ਖੈਰ ਦੀ ਲਕੜ ਦੀ ਗੈਰ ਕਾਨੂੰਨੀ ਕਟਾਈ ਦੇ ਮਾਮਲੇ ’ਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਮੁੱਖ ਮੁੱਖ ਵਣਪਾਲ ਤੋਂ 5 ਦਿਨਾਂ ’ਚ ਮੰਗੀ ਰਿਪੋਰਟ

ਚੰਡੀਗੜ, 5 ਜਨਵਰੀ(ਜਸ਼ਨ)-ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ: ਸਾਧੂ ਸਿੰਘ ਧਰਮਸੋਤ ਨੇ ਜ਼ਿਲਾ ਐਸ.ਬੀ.ਐਸ. ਨਗਰ ਜ਼ਿਲੇ ਅਧੀਨ ਪੈਂਦੇ ਦੇ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਚੰਦਿਆਣੀ ਕਲਾਂ, ਮੰਗੂਪੁਰ, ਮਾਹੀਪੁਰ, ਕੁੱਕੜਸੂਹਾ ਦੇ ਜੰਗਲੀ ਖੇਤਰਾਂ ਵਿੱਚੋਂ ਖੈਰ ਦੀ ਲੱਕੜ ਚੋਰੀ ਕੀਤੇ ਜਾਣ ਦੀਆਂ ਖ਼ਬਰਾਂ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਪ੍ਰਮੁੱਖ ਮੁੱਖ ਵਣਪਾਲ ਸ੍ਰੀ ਜਤਿੰਦਰ ਸ਼ਰਮਾ ਨੂੰ ਇਸ ਮਾਮਲੇ ਦੀ ਜਾਂਚ ਰਿਪੋਰਟ 5 ਦਿਨਾਂ ’ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਸ. ਧਰਮਸੋਤ ਨੇ ਕਿਹਾ ਕਿ ਪ੍ਰਮੁੱਖ ਮੁੱਖ ਵਣਪਾਲ ਨੂੰ ਉਕਤ ਸਬੰਧਤ ਖੇਤਰ ਦੇ ਨਜ਼ਦੀਕ ਲੱਕੜ ਚੋਰੀ ਦੇ ਮਾਮਲੇ ਦੀ ਨਿੱਜੀ ਤੌਰ ’ਤੇ ਜਾਂਚ ਕਰਨ ਦੀ ਹਦਾਇਤ ਵੀ ਕੀਤੀ। ਉਨਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਲੱਕੜ ਚੋਰੀ ਦੇ ਮਾਮਲੇ ’ਚ ਸ਼ਾਮਲ ਕਿਸੇ ਵਿਅਕਤੀ ਜਾਂ ਕਿਸੇ ਵੀ ਤਰਾਂ ਦੀ ਸਿੱਧੀ ਜਾਂ ਅਸਿੱਧੀ ਮਦਦ ਕਰਨ ਦੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ। ਸ. ਧਰਮਸੋਤ ਨੇ ਸੂਬੇ ਦੇ ਸਮੁੱਚੇ ਜੰਗਲਾਤ ਖੇਤਰਾਂ ’ਚ ਦਿਨ ਤੇ ਰਾਤ ਸਮੇਂ ਗਸ਼ਤ ਵਧਾਉਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਜੰਗਲਾਤ ਦੀ ਲੱਕੜ ਦੀ ਚੋਰੀ ਅਤੇ ਨਜਾਇਜ਼ ਕਟਾਈ ਰੋਕਣ ਜ਼ਿੰਮੇਵਾਰੀ ਸਬੰਧਤ ਖੇਤਰ ਦੇ ਜੰਗਲਾਤ ਅਧਿਕਾਰੀਆਂ ਦੀ ਹੈ ਅਤੇ ਉਹ ਆਪਣੇ ਅਧੀਨ ਪੈਂਦੇ ਖੇਤਰ ’ਚ ਲੋੜੀਂਦੇ ਕਦਮ ਚੁੱਕਣੇ ਯਕੀਨੀ ਬਣਾਉਣ। ਉਨਾਂ ਕਿਹਾ ਕਿ ਜੰਗਲਾਤ ਅਧਿਕਾਰੀ ਨੂੰ ਲੱਕੜ ਦੀ ਗੈਰ ਕਾਨੂੰਨੀ ਚੋਰੀ ਰੋਕਣ ਲਈ ਰਾਤ ਤੇ ਦਿਨ ਦੀ ਗਸ਼ਤ ਵਧਾਉਣ ਨੂੰ ਯਕੀਨੀ ਬਣਾਉਣ। ਸ: ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ’ਚੋਂ ਹਰ ਤਰਾਂ ਦੇ ਮਾਫੀਏ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ ।


