ਚੋਰੀ ਦੀਆਂ ਵਾਰਦਾਤਾਂ ’ ਚ ਹੋਇਆ ਇਜ਼ਾਫ਼ਾ,ਮੋਗਾ ‘ਚ ਮੈਡੀਕਲ ਦੀਆਂ ਦੋ ਦੁਕਾਨਾਂ ਦੇ ਸ਼ਟਰ ਭੰਨ ਕੇ ਚੋਰ ਡੇਢ ਲੱਖ ਤੋਂ ਵੀ ਜ਼ਿਆਦਾ ਦੀ ਰਕਮ ਲੁੱਟਣ ਵਿਚ ਸਫ਼ਲ

ਮੋਗਾ,4 ਫਰਵਰੀ  (ਲਛਮਣਜੀਤ ਸਿੰਘ ਪੁਰਬਾ/ਜਸ਼ਨ)-:  ਮੋਗਾ ‘ਚ ਚੋਰੀ ਦੀਆਂ ਵਾਰਦਾਤਾਂ ’ ਚ ਹੋਇਆ ਇਜ਼ਾਫ਼ਾ ਅੱਜਕਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਪੁਲਿਸ ਵੱਲੋਂ ਵਧਾਈ ਸਤਰਕਤਾ ਦੇ ਬਾਵਜੂਦ ਆਏ ਦਿਨ ਚੋਰ ਦੁਕਾਨਾਂ ਦੇ ਸ਼ਟਰ ਭੰਨ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ। ਇਸ ਤਰਾਂ ਦੀ ਘਟਨਾ ਬੀਤੀ ਰਾਤ ਹੋਈ ਜਦੋਂ ਮੈਡੀਕਲ ਦੀਆਂ ਦੋ ਦੁਕਾਨਾਂ ਦੇ ਸ਼ਟਰ ਭੰਨ ਕੇ ਚੋਰ ਡੇਢ ਲੱਖ ਤੋਂ ਵੀ ਜ਼ਿਆਦਾ ਦੀ ਰਕਮ ਲੁੱਟਣ ਵਿਚ ਸਫ਼ਲ ਹੋ ਗਏ । ਇਸ ਤੋਂ ਜਾਪਦਾ ਹੈ ਕਿ ਸ਼ਹਿਰ ਅੰਦਰ ਚੋਰ ਗਿਰੋਹ ਪੂਰੀ ਤਰਾਂ ਸਰਗਰਮ ਹੈ। ‘ਸਾਡਾ ਮੋਗਾ ਡੌਟ ਕੌਮ’ ਦੀ ਜਾਣਕਾਰੀ ਅਨੁਸਾਰ ਬੀਤੀ ਰਾਤ ਵੀ ਅਣਪਛਾਤੇ ਚੋਰਾਂ ਨੇ ਥਾਣਾ ਸਿਟੀ ਮੋਗਾ ਦੇ ਬਿਲਕੁਲ ਨਾਲ ਲੱਗਦੀਆਂ ਰੈਡ ਕਰਾਸ ਦੀਆਂ ਦੁਕਾਨਾਂ ਵਿਚ ਸਥਿਤ ਕਟਾਰੀਆ ਮੈਡੀਕਲ ਦੀ ਦੁਕਾਨ ਦਾ ਸ਼ਟਰ ਤੋੜ ਕੇ ਉਸ ਵਿਚੋਂ 10 ਹਜ਼ਾਰ ਰੁਪਏ ਦੇ ਕਰੀਬ ਨਗਦੀ ਚੋਰੀ ਕਰ ਲਈ । ਇਸ ਸਬੰਧ ਵਿਚ ਲਵਲੀ ਕਟਾਰੀਆ ਵੱਲੋਂ ਥਾਣਾ ਸਿਟੀ ਮੋਗਾ ਨੂੰ ਲਿਖਤੀ ਸ਼ਿਕਾਇਤ ਪੱਤਰ ਦਿੱਤਾ ਗਿਆ। ਇਸੇ ਤਰਾਂ ਥਾਣੇ ਤੋਂ ਥੋੜੀ ਦੂਰ ਅਮਿ੍ਰਤਸਰ ਰੋਡ ਤੋਂ ਜ਼ੀਰਾ ਤਿਕੋਣੀ ’ਤੇ ਚਰਚ ਦੇ ਸਾਹਮਣੇ ਦਵਾਈ ਵਿਕ੍ਰੇਤਾ ਮਨਚੰਦਾ ਡਿਸਟ੍ਰੀਬਿਊਟਰਜ਼ ਦੀ ਦੁਕਾਨ ਦਾ ਸ਼ਟਰ ਤੋੜ ਕੇ ਅਣਪਛਾਤੇ ਚੋਰ ਕਰੀਬ ਡੇਢ ਰੁਪਏ ਨਗਦ ਗੱਲੇ ਵਿਚੋਂ ਕੱਢ ਕੇ ਲੈ ਗਏ। ਇਸ ਸਬੰਧ ਵਿਚ ਦੁਕਾਨ ਦੇ ਮਾਲਕ ਸੁਭਾਸ਼ ਚੰਦਰ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਪੱਤਰ ਦਿੱਤਾ। ਚੋਰੀ ਦੀ ਘਟਨਾ ਦੀ ਜਾਣਕਾਰੀ ਮਿਲਣ ‘ਤੇ ਹੌਲਦਾਰ ਮਨਪ੍ਰੀਤ ਸਿੰਘ, ਹਰਮੀਤ ਸਿੰਘ ਤੇ ਜਗਸੀਰ ਸਿੰਘ ਮੌਕੇ ‘ਤੇ ਪੁੱਜੇ। ਜਾਂਚ ਅਧਿਕਾਰੀ ਹੌਲਦਾਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਆਸਪਾਸ ਦੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਸੁਰਾਗ ਮਿਲ ਸਕੇ, ਪਰ ਤੁਰੰਤ ਕੋਈ ਸੁਰਾਗ ਨਹੀਂ ਮਿਲ ਸਕਿਆ। ਅਣਪਛਾਤੇ ਚੋਰਾਂ ਦੇ ਖਿਲਾਫ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰੂ ਨਾਨਕ ਮਾਰਕੀਟ ਦੀਆਂ ਪੰਜ ਦੁਕਾਨਾਂ ਦੇ ਸ਼ਟਰ ਤੋੜ ਕੇ ਅਣਪਛਾਤੇ ਚੋਰਾਂ ਨੇ ਲੱਖਾਂ ਰੁਪਏ ਦੀ ਨਗਦੀ ਚੋਰੀ ਕੀਤੀ ਸੀ ਜਦਕਿ ਅਮਿ੍ਰਤਸਰ ਰੋਡ ’ਤੇ ਸਥਿਤ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ ’ਤੇ ਵੀ ਚੋਰਾਂ ਨੇ ਸ਼ਟਰ ਤੋੜ ਕੇ ਲੱਖਾਂ ਰੁਪਏ ਦੇ ਕੱਪੜੇ ਚੋਰੀ ਕਰ ਲਏ ਸਨ ਅਤੇ ਚੋਰ ਸੀ ਸੀ ਟੀ ਵੀ ਕੈਮਰੇ ਵਿਚ ਵੀ ਸਪੱਸ਼ਟ ਦਿਖਾਈ ਦੇ ਰਹੇ ਸਨ ਪਰ ਫੇਰ ਵੀ ਬੀਤੀ ਰਾਤ ਇਹ ਦੋ ਘਟਨਾਵਾਂ ਹੋਰ ਵਾਪਰ ਗਈਆਂ । ਇਹ ਵੀ ਚਰਚਾ ਹੈ ਕਿ ਜ਼ੀਰਾ ਚੌਂਕ ਵਿਚ ਲੱਗੇ ਸੀ ਸੀ ਟੀ ਵੀ ਕੈਮਰੇ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੇ ।