ਰਾਜਨੀਤੀ ’ਚ ‘ਬਾਬਾ ਬੋਹੜ’ ਵਜੋਂ ਜਾਣੇ ਜਾਂਦੇ ਵਿਧਾਇਕ ਜਥੇਦਾਰ ਅਜੀਤ ਸਿੰਘ ਕੋਹਾੜ ਹੋਏ ਸੁਰਗਵਾਸ ,81 ਵਰਿਆਂ ਦੇ ਕੋਹਾੜ ਪੰਜ ਵਾਰ ਵਿਧਾਇਕ ਰਹੇ

ਸ਼ਾਹਕੋਟ,5 ਫਰਵਰੀ (ਜਸ਼ਨ)-ਸ਼ੋ੍ਰਮਣੀ ਅਕਾਲੀ ਦਲ ਦੇ ਜੁਝਾਰੂ ਆਗੂ , ਸਾਬਕਾ ਮੰਤਰੀ ਅਤੇ ਸ਼ਾਹਕੋਟ ਦੇ ਹਲਕੇ ਦੇ ਮੌਜੂਦਾ ਅਕਾਲੀ ਵਿਧਾਇਕ ਅਜੀਤ ਸਿੰਘ ਕੋਹਾੜ ਦਾ ਐਤਵਾਰ ਰਾਤ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ । ਉਹਨਾਂ ਆਖਰੀ ਸਾਹ ਜਲੰਧਰ ਦੇ ਇਕ ਹਸਪਤਾਲ ਵਿਚ ਲਿਆ ।  ਉਹ 81 ਵਰਿਆਂ ਦੇ ਸਨ । ਪੰਜਾਬ ਦੀ ਰਾਜਨੀਤੀ ਵਿਚ ‘ਬਾਬਾ ਬੋਹੜ ’ ਵਜੋਂ ਜਾਣੇ ਜਾਂਦੇ  ਜਥੇਦਾਰ ਅਜੀਤ ਸਿੰਘ ਕੋਹਾੜ ਸ਼ਾਹਕੋਟ ਹਲਕੇ ਤੋਂ ਪੰਜ ਵਾਰ ਵਿਧਾਇਕ ਚੁਣੇ ਗਏ । ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ਉਹ ਜੇਲ ਮੰਤਰੀ , ਰਿਹੈਬਲੀਟੇਸ਼ਨ ਮਤੰਰੀ ਅਤੇ ਟਰਾਂਸਪੋਰਟ ਮੰਤਰੀ ਰਹੇ। ਕੋਹਾੜ ਦੇ ਨਿੱਜੀ ਸਕੱਤਰ ਲਖਵੀਰ ਸਿੰਘ ਮੁਤਾਬਕ ਸ: ਕੋਹਾੜ ਨੇ ਰਾਤ 9.30 ਵਜੇ ਆਪਣੇ ਪਰਿਵਾਰ ਨਾਲ ਰਾਤ ਦਾ ਖਾਣਾ ਖਾਦਾ ਅਤੇ ਆਪਣੇ ਕਮਰੇ ਵਿਚ ਆਰਾਮ ਕਰਨ ਚਲੇ ਗਏ । ਉਹਨਾਂ ਦੱਸਿਆ ਕਿ ਕੁਝ ਮਿੰਟਾਂ ਬਾਅਦ ਹੀ ਉਹ ਆਪਣੇ ਕਮਰੇ ਤੋਂ ਬਾਹਰ ਆਏ ਅਤੇ ਬੇਚੈਨੀ ਦੀ ਸ਼ਿਕਾਇਤ ਕੀਤੀ।  ਸ: ਕੋਹਾੜ ਨੂੰ ਇਕਦਮ ਲੋਕਲ ਪਰੂਥੀ ਹਸਪਤਾਲ ਲੈ ਜਾਇਆ ਗਿਆ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਜ਼ਿਕਰਯੋਗ ਹੈ ਕਿ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਪਤਨੀ ਦੀ ਵੀ ਛੇ ਮਹੀਨੇ ਪਹਿਲਾਂ ਮੌਤ ਹੋ ਗਈ ਸੀ ।  ਸੂਤਰਾਂ ਮੁਤਾਬਕ ਜਥੇਦਾਰ ਅਜੀਤ ਸਿੰਘ ਕੋਹਾੜ ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਕੀਤਾ ਜਾਵੇਗਾ।