2 ਕਰੋੜ ਰੁਪਏ ਨਾਲ ਖਟਕੜ ਕਲਾਂ ਯਾਦਗਾਰੀ ਮਿਊਜ਼ੀਅਮ ਦੀ ਹੋਵੇਗੀ ਸੰਪੂਰਨਤਾ, ਸ਼ਹੀਦ-ਏ-ਆਜ਼ਮ ਦੀ ਜੇਲ ਡਾਇਰੀ ਪੰਜਾਬ ਦੇ ਸਕੂਲਾਂ ਵਿੱਚ ਵੰਡੀ ਜਾਵੇਗੀ- ਨਵਜੋਤ ਸਿੰਘ ਸਿੱਧੂ

ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ), 5 ਜਨਵਰੀ-(ਜਸ਼ਨ) ਸਭਿਆਚਾਰਕ ਮਾਮਲੇ, ਸੈਰ ਸਪਾਟਾ ਤੇ ਸਥਾਨਕ ਸਰਕਾਰਾਂ ਬਾਰੇ ਕੈਬਿਨਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਸਰਕਾਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ (23 ਮਾਰਚ) ਰਾਜ ਭਰ ਵਿੱਚ ‘ਯੁਵਾ ਸ਼ਕਤੀ ਦਿਵਸ’ ਵਜੋਂ ਮਨਾਏਗੀ। ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਦੇ ਵਿਸਤਾਰ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ, ਸ. ਸਿੱਧੂ ਨੇ ਆਖਿਆ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ 23 ਮਾਰਚ ਨੂੰ ਕੌਮੀ ਪੱਧਰ ਦੇ ‘ਯੁਵਾ ਸ਼ਕਤੀ ਦਿਵਸ’ ਵਜੋਂ ਮਨਾਏ ਜਾਣ ਲਈ ਪੱਤਰ ਲਿਖ ਕੇ ਬੇਨਤੀ ਕਰਨਗੇ।ਉਨਾਂ ਆਖਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਕੌਮੀ ਨਾਇਕ ਵਜੋਂ ਸਨਮਾਨੇ ਜਾਂਦੇ ਹਨ, ਇਸ ਲਈ ਪੰਜਾਬ ਸਰਕਾਰ ਵੱਲੋਂ ਉਨਾਂ ਨੂੰ ਯੁਵਾ ਸ਼ਕਤੀ ਦੇ ਪ੍ਰੇਰਨਾਸ੍ਰੋਤ ਵਜੋਂ ਲੈਂਦੇ ਹੋਏ, ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਐਵਾਰਡ ਵੀ ਸਥਾਪਿਤ ਕੀਤਾ ਜਾਵੇਗਾ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਦੇ ਵਿਸਤਾਰ ਕਾਰਜਾਂ ਨੂੰ ਮੁਕੰਮਲ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜੇ 2 ਕਰੋੜ ਰੁਪਏ ਦਾ ਚੈੱਕ ਵਿਧਾਇਕ ਅੰਗਦ ਸਿੰਘ ਤੇ ਈ.ਓ. ਨਵਾਂਸ਼ਹਿਰ ਨੂੰ ਸੌਂਪਦਿਆਂ ਉਨਾਂ ਆਖਿਆ ਕਿ ਮਿਊਜ਼ੀਅਮ ਦਾ ਬਿਜਲੀ ਉਪਕਰਣਾਂ ਤੇ ਲਾਈਟਾਂ ਨਾਲ ਸਬੰਧਤ ਕੰਮ ਹਰ ਹਾਲ ਵਿੱਚ 31 ਜਨਵਰੀ ਤੱਕ ਪੂਰਾ ਕੀਤਾ ਜਾਵੇ।

ਇਸ ਤੋਂ ਪਹਿਲਾਂ ਉਨਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ’ਤੇ ਸਿਜਦਾ ਵੀ ਕੀਤਾ। ਉਨਾਂ ਕਿਹਾ ਕਿ ਉਨਾਂ ਮਿਊਜ਼ੀਅਮ ਦੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਵਾਸਤੇ ਕੇਂਦਰ ਪਾਸੋਂ 8 ਕਰੋੜ ਰੁਪਏ ਦੀ ਮੰਗ ਵੀ ਰੱਖੀ ਹੈ। ਉਨਾਂ ਨੇ ਨਾਲ ਹੀ ਸਕੱਤਰ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਸ੍ਰੀ ਵਿਕਾਸ ਪ੍ਰਤਾਪ ਨੂੰ 15 ਫ਼ਰਵਰੀ ਤੱਕ ਲਾਈਟ ਤੇ ਸਾਊਂਡ ਦਾ ਕੰਮ ਮੁਕੰਮਲ ਕਰਵਾਉਣ ਦੇ ਆਦੇਸ਼ ਦਿੱਤੇ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 23 ਮਾਰਚ ਨੂੰ ਇਸ ਮਿਊਜ਼ੀਅਮ ਨੂੰ ਲੋਕ ਅਰਪਣ ਕਰਨਗੇ। ਉਨਾਂ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਮਿੳੂਜ਼ੀਅਮ ਦੇ ਵਿਸਤਾਰ ਕਾਰਜ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤਾ ਜਾਵੇ ਅਤੇ ਕੋਈ ਵੀ ਢਿੱਲ ਮੱਠ ਬਰਦਾਸ਼ਤ ਨਹੀਂ ਹੋਵੇਗੀ।ਸ. ਸਿੱਧੂ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਸਥਿਤ ਜੱਦੀ ਘਰ ਦੇ ਨੇੜੇ ਸੈਲਾਨੀਆਂ ਦੀ ਸਹੂਲਤ ਲਈ ‘ਟਾਇਲਟ ਬਲਾਕ’ ਤਿਆਰ ਕਰਨ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਆਖਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮਿਊਜ਼ੀਅਮ ਵਿਖੇ ਸੈਲਾਨੀਆਂ ਦੀ ਵੱਡੀ ਆਮਦ ਦੇ ਮੱਦੇਨਜ਼ਰ ਕੈਫ਼ੇਟੇਰੀਆ ਤੇ ਟਾਇਲਟ ਬਲਾਕ ਵੀ ਬਣਾਇਆ ਜਾਵੇਗਾ ਤਾਂ ਜੋ ਮਿਊਜ਼ੀਅਮ ਵਿੱਚ ਬਣਨ ਵਾਲੀਆਂ ਵੱਖ-ਵੱਖ ਗੈਲਰੀਆਂ ਵਿਖੇ ਦੇਸ਼ ਦੀ ਅਜ਼ਾਦੀ ਨਾਲ ਸਬੰਧਤ ਇਤਿਹਾਸ ਦੇ ਦਰਸ਼ਨ ਕਰਨ ਵਾਲੇ ਸੈਲਾਨੀਆਂ ਨੂੰ ਕੋਈ ਮੁਸ਼ਕਿਲ ਨਾ ਆਵੇ। ਉਨਾਂ ਨੇ 23 ਮਾਰਚ ਨੂੰ ਸ਼ਹੀਦੀ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਖਟਕੜ ਕਲਾਂ ਆਉਣ ਦੇ ਮੱਦੇਨਜ਼ਰ, ਉਸ ਦਿਨ ਵਾਸਤੇ ਹਰੇਕ ਬੱਸ ਦੇ ਰੁਕਣ ਦੇ ਇੰਤਜ਼ਾਮ ਕਰਨ ਦੇ ਆਦੇਸ਼ ਵੀ ਦਿੱਤੇ। ਸ਼ਹੀਦ-ਏ-ਆਜ਼ਮ ਨਾਲ ਸਬੰਧਤ ਕੁੱਝ ਵਸਤਾਂ ਨਵੀਂ ਦਿੱਲੀ ਵਿਖੇ ਪ੍ਰਦਰਸ਼ਨੀ ਵਿਖੇ ਜਾਣ ਤੋਂ ਬਾਅਦ, ਵਾਪਸ ਨਾ ਆਉਣ ਦੇ ਇੱਕ ਪੱਤਰਕਾਰ ਦੇ ਸੁਆਲ ’ਤੇ ਉਨਾਂ ਨੇ ਇਨਾਂ ਵਸਤਾਂ ਦੀ ਪੜਤਾਲ ਬਾਅਦ ਵਾਪਸੀ ਕਰਵਾਉਣ ਦਾ ਭਰੋਸਾ ਦਿੱਤਾ।ਉਨਾਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਜੇਲ ਡਾਇਰੀ ਨੂੰ ਰਾਜ ਦੇ ਸਮੂਹ ਸਕੂਲਾਂ ਤੱਕ ਮੁਫ਼ਤ ਪੁੱਜਦੀ ਕਰਨ ਲਈ, ਉਨਾਂ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਭਤੀਜੇੇ ਅਭੇ ਸਿੰਘ ਸੰਧੂ ਨਾਲ ਤਾਲਮੇਲ ਕੀਤਾ ਹੈ। ਸ. ਸਿੱਧੂ ਅਨੁਸਾਰ ਉਹ ਪਹਿਲੇ ਪੜਾਅ ਵਿੱਚ ਇਸ ਕਾਰਜ ਲਈ 25 ਲੱਖ ਰੁਪਏ ਆਪਣੇ ਵਿਭਾਗ ਦੀ ਤਰਫੋਂ ਦੇਣਗੇ।ਖਟਕੜ ਕਲਾਂ ਵਿਖੇ ਜੱਦੀ ਘਰ, ਪਾਰਕ ਅਤੇ ਮਿਊਜ਼ੀਅਮ ਦੀ ਦੇਖਭਾਲ ਲਈ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੀਆਂ ਚਾਰਾਂ ਨਗਰ ਕੌਂਸਲਾਂ ਨੂੰ ਆਪਣੇ ਸਲਾਨਾ ਬਜਟ ਵਿੱਚ ਅੱਧਾ-ਅੱਧਾ ਫ਼ੀਸਦੀ ਸੈੱਸ ਰਾਖਵਾਂ ਕਰਨ ਦੇ ਨਿਰਦੇਸ਼ ਦਿੰਦਿਆਂ, ਸ. ਸਿੱਧੂ ਨੇ ਕਿਹਾ ਕਿ ਇਸ ਨਾਲ ਸਾਂਭ-ਸੰਭਾਲ ਵਿੱਚ ਕੋਈ ਦਿੱਕਤ ਨਹੀਂ ਰਹੇਗੀ।ਪੱਤਰਕਾਰਾਂ ਵੱਲੋਂ ਕੇਬਲ ਖ਼ਪਤਕਾਰਾਂ ਪਾਸੋਂ ਐਂਟਰਟੇਨਮੈਂਟ ਕਰ ਅਗਾਊਂ ਵਸੂਲੇ ਜਾਣ ਦੇ ਸੁਆਲਾਂ ’ਤੇ ਸ. ਸਿੱਧੂ ਨੇ ਆਖਿਆ ਕਿ ਇਹ ਟੈਕਸ, ਵਿਧਾਨ ਸਭਾ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਹੀ ਵਸੂਲੀਯੋਗ ਹੋਵੇਗਾ, ਇਸ ਲਈ ਕੇਬਲ ਅਪਰੇਟਰ ਇਸ ਦੀ ਹੁਣ ਤੋਂ ਵਸੂਲੀ ਨਹੀਂ ਕਰ ਸਕਦੇ। ਉਨਾਂ ਇਸ ਸਬੰਧੀ ਜ਼ਿਲਾ ਅਧਿਕਾਰੀਆਂ ਕੋਲ ਸ਼ਿਕਾਇਤ ਕਰਨ ਲਈ ਆਖਿਆ।ਇਸ ਮੌਕੇ ਸ. ਸਿੱਧੂ ਦੇ ਨਾਲ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ, ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਸੈਰ ਸਪਾਟਾ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ, ਡਾਇਰੈਕਟਰ ਸ਼ਿਵ ਦੁਲਾਰ ਸਿੰਘ ਢਿੱਲੋਂ, ਡੀ.ਸੀ. ਅਮਿਤ ਕੁਮਾਰ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਮੌਜੂਦ ਸਨ।  
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ