ਕੀ ਮੁੱਖ ਮੰਤਰੀ ਨੂੰ ਜ਼ਮੀਨ ਖਰੀਦਣ ਦੀ ਇਜਾਜ਼ਤ ਨਹੀਂ ਹੈ--ਕੈਪਟਨ ਅਮਰਿੰਦਰ ਸਿੰਘ ,,,ਵਿਰੋਧੀਆਂ ’ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਵਿਰੋਧੀ ਪਾਰਟੀਆਂ ਸੌੜੇ ਸਿਆਸੀ ਹਿੱਤ ਪੂਰਨ ਲਈ ਬੇਲੋੜਾ ਵਿਵਾਦ ਖੜ੍ਹਾ ਕਰ ਰਹੀਆਂ

ਚੰਡੀਗੜ੍ਹ, 3 ਫਰਵਰੀ(ਜਸ਼ਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਮੋਹਾਲੀ ’ਚ ਹੋਏ ਜ਼ਮੀਨ ਦੇ ਸੌਦੇ ਵਿਚ ਕਿਸੇ ਵੀ ਤਰ੍ਹਾਂ ਨਿਯਮਾਂ ਦੀ ਉਲੰਘਣਾ ਅਤੇ ਹਿੱਤਾਂ ਦੇ ਟਕਰਾਅ ਹੋਣ ਨੂੰ ਮੁਢੋਂ ਰੱਦ ਕਰਦਿਆਂ ਆਖਿਆ ਕਿ ਵਿਰੋਧੀ ਪਾਰਟੀਆਂ ਆਪਣੇ ਸੌੜੇ ਸਿਆਸੀ ਹਿੱਤ ਪੂਰਨ ਲਈ ਬੇਲੋੜਾ ਵਿਵਾਦ ਖੜ੍ਹਾ ਕਰ ਰਹੀਆਂ ਹਨ।ਕੈਪਟਨ ਅਮਰਿੰਦਰ ਸਿੰਘ ਨੇ ਹਿੱਤਾਂ ਦੇ ਟਕਰਾਅ ਦੇ ਨਿਰਆਧਾਰ ਦੋਸ਼ ਲਾ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਵਿਰੋਧੀਆਂ ’ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਕੀ ਮੁੱਖ ਮੰਤਰੀ ਨੂੰ ਜ਼ਮੀਨ ਖਰੀਦਣ ਦੀ ਇਜਾਜ਼ਤ ਨਹੀਂ ਹੈ।ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੇ ਤਾਂ ਮੋਹਾਲੀ ਸਥਿਤ ਸਿਸਵਾਂ ਵਿਖੇ ਇਸ ਜ਼ਮੀਨ ਦੀ ਖਰੀਦ ਲਈ ਡੀ.ਸੀ. ਰੇਟ ਤੋਂ ਵੀ ਵੱਧ ਭਾਅ ਦਿੱਤਾ ਹੈ ਕਿਉਂਕਿ ਜ਼ਮੀਨ ਦਾ ਮਾਲਕ ਇਸ ਨੂੰ ਵੇਚਣ ਲਈ ਤਿਆਰ ਨਹੀਂ ਸੀ। ਮੁੱਖ ਮੰਤਰੀ ਨੇ ਕੁਝ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਆਖਿਆ ਕਿ ਇਸ ਜ਼ਮੀਨ ਦਾ ਡੀ.ਸੀ. ਰੇਟ 30 ਲੱਖ ਰੁਪਏ ਪ੍ਰਤੀ ਏਕੜ ਹੈ ਪਰ ਉਨ੍ਹਾਂ ਨੇ ਇਸ ਤੋਂ ਦੁੱਗਣੀ ਰਕਮ 60 ਲੱਖ ਰੁਪਏ ਪ੍ਰਤੀ ਏਕੜ ਅਦਾ ਕੀਤੀ ਹੈ।ਮੁੱਖ ਮੰਤਰੀ ਨੇ ਆਖਿਆ ਕਿ ਇਸ ਜ਼ਮੀਨ ਦਾ ਪੀ.ਐਲ.ਪੀ.ਏ ਨਾਲ ਕੋਈ ਵਾਹ-ਵਾਸਤਾ ਨਹੀਂ ਹੈ ਅਤੇ ਉਨ੍ਹਾਂ ਨੇ ਇੱਥੇ ਇਕ ਛੋਟਾ ਜਿਹਾ ਫਾਰਮ ਹਾਊਸ ਬਣਾਉਣ ਦੀ ਯੋਜਨਾ ਬਣਾਈ ਹੈ ਕਿਉਂਕਿ ਉਨ੍ਹਾਂ ਕੋਲ ਚੰਡੀਗੜ੍ਹ ਵਿਖੇ ਆਪਣਾ ਘਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਵਿਚ 32 ਕਿਸਮਾਂ ਦੇ ਫਲਦਾਰ ਬੂਟੇ ਲਾਏ ਜਾ ਰਹੇ ਹਨ।ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੀ.ਐਲ.ਪੀ.ਏ ਦੇ ਘੇਰੇ ਵਿਚ ਆਉਂਦੀ ਜੰਗਲਾਤ ਜ਼ਮੀਨ ਨੂੰ ਵਰਤਣ ਲਈ ਉਨ੍ਹਾਂ ਦੀ ਕੋਈ ਮਨਸ਼ਾ ਨਹੀਂ ਹੈ। ਇਸ ਐਕਟ ਤਹਿਤ ਦੋ ਖਸਰੇ ਇਸ ਦੇ ਘੇਰੇ ਵਿਚ ਆ ਗਏ ਹਨ ਜਿਨ੍ਹਾਂ ਨੂੰ ਬਿਨਾਂ ਕਿਸੇ ਵਲਗਣ ਤੋਂ ਛੱਡ ਦਿੱਤਾ ਗਿਆ ਹੈ ਜਦਕਿ ਬਾਕੀ ਜ਼ਮੀਨ ਨੂੰ ਪਿਛਲੀ ਸਰਕਾਰ ਨੇ ਬਹੁਤ ਪਹਿਲਾਂ ਸਾਲ 2011 ਵਿਚ ਡੀ-ਨੋਟੀਫਾਈ ਕਰ ਦਿੱਤਾ ਸੀ।ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਕੋਲ ਪਿੰਡ ਮਾਜਰੀ ਵਿਚ ਪਹਿਲਾਂ ਹੀ 15 ਏਕੜ ਜ਼ਮੀਨ ਹੈ ਜਿਸ ਨੂੰ ਉਨ੍ਹਾਂ ਨੇ 25 ਸਾਲ ਪਹਿਲਾਂ ਖਰੀਦਿਆ ਸੀ। ਇਹ ਜ਼ਮੀਨੀ ਰਕਬਾ ਪੀ.ਐਲ.ਪੀ.ਏ ਦੀਆਂ ਬੰਦਿਸ਼ਾਂ ਨਾਲ ਸਬੰਧਤ ਹੈ ਜੋ ਇਸੇ ਤਰ੍ਹਾਂ ਜਾਰੀ ਰਹੇਗਾ।ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਵੱਲੋਂ ਹਾਲ ਹੀ ਵਿਚ ਸਿਸਵਾਂ ਪਿੰਡ ਵਿਚ ਖਰੀਦੀ ਜ਼ਮੀਨ ਵਿਚ ਉਸਾਰੀ ਲਈ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦਾ ਬਜਟ ਸੈਸ਼ਨ ਮਾਰਚ ਦੇ ਦੂਜੇ ਹਫ਼ਤੇ ਵਿਚ ਹੋਵੇਗਾ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਮਾਰਚ ਦੇ ਆਰੰਭ ਵਿਚ ਨਿਰਧਾਰਤ ਅਗਲੇ ਰੁਜ਼ਗਾਰ ਮੇਲੇ ਦੌਰਾਨ ਲਗਪਗ 1.50 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ