ਮੋਗਾ ਦੇ ਤਿੰਨ ਵਿਅਕਤੀਆਂ ਦੀ ਹਾਦਸੇ ’ਚ ਮੌਤ , ਕਾਰ ਅਤੇ ਟਰਾਲੇ ਦੀ ਟੱਕਰ ’ਚ ਭਗਵਾਨ ਦਾਸ ਅਤੇ ਉਸਦੀ ਪਤਨੀ ਦੀ ਮੌਤ

ਮੋਗਾ,1 ਜਨਵਰੀ (ਜਸ਼ਨ)- ਤਰਨਤਾਰਨ ਨੇੜੇ ਨਵੇਂ ਬਣ ਰਹੇ ਰਾਸ਼ਟਰੀ ਮਾਰਗ ’ਤੇ ਅੱਜ ਸਵੇਰੇ ਟਰੱਕ ਟਰਾਲੇ ਅਤੇ ਕਾਰ ਦੀ ਟੱਕਰ ’ਚ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਿਹਨਾਂ ਵਿਚ ਪਤੀ ਪਤਨੀ ਅਤੇ ਡਰਾਈਵਰ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਇਕ ਲੜਕੀ ਜਖਮੀ ਹੋ ਗਈ । ਪ੍ਰਤੱਖ ਦਰਸ਼ੀਆਂ ਮੁਤਾਬਕ ਗਲਤ ਸਾਈਡ ਤੋਂ ਆ ਰਹੇੇ ਟਰਾਲੇ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਹ ਹਾਦਸਾ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਨਜ਼ਦੀਕ ਵਾਪਰਿਆ। ਇਹ ਟਰੱਕ ਤਰਨਤਾਰਨ ਤੋਂ ਹਰੀਕੇ ਪੱਤਣ ਵੱਲ ਆ ਰਿਹਾ ਸੀ ਜਦਕਿ ਹਰੀਕੇ ਪੱਤਣ ਵੱਲੋਂ ਇਕ ਨੀਲੇ ਰੰਗ ਦੀ ਸਵਿੱਫਟ ਕਾਰ ਤਰਨਤਾਰਨ ਵੱਲ ਜਾ ਰਹੀ ਸੀ। ਰਾਹ ਵਿਚ ਅਲਾਦੀਨ ਦੇ ਨੇੜੇ ਦੋਨਾਂ ਵਾਹਨਾਂ ਦੀ ਆਹਮੋ ਸਾਹਮਣੀ ਟੱਕਰ ਹੋ ਗਈ । ਧੰੁਦ ਅਤੇ ਟਰਾਲੇ ਦੇ ਗਲਤ ਸਾਈਡ ਆਉਣ ਕਾਰਨ ਵਾਪਰੇ ਇਸ ਹਾਦਸੇ ਦੌਰਾਨ ਕਾਰ ਚਾਲਕ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ।
ਥਾਣਾ ਸਦਰ ਪੁਲਿਸ ਵੱਲੋਂ ਮੌਕੇ ’ਤੇ ਪਹੰੁਚ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮਿ੍ਰਤਕਾਂ ਦੀ ਪਹਿਚਾਣ ਮੋਗਾ ਦੇ ਕਰਿਆਨਾ ਵਪਾਰੀ ਭਗਵਾਨ ਦਾਸ , ਉਹਨਾਂ ਦੀ ਧਰਮ ਪਤਨੀ ਸਰੋਜ ਰਾਣੀ ਵਜੋਂ ਹੋਈ ਹੈ ਜਦਕਿ ਉਹਨਾਂ ਦੀ ਬੇਟੀ ਸਮਾਈਲੀ ਇਸ ਹਾਦਸੇ ਵਿਚ ਜਖਮੀ ਹੋ ਗਈ। ਮੋਗਾ ਦੀ ਮਸ਼ਹੂਰ ਗਲੀ ਨੰਬਰ 2 ਵਿਚ ਪ੍ਰੇਮ ਸਵੀਟਸ ਤੋਂ ਰਜਿੰਦਰ ਕੁਮਾਰ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਿ੍ਰਜ ਲਾਲ ਤਿਲਕ ਰਾਜ ਨਾਮ ਦੇ ਮਸ਼ਹੂਰ ਕਰਿਆਨਾ ਸਟੋਰ ਦੇ ਮਾਲਕ ਭਗਵਾਨ ਦਾਸ ਅੱਜ ਸਵੇਰੇ 6 ਵਜੇ ਟੈਕਸੀ ਕਰਵਾ ਕੇ ਅਮਿ੍ਰਤਸਰ ਲਈ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ ਸਨ ਅਤੇ ਉਹਨਾਂ ਨਾਲ ਉਹਨਾਂ ਦੀ ਪਤਨੀ ਅਤੇ ਚੰਡੀਗੜ ਵਿਖੇ ਡਾਕਟਰੀ ਦੀ ਪੜਾਈ ਕਰ ਰਹੀ ਬੇਟੀ ਸਮਾਈਲੀ ਵੀ ਉਹਨਾਂ ਨਾਲ ਸੀ ਜਿਸ ਨੇ ਅੱਜ ਵਾਪਸ ਜਾਣਾ ਸੀ । ਜ਼ਿਕਰਯੋਗ ਹੈ ਕਿ ਭਗਵਾਨ ਦਾਸ ਦੀਆਂ ਚਾਰ ਲੜਕੀਆਂ ਹੀ ਹਨ ਅਤੇ ਉਹ ਨਿੳੂ ਗੀਤਾ ਕਲੌਨੀ ਵਿਖੇ ਪੁਸ਼ਪਾ ਹੈਲਥ ਕਲੱਬ ਦੇ ਨੇੜੇ ਰਹਿੰਦੇ ਹਨ । ਮਿ੍ਰਤਕ ਟੈਕਸੀ ਡਰਾਈਵਰ ਹਰਨੇਕ ਸਿੰਘ ਦੀ ਪਹਿਚਾਣ ਜ਼ਿਲਾ ਫਿਰੋਜ਼ਪੁਰ ਨੇੜਲੇ ਪਿੰਡ ਭੜਾਣਾ ਵਾਸੀ ਵਜੋਂ ਹੋਈ ਹੈ।


