ਮੁੱਖ ਮੰਤਰੀ ਵੱਲੋਂ ਮੁੱਖ ਮੰਤਰੀ ਵੱਲੋਂ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਮਾਤਾ ਡਾ. ਅਮਿ੍ਰਤ ਤਿਵਾੜੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ, 14 ਜਨਵਰੀ(ਜਸ਼ਨ)ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਮਾਤਾ ਡਾ. ਅਮਿ੍ਰਤ ਤਿਵਾੜੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਪਦਮ ਸ੍ਰੀ ਐਵਾਰਡ ਨਾਲ ਸਨਮਾਨੇ ਡਾ. ਅਮਿ੍ਰਤ ਤਿਵਾੜੀ ਵੱਲੋਂ ਦੰਦ ਵਿਗਿਆਨ ਅਤੇ ਦੰਦਾਂ ਦੇ ਇਲਾਜ ਵਿੱਚ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਪਾਏ ਯੋਗਦਾਨ ਤੋਂ ਇਲਾਵਾ ਪੀ.ਜੀ.ਆਈ. ਚੰਡੀਗੜ੍ਹ ਵਿੱਚ ਬਤੌਰ ਡੀਨ ਤੇ ਹੋਰ ਕਈ ਪ੍ਰਸ਼ਾਸਕੀ ਅਹੁਦਿਆਂ ’ਤੇ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਚੇਤੇ ਕੀਤਾ। ਉਨ੍ਹਾਂ ਕਿਹਾ ਕਿ ਡਾ. ਤਿਵਾੜੀ ਕਈ ਗੁਣਾਂ ਦੇ ਧਾਰਨੀ ਇਕ ਬਹੁ-ਪੱਖੀ ਸ਼ਖਸੀਅਤ ਸਨ ਜਿਨ੍ਹਾਂ ਨੇ ਨਗਰ ਨਿਗਮ ਚੰਡੀਗੜ੍ਹ ਦੇ ਮੈਂਬਰ ਹੁੰਦਿਆਂ ਇਸ ਸ਼ਹਿਰ ਤੇ ਆਸ-ਪਾਸੇ ਦੇ ਇਲਾਕਿਆਂ ਵਿੱਚ ਔਕੜਾਂ ਹੰਢਾ ਰਹੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਅਣਥੱਕ ਕਾਰਜ ਕੀਤੇ।ਦੁਖੀ ਪਰਿਵਾਰ ਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।