ਨੌਜਵਾਨ ਸਭਾ ਨੇ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆਂ ਨੂੰ ਕੀਤਾ ਸਨਮਾਨਿਤ

ਬਾਘਾਪੁਰਾਣਾ,28 ਜਨਵਰੀ (ਜਸ਼ਨ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਯੂਥ ਕਲੱਬ ਦੇ ਨੌਜਵਾਨਾਂ ਵਲੋਂ ਕਰਵਾਏ ਇਕ ਧਾਰਮਿਕ ਸਮਾਗਮ ਦੌਰਾਨ ਮਹਾਨ ਧਾਰਮਿਕ ਸਖਸ਼ੀਅਤ ਅਤੇ ਪ੍ਰਸਿੱਧ ਸਮਾਜ ਸੇਵੀ  ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲਿਆਂ  ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ  ਨੌਜਵਾਨ ਸਭਾ ਦੇ ਆਗੂਆਂ ਸਤਵਿੰਦਰ ਸਿੰਘ, ਜਗਦੀਪ ਸਿੰਘ, ਸਤਨਾਮ ਅਤੇ  ਗੁਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲੇ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਨੂੰ ਨੇਪਰੇ ਚੜਾਉਣ  ਲਈ ਨੌਜਵਾਨਾਂ ’ਚ ਵੱਡਾ ਉਤਸ਼ਾਹ ਪੈਦਾ ਕਰ ਰਹੇ ਹਨ । ਉਹਨਾਂ ਕਿਹਾ ਕਿ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤੋਂ ਹੀ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ  ਚੰਦਪੁਰਾਣੇ ਵਾਲਿਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਭਰੂਣ ਹੱਤਿਆ ਖਿਲਾਫ ਜ਼ੋਰਦਾਰ ਮੁਹਿੰਮ ਛੇੜੀ ਸੀ ਅਤੇ ਸੰਗਤਾਂ ਨੂੰ ਧਾਰਮਿਕ ਕਾਰਜਾਂ ਨਾਲ ਜੋੜਿਆ ਸੀ। ਉਹਨਾਂ ਕਿਹਾ ਕਿ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਚੰਦਪੁਰਾਣੇ ਵਾਲਿਆਂ ਵਾਂਗ ਹੀ ਮੌਜੂਦਾ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਵੀ ਲੋਕ ਭਲਾਈ ਕਾਰਜ ਕਰਦਿਆਂ ਸਮਾਜ ਸੇਵਾ ਦੀ ਰੀਤ ਨੂੰ ਅੱਗੇ ਵਧਾ ਰਹੇ ਹਨ । ਇਸ ਮੌਕੇ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲਿਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਹਮੇਸ਼ਾ ਸੰਗਤਾਂ ਨੂੰ ਸੇਵਾ ਅਤੇ ਸਿਮਰਨ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਹਰ ਪ੍ਰਾਣੀ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦੇ ਸਮਰੱਥ ਹੋ ਸਕੇ।