ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਸਮਾਰਕ ‘ਤੇ ਕਮਿਸ਼ਨਰ, ਡਿਪਟੀ ਕਮਿਸ਼ਨਰ ,ਸੁਖਜੀਤ ਸਿੰਘ ਲੋਹਗੜ ,ਦਰਸ਼ਨ ਸਿੰਘ ਬਰਾੜ ਅਤੇ ਡਾ: ਹਰਜੋਤ ਕਮਲ ਹੋਏ ਨਤਮਸਤਕ

 ਢੁੱਡੀਕੇ (ਮੋਗਾ) 28 ਜਨਵਰੀ(ਜਸ਼ਨ) :ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ 153 ਵੇਂ ਜਨਮ ਦਿਨ ਮੌਕੇ” ਉਨਾਂ ਦੀ ਸਮਾਰਕ ‘ਤੇ ਅੱਜ ਪੰਜਾਬ ਸਰਕਾਰ ਵੱਲੋ ਕਮਿਸ਼ਨਰ ਫ਼ਿਰੋਜ਼ਪੁਰ ਮੰਡਲ ਸ੍ਰੀ ਸੁਮੇਰ ਸਿੰਘ ਗੁਰਜਰ ਅਤੇ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਲਾਲਾ ਲਾਜਪਤ ਰਾਏ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਲਾਲਾ ਲਾਜਪਤ ਰਾਏ ਵੱਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਦਿੱਤੀ ਗਈ ਕੁਰਬਾਨੀ ਅਤੇ ਉਨਾਂ ਦੇ ਡੁੱਲੇ ਖੂਨ ਦੇ ਇੱਕ-ਇੱਕ ਕਤਰੇ ਤੋਂ ਪ੍ਰੇਰਣਾ ਲੈ ਕੇ ਇਸ ਧਰਤੀ ਨੇ ਅਨੇਕਾਂ ਯੋਧੇ ਪੈਦਾ ਕੀਤੇ। ਉਨਾਂ ਕਿਹਾ ਕਿ ਸਾਡੇ ਮਹਾਨ ਦੇਸ਼ ਭਗਤਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵੱਡੀਆਂ ਕੁਰਬਾਨੀਆਂ ਕੀਤੀਆਂ ਅਤੇ ਹੱਸ-ਹੱਸ ਕੇ ਫਾਂਸੀ ਦੇ ਰੱਸੇ ਚੁੰਮੇ। ਉਨਾਂ ਕਿਹਾ ਕਿ ਅੰਗਰੇਜ਼ ਸਰਕਾਰ ਦੇ ਸਾਈਮਨ ਕਮਿਸ਼ਨ ਦੇ ਕਾਲੇ ਕਾਨੂੰਨ ਦੇ ਵਿਰੋਧ ਕਾਰਣ ਅੰਗਰੇਜ਼ਾਂ ਨੇ ਲਾਲਾ ਲਾਜਪਤ ਰਾਏ ਜੀ ‘ਤੇ ਵਰਾਈਆਂ ਗਈਆਂ ਲਾਠੀਆਂ ਸਦਕਾ ਉਨਾਂ ਨੇ ਸ਼ਹਾਦਤ ਦਿੱਤੀ। ਉਨਾਂ ਕਿਹਾ ਕਿ ਲਾਲਾ ਲਾਜਪਤ ਰਾਏ ਜੀ ਦੀ ਸ਼ਹਾਦਤ ਨੇ ਆਜ਼ਾਦੀ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਇਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦ ਮਾਹੌਲ ‘ਚ ਸਾਹ ਲੈ ਰਹੇ ਹਾਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਨਾਂ ਦੇ ਨਗਰਾਂ ਦਾ ਪਹਿਲ ਦੇ ਆਧਾਰ ‘ਤੇ ਵਿਕਾਸ ਕਰਨ ਲਈ ਵਚਨਬੱਧ ਹੈ। ਇਸ ਮੌਕੇ ਵਿਧਾਇਕ ਮੋਗਾ ਡਾ: ਹਰਜੋਤ ਕਮਲ, ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ ਅਤੇ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਇੰਨਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਵੀ ਨਹੀਂ ‘ਤਾਰ ਸਕਦੀਆਂ। ਉਨਾਂ ਕਿਹਾ ਕਿ ਆਪਣੇ ਸ਼ਹੀਦਾਂ ਨੂੰ ਯਾਦ ਰੱਖਣ ਵਾਲੀਆਂ ਕੌਮਾਂ ਹਮੇਸ਼ਾ ਜੀਵਤ ਰਹਿੰਦੀਆਂ ਹਨ। ਉਨਾਂ ਕਿਹਾ ਕਿ ਲਾਲਾ ਲਾਜਪਤ ਰਾਏ ਜੀ ਦੀ ਸ਼ਹੀਦੀ ਨੇ ਅੰਗਰੇਜ਼ ਸਾਮਰਾਜ ਦੀਆਂ ਜੜਾਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਉਨਾਂ ਦੀ ਮਹਾਨ ਸ਼ਹਾਦਤ ਨੌਜਵਾਨਾਂ ਲਈ ਪ੍ਰੇਰਣਾ ਸ਼੍ਰੋਤ ਹੈ। ਉਨਾਂ ਕਿਹਾ ਕਿ ਉਹ ਢੁੱਡੀਕੇ ਦੀ ਇਸ ਪਵਿੱਤਰ ਧਰਤੀ ਨੂੰ ਸਿਜਦਾ ਕਰਦੇ ਹਨ, ਜਿਸ ਨੇ ਜੰਗ-ਏ-ਅਜਾਦੀ ਦੇ ਇੱਕ ਮਹਾਨ ਸ਼ਹੀਦ ਨੂੰ ਜਨਮ ਦਿੱਤਾ। ਉਨਾਂ ਕਿਹਾ ਕਿ ਅੰਗਰੇਜਾਂ ਦੀ ਗੁਲਾਮੀ ਖਿਲਾਫ਼ ਲੜ ਕੇ ਸ਼ਹੀਦ ਭਗਤ ਸਿੰਘ ਸਮੇਤ ਹੋਰ ਹਜ਼ਾਰਾਂ ਅਜ਼ਾਦੀ ਪ੍ਰਵਾਨਿਆਂ ਦੇ ਪ੍ਰੇਰਣਾ ਸ੍ਰੋਤ ਬਣਨ ਵਾਲੇ ਪੰਜਾਬ ਦੇ ਮਹਾਨ ਅਜ਼ਾਦੀ ਘੁਲਾਟੀਏ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜਨਮ ਅਸਥਾਨ ਪਿੰਡ ਢੁੱਡੀਕੇ ਦੇ ਵਿਕਾਸ ਲਈ ਗ੍ਰਾਂਟਾਂ ਦੀ ਕਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਰਾਂ ਕਿਹਾ ਕਿ ਪਿੰਡ ਢੁੱਡੀਕੇ ਅਤੇ ਆਸ-ਪਾਸ ਦੀਆਂ ਪਹੁੰਚ ਸੜਕਾਂ ਦੀ ਮੁਰੰਮਤ ਦਾ ਕੰਮ ਇੱਕ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ। ਉਕਤ ਵਿਧਾਇਕਾਂ ਨੇ ਢੁੱਡੀਕੇ ਪਿੰਡ ਵਿੱਚ ਜ਼ਿਲੇ ਦੇ ਬਣ ਰਹੇ ਪਹਿਲੇ ਐਸਟ੍ਰੋਟਰਫ਼ ਦਾ ਕੰਮ ਜਲਦੀ ਨੇਪਰੇ ਚਾੜਨ ਦਾ ਵੀ ਭਰੋਸਾ ਦਿਵਾਇਆ।ਉਨਾਂ ਕਿਹਾ ਕਿ ਅਜੋਕੇ ਨੌਜਵਾਨਾਂ ਨੂੰ ਦੇਸ਼ ਦੇ ਇਨਾਂ ਮਹਾਨ ਸ਼ਹੀਦਾਂ ਦੀ ਸੋਚ ਤੋਂ ਪ੍ਰੇਰਨਾ ਲੈ ਕੇ ਨਰੋਏ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਐਸ.ਪੀ (ਹੈਡ) ਪਿ੍ਰਥੀਪਾਲ ਸਿੰਘ, ਚੇਅਰਮੈਨ ਲਖਵੀਰ ਸਿੰਘ ਗਿੱਲ,  ਨਛੱਤਰ ਸਿੰਘ ਗਿੱਲ, ਲਾਲਾ ਲਾਜਪਤ ਰਾਏ ਜਨਮ ਸਥਾਨ ਯਾਦਗਾਰ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਧੰਨਾ, ਸਰਪੰਚ ਜਸਦੀਪ ਸਿੰਘ ਗੈਰੀ, ਸਕੱਤਰ ਰਾਜਜੰਗ ਸਿੰਘ, ਖਜ਼ਾਨਚੀ ਕੇਵਲ ਸਿੰਘ, ਬਲਵਿੰਦਰ ਸਿੰਘ ਗਿੱਲ, ਪਰਮਜੀਤ ਸਿੰਘ ਪੰਮਾ ਤੋਂ ਇਲਾਵਾ ਪਤਵੰਤੇ ਵਿਅਕਤੀ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ