ਪਰੋਫੈਸਰ ਸਾਧੂ ਸਿੰਘ ਨੇ ਸਮਾਲਸਰ ਦੇ ਵਿਕਾਸ ਕਾਰਜਾਂ ਲਈ ਖੁੱਲੇ ਦਿਲ ਨਾਲ ਵੰਡਿਆ ਫੰਡ

ਸਮਾਲਸਰ, 28 ਜਨਵਰੀ-(ਗਗਨਦੀਪ)-ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਪ੍ਰੋ. ਸਾਧੂ ਸਿੰਘ ਵੀਰਵਾਰ ਨੂੰ ਕਸਬਾ ਸਮਾਲਸਰ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਹ ਸਰਕਾਰੀ ਪ੍ਰਾਇਮਰੀ ਸਕੂਲ (ਬਰਾਂਚ) ਸਮਾਲਸਰ ਨੂੰ ਲੈਟਰੀਨ ਬਾਥਰੂਮ ਬਣਾਉਣ ਲਈ ਐਮ.ਪੀ. ਕੋਟੇ ਵਿੱਚੋਂ ਭੇਜੀ ਗਈ ਦੋ ਲੱਖ ਰੁਪਏ ਦੀ ਰਾਸ਼ੀ ਦੇ ਸਬੰਧ ਵਿੱਚ ਲਿਖਤੀ ਪੱਤਰ ਦੇਣ ਆਏ ਸਨ। ਸਰਕਾਰੀ ਪ੍ਰਾਇਮਰੀ ਸਕੂਲ (ਮੇਨ) ਵਿੱਚ ਰੱਖੇ ਗਏ ਸਾਦੇ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਭਰਨ ਸਮੇਂ ਪ੍ਰੋਫੈਸਰ ਸਾਧੂ ਸਿੰਘ ਨੇ ਕਿਹਾ ਕਿ ਉਹ ਦਿੱਲੀ ਦੀ ਸਰਕਾਰ ਦੇ ਤਰਜ ‘ਤੇ ਪਹਿਲਾਂ ਵਿੱਦਿਆ ਦੇ ਖੇਤਰ ਵਿੱਚ ਸੁਧਾਰ ਲਿਆਉਣ ਦੇ ਮਕਸਦ ਨਾਲ ਸਰਕਾਰੀ ਸਕੂਲਾਂ ਨੂੰ ਸੁਧਾਰਨ ਲਈ ਯਤਨਸ਼ੀਲ ਹਨ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਗੜ ਦੀ ਪੰਚਾਇਤ ਲਈ ਬਣਾਈ ਗਈ ਪਾਣੀ ਵਾਲੀ ਟੈਂਕੀ ਅਤੇ ਕੰਕਰੀਟ ਬੈਂਚ ਬਣਾਉਣ ਲਈ ਦੋ ਲੱਖ ਰੁਪਏ ਦੀ ਰਾਸ਼ੀ ਦੇਣ ਲਈ ਗੁਰਮੇਲ ਸਿੰਘ ਸਰਪੰਚ ਦੇ ਘਰ ਪਹੁੰਚੇ। ਸੁਖਮੰਦਰ ਸਿੰਘ ਨੀਲਾ ਸਰਪੰਚ ਨੇ ਆਪਣੀ ਪੰਚਾਇਤ ਲਈ ਕੰਕਰੀਟ ਸੀਟਾਂ ਅਤੇ ਹੋਰ ਵਿਕਾਸ ਕਾਰਜਾਂ ਵਾਸਤੇ ਐਮ.ਪੀ. ਕੋਟੇ ਤਹਿਤ ਫੰਡ ਦੀ ਮੰਗ ਵੀ ਰੱਖੀ। ਮੀਡੀਆ ਨਾਲ ਗੱਲਬਾਤ ਦੌਰਾਨ ਸੰਸਦ ਮੈਂਬਰ ਪ੍ਰੋ: ਸਾਧੂ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਸਾਫ ਮੁੱਕਰ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਹੁਣ ਕਿਸਾਨਾਂ ਤੋਂ ਮੋਟਰਾਂ ਦੇ ਬਿੱਲ ਵਸੂਲਣ ਦੀ ਤਿਆਰੀ ਕਰ ਰਹੀ ਹੈ। ਉਹਨਾਂ ਨੇ ਸੇਵਾ ਕੇਂਦਰ ਬੰਦ ਕਰਨ ਦੇ ਫੈਸਲੇ ਨੂੰ ਵੀ ਮੰਦਭਾਗਾ ਕਰਾਰ ਦਿੱਤਾ। ਇਸ ਮੌਕੇ ਸੁਖਜਿੰਦਰ ਸਿੰਘ ਪੀ.ਏ, ਸੁਖਚੈਨ ਸਿੰਘ ਮਾਹਲਾ ਆਦਿ ਤੋਂ ਇਲਾਵਾ ਹੋਰ ਵਰਕਰ ਤੇ ਵਲੰਟੀਅਰ ਵੀ ਹਾਜ਼ਰ ਸਨ। ਇਸ ਫੇਰੀ ਦੌਰਾਨ ਪਾਰਟੀ ਦੇ ਕਈ ਮਿਹਨਤੀ ਵਲੰਟੀਅਰ ਤੇ ਅਹੁਦੇਦਾਰ ਖਾਸੇ ਨਾਰਾਜ਼ ਵੀ ਨਜ਼ਰ ਆਏ ਅਤੇ ਉਹਨਾਂ ਨੇ ਪ੍ਰੋਫੈਸਰ ਸਾਧੂ ਸਿੰਘ ਦੇ ਪ੍ਰੋਗਰਾਮ ਤੋਂ ਜਾਣ ਬੁੱਝ ਕੇ ਦੂਰੀ ਬਣਾਈ ਰੱਖੀ। ਇੰਨਾਂ ਨਾਰਾਜ਼ ਵਲੰਟੀਅਰਾਂ ਦਾ ਕਹਿਣਾ ਸੀ ਕਿ ਵਿਕਾਸ ਕਾਰਜਾਂ ਲਈ ਫੰਡ ਵੰਡਣ ਦੇ ਪ੍ਰੋਗਰਾਮ ਬਾਰੇ ਬਿਲਕੁਲ ਮੌਕੇ ‘ਤੇ ਦੱਸਿਆ ਗਿਆ ਜਦਕਿ ਇਹ ਪ੍ਰੋਗਰਾਮ ਕਈ ਦਿਨ ਪਹਿਲਾਂ ਬਣਾਇਆ ਗਿਆ ਹੋਵੇਗਾ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਜਿਹੜੇ ਵਿਅਕਤੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਲਈ ਜ਼ਿੰਮੇਵਾਰ ਰਹੇ ਸਨ, ਅੱਜ ਉਹਨਾਂ ਨੂੰ ਅੱਗੇ ਲਾਇਆ ਹੋਇਆ ਹੈ ਜਦਕਿ ਜਿਹਨਾਂ ਨੇ ਚੋਣਾਂ ਦੌਰਾਨ ਦੱਬ ਕੇ ਪਾਰਟੀ ਲਈ ਕੰਮ ਕੀਤਾ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।


