ਪੰਜਾਬ ਸਰਕਾਰ ਮੋਗਾ ਦੇ ਬੇਘਰ ਕੀਤੇ ਕਾਰੋਬਾਰੀਆਂ ਦਾ ਮੁੜ ਵਸੇਬਾ ਕਰੇ - ਨਸੀਬ ਬਾਵਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਮੋਗਾ

ਮੋਗਾ (ਜਸ਼ਨ) 21 ਜਨਵਰੀ : ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਹਲਕਾ ਮੋਗਾ ਦੇ ਕਾਰਜਕਾਰੀ ਮੈਂਬਰਾਂ ਦੀ ਇੱਕ ਹੰਗਾਮੀ ਮੀਟਿੰਗ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਨਸੀਬ ਬਾਵਾ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਨਿਵਾਸ ਸਥਾਨ ਤੇ ਹੋਈ ਜਿਸ ਵਿੱਚ ਸਰਵ ਸ਼੍ਰੀ ਨਰਿੰਦਰ ਚਾਹਲ ਐਡਵੋਕੇਟ, ਨਵਦੀਪ ਸੰਘਾ, ਅਨਿਲ ਸ਼ਰਮਾ ਵਾਇਸ ਪ੍ਰਧਾਨ, ਨਛੱਤਰ ਸਿੰਘ ਬਲਾਕ ਪ੍ਰਧਾਨ, ਸੁਰਿੰਦਰ ਸਿੰਘ ਦੌਲਤਪੁਰਾ ਬਲਾਕ ਪ੍ਰਧਾਨ, ਨਰੇਸ਼ ਚਾਵਲਾ ਜੁਆਇੰਟ ਸਕੱਤਰ, ਸੁਖਦੀਪ ਸਿੰਘ ਧਾਮੀ ਜੁਆਇੰਟ ਸਕੱਤਰ, ਮੈਡਮ ਊਸ਼ਾ ਰਾਣੀ ਜੁਆਇੰਟ ਸਕੱਤਰ ਅਤੇ ਅਜੈ ਕੁਮਾਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਕਿ ਮੋਗਾ ਵਿਖੇ ਕਾਰੋਬਾਰੀਆਂ ਦੀਆਂ ਦੁਕਾਨਾ ਢਾਉਣ ਤੋ ਪਹਿਲਾ ਉਨ੍ਹਾਂ ਨੂੰ ਮੁੜ ਵਸੇਬੇ ਲਈ ਯੋਗ ਜਗ੍ਹਾ ਅਲਾਟ ਨਹੀਂ ਕੀਤੀ ਗਈ ਜਦੋਂ ਕਿ ਮੋਗੇ ਦੇ ਕਾਂਗਰਸੀ ਲੀਡਰਾਂ ਨੇ ਇਨ੍ਹਾਂ ਲੋਕਾਂ ਨਾਲ ਜਨਤਕ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਮੁੜ ਕਾਰੋਬਾਰ ਕਰਨ ਲਈ ਪਹਿਲਾਂ ਜਗ੍ਹਾ ਦਿੱਤੀ ਜਾਵੇਗੀ ਫਿਰ ਉਨ੍ਹਾਂ ਦੀਆਂ ਦੁਕਾਨਾਂ ਦੀ ਜਗ੍ਹਾ ਤੇ ਕਬਜ਼ਾ ਕੀਤਾ ਜਾਵੇਗਾ ਪ੍ਰੰਤੂ ਇਹ ਵਾਅਦਾ ਖਿਲਾਫੀ ਕਰਦਿਆਂ ਉਨ੍ਹਾਂ ਨੂੰ ਰਾਤੋ-ਰਾਤ ਸੜਕ ਤੇ ਕਰ ਦਿੱਤਾ । ਇਸ ਲਈ ਆਮ ਆਦਮੀ ਪਾਰਟੀ ਪੁਰਜੋਰ ਸ਼ਬਦਾਂ ਵਿੱਚ ਮੰਗ ਕਰਦੀ ਹੈ ਕਿ ਬਿਨ੍ਹਾਂ ਕਿਸੇ ਦੇਰੀ ਉਨ੍ਹਾਂ ਲੋਕਾਂ ਨੂੰ ਮੁੜ ਕਾਰੋਬਾਰ ਕਰਨ ਲਈ ਯੋਗ ਜਗ੍ਹਾ ਦਿੱਤੀ ਜਾਵੇ । ਆਮ ਆਦਮੀ ਪਾਰਟੀ ਨੇ ਉਨ੍ਹਾਂ ਸਿਆਸੀ ਲੋਕਾਂ ਅਤੇ ਕਾਰਪੋਰੇਸ਼ਨ ਵਾਲਿਆਂ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਜੋ ਆਪਣੀ ਲੀਡਰੀ ਚਮਕਾਉਣ ਲਈ ਜਾਂ ਪੈਸੇ ਦੇ ਲਾਲਚ ਵਿੱਚ ਆਏ ਦਿਨ ਕਾਰਪੋਰੇਸ਼ਨ ਦੀ ਜਗ੍ਹਾ ਤੇ ਨਜਾਇਜ ਕਬਜ਼ੇ ਕਰਵਾ ਰਹੇ ਹਨ । ਮੋਗਾ ਵਿੱਚ ਜੋ ਵੀ ਨਜਾਇਜ਼ ਕਬਜ਼ੇ ਹੋਏ ਹਨ, ਉਹ ਰਾਤੋ ਰਾਤ ਨਹੀਂ ਹੋਏ ਬਲਕਿ ਉਹ ਲੰਮੇ ਸਮੇਂ ਤੋਂ ਹੋ ਰਹੇ ਹਨ । ਦੁੱਖ ਦੀ ਗੱਲ ਇਹ ਹੈ ਕਿ ਮਾਨਯੋਗ ਹਾਈਕੋਰਟ ਵੱਲੋਂ ਅਜਿਹੇ ਕੰਮਾਂ ਵਿੱਚ ਦਖਲ ਦੇਣਾ ਪੈ ਰਿਹਾ ਹੈ ਜਿਨ੍ਹਾਂ ਨੂੰ ਮੰਨਣਾ ਵੀ ਸਾਡਾ ਫਰਜ਼ ਹੈ । ਆਮ ਆਦਮੀ ਪਾਰਟੀ ਨੇ ਕਾਰਪੋਰੇਸ਼ਨ ਮੋਗਾ ਨੂੰ ਵਾਰਨਿੰਗ ਦਿੱਤੀ ਹੈ ਕਿ ਉਹ ਅਗੇ ਤੋਂ ਅਜਿਹੇ ਨਜਾਇਜ਼ ਕਬਜ਼ੇ ਕਰਵਾਉਣ ਤੋਂ ਗੁਰੇਜ਼ ਕਰੇ ਅਤੇ ਜੇਕਰ ਕਿਸੇ ਰਾਜਸੀ ਰਸੂਖ ਵਾਲੇ ਲੋਕਾਂ ਨੂੰ ਫਿਰ ਇਨ੍ਹਾਂ ਥਾਵਾਂ ਤੇ ਨਜਾਇਜ਼ ਕਬਜ਼ੇ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਜਿਹੇ ਲੋਕਾਂ ਦੇ ਖਿਲਾਫ ਆਮ ਆਦਮੀ ਪਾਰਟੀ ਮੋਰਚਾ ਖੋਲੇਗੀ । ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਨਸੀਬ ਬਾਵਾ ਨੇ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਾਰਟੀ ਦੇ ਸਾਰੇ ਅਹੁਦੇਦਾਰਾਂ ਨੇ ਫੈਸਲਾ ਕੀਤਾ ਕਿ ਉਹ ਭਿ੍ਰਸ਼ਟਾਚਾਰ ਅਤੇ ਬੇਨਿਯਮੀਆਂ ਦੇ ਖਿਲਾਫ ਡੱਟ ਕੇ ਆਪਣਾ ਪਹਿਰਾ ਦੇਣਗੇ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


