਰਜ਼, ਹਾਕੀ ਖੇਡ ਨਾਲ ਜੁੜੇ ਮਹਿੰਦਰਪ੍ਰਤਾਪ ਗਰੇਵਾਲ ਚੈਰੀਟੇਬਲ ਟਰੱਸਟ , ਬੈਂਕ ਆਫ ਇੰਡੀਆਂ ਆਦਿ ਵੱਲੋਂ ਖੇਡਾਂ ਦੀ ਕਾਮਯਾਬੀ ਲਈ ਆਪਣਾ ਵਡਮੁੱਲਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਵਾਰ ਜਰਖੜ ਖੇਡਾਂ ‘ਚ ਉੱਘੀਆਂ 6 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿੰਨਾ ‘ਚ ਓਲੰਪੀਅਨ ਅਕਾਸ਼ਦੀਪ ਸਿੰਘ , ਪਹਿਲਾਂ ਹਾਕੀ ਅਤੇ ਹੁਣ ਰਾਜਨੀਤੀ ਦੀ ਖਿਡਾਰਨ ਸਤਵਿੰਦਰ ਬਿੱਟੀ, ਸਾਬਕਾ ਹੈਂਡਬਾਲ ਖਿਡਾਰਨ ਗੁਰਪ੍ਰੀਤ ਕੌਰ ਪੁਰੇਵਾਲ, ਖੇਡ ਪ੍ਰਮੋਟਰ ਪ੍ਰੀਤਮ ਸਿੰਘ ਗਰੇਵਾਲ, ਸਾਬਕਾ ਮੇਅਰ ਹੰਸਲੋਅ, ਯੂ.ਕੇ, ਕਬੱਡੀ ਪ੍ਰਮੋਟਰ ਅਮੋਲਕ ਸਿੰਘ ਗਾਖਲ, ਫਿਲਮ ਕਲਾਕਾਰ ਹੌਬੀ ਧਾਲੀਵਾਲ, ਕਨੇਡਾ ‘ਚ ਗਦਰੀ ਬਾਬਿਆਂ ਦਾ ਮੇਲਾ ਲਗਾਉਣ ਵਾਲੇ ਸਾਧੂ ਸਿੰਘ ਥਿੰਦ ਆਦਿ ਸਖਸ਼ੀਅਤਾਂ ਨੂੰ ਵੱਖ ਵੱਖ ਐਵਾਰਡਾਂ ਨਾਲ ਸਨਮਾਨਿਤ ਕਰਨਗੀਆਂ।ਇਸ ਵਰੇ ਜਰਖੜ ਖੇਡਾਂ ਆਪਣਾ ਇੱਕ ਨਿਵੇਕਲਾ ਇਤਿਹਾਸ ਰਚਣਗੀਆਂ। **************************ਲੁਧਿਆਣਾ ਤੋਂ ਖੇਡ ਰਿਪੋਰਟਰ -: ਯਾਦਵਿੰਦਰ ਸਿੰਘ ਤੂਰ ( 9501582626)