ਪਾਵਰਕਾਮ ਦੇ ਸਮੁੱਚੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਰੋਸ ਰੈਲੀ ਤੀਜੇ ਦਿਨ ’ਚ ਪ੍ਰਵੇਸ਼

ਮੋਗਾ, 5 ਫਰਵਰੀ (ਸੰਜੀਵ ਅਰੋੜਾ)- ਅੱਜ 132 ਕੇ ਵੀ ਸਬ ਸਟੇਸ਼ਨ ਕਲੋਨੀ ਮੋਗਾ ਵਿਖੇ ਪੰਜਾਬ ਰਾਜ ਪਾਵਰ ਕਾਮ ਅਤੇ ਟਰਾਂਸਕੋ ਦੇ ਕਰਮਚਾਰੀਆਂ ਨੂੰ ਜਨਵਰੀ 2018 ਦੀ ਤਨਖਾਹ ਰਿਲੀਜ਼ ਨਾ ਕਰਨ ਵਿਰੁੱਧ ਪਾਵਰਕਾਮ ਦੇ ਸਮੁੱਚੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਰੋਸ ਰੈਲੀ ਤੀਜੇ ਦਿਨ ’ਚ ਪ੍ਰਵੇਸ਼ ਕਰ ਗਈ ਏ। ਰੈਲੀ ਦੌਰਾਨ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਜਿਕਰਯੋਗ ਹੈ ਕਿ ਪਾਵਰਕਾਮ ਵੱਲੋਂ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹ ਨਾ ਮਿਲਣ ਕਰਕੇ ਮੁਲਾਜ਼ਮਾਂ ਅੰਦਰ ਭਾਰੀ ਰੋਸ ਹੈ । ਮੁਲਾਜ਼ਮਾ ਨੇ ਆਖਿਆ ਕਿ ਰੋਸ ਧਰਨਾ ਦੇ ਰਹੇ ਮੁਲਾਜ਼ਮਾਂ ਦੀ ਫੌਰਨ ਤਨਖਾਹ ਜੇਕਰ ਖਾਤਿਆਂ ਵਿਚ ਨਹੀਂ ਪਾਈ ਗਈ ਤਾਂ ਪਾਵਰਕਾਮ ਦਾ ਸਮੁੱਚਾ ਕੰਮ ਬੰਦ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਨਾਲ ਉਸਾਰੇ ਹੋਏ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਅਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਥਰਮਲ ਪਲਾਂਟ ਬੰਦ ਕਰਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ । ਮੁਲਾਜ਼ਮ ਆਗੂਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਵਰਕਾਮ ਦੀਆਂ ਸਮੁੱਚੀਆਂ ਜਥੇਬੰਦੀਆਂ ਨੇ ਪਾਵਰਕਾਮ ਮੈਨੇਜਮੈਂਟ ਵੱਲੋਂ ਕੰਟਰੈਕਟ ’ਤੇ ਰੱਖੇ ਕਾਮਿਆਂ ਨੂੰ ਪੱਕਾ ਕਰਨ,ਵਧੇ ਹੋਏ ਭਾਰ ਅਨੁਸਾਰ ਨਵੀਂ ਭਰਤੀ ਕਰਨ, ਮਹਿਕਮੇਂ ਦੀ ਪ੍ਰਾਪਰਟੀ ਵੇਚਣਾ ਤੁਰੰਤ ਬੰਦ ਕਰਨ,ਠੇਕੇਦਾਰੀ ਸਿਸਟਮ ਬੰਦ ਕਰਨ ਆਦਿ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ’ਤੇ ਰੋਸ ਪ੍ਰਗਟ ਕੀਤਾ। ਇਸ ਰੈਲੀ ਨੂੰ ਭਰਪੂਰ ਸਿੰਘ ਜੇ ਈ ਕੌਂਸਲ,ਜ਼ੋਨ ਕਨਵੀਨਰ ਗੁਰਮੇਲ ਨਾਹਰ,ਟੀ ਐੱਸ ਓ ਫਰੀਦਕੋਟ ਦੇ ਪ੍ਰਧਾਨ ਗੱਬਰ ਸਿੰਘ,ਗੁਰਮੀਤ ਧਾਲੀਵਾਲ ਪੰਜਾਬ ਆਗੂ, ਸਵਰਨਜੀਤ ਨਾਹਰ ,ਕੁਲਵੰਤ ਸਿੰਘ,ਸੁਖਮੰਦਰ ਬਹੋਨਾ ,ਦਰਸ਼ਨ ਲਾਲ,ਚਮਕੌਰ ਮੱਦੋਕੇ, ਪਵਨ ਕੁਮਾਰ ਟੀ ਐੱਸ ਯੂ, ਹਰਜੀਤ ਸਿੰਘ ਜੇ ਈ ਅਤੇ ਸੁਰਿੰਦਰਪਾਲ ਕੌਰ ਨੇ ਵੀ ਸੰਬੋਧਨ ਕੀਤਾ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


