ਸੁਭਾਸ਼ ਚੰਦਰਾ ਨੇ ਸਮੇਂ ਸਿਰ ਹਾਈਵੇ ਮੁਕੰਮਲ ਨਾ ਕਰਕੇ ਮੋਗਾ ਵਾਸੀਆਂ ਨਾਲ ਕੀਤੀ ਵਾਅਦਾ ਖਿਲਾਫੀ: ਐਡਵੋਕੇਟ ਨਸੀਬ ਬਾਵਾ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ

ਮੋਗਾ, 31 ਦਸੰਬਰ (ਜਸ਼ਨ)- ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੀ ਦੇਖ ਰੇਖ ਵਿਚ ਲੁਧਿਆਣਾ ਤੋਂ ਤਲਵੰਡੀ ਭਾਈ ਸੜਕ ਦਾ ਨਿਰਮਾਣ ਕਰਵਾ ਰਹੀ ਐਸਲ ਗਰੁੱਪ ਕੰਪਨੀ ਨੇ ਸਤੰਬਰ 2014 ਤੱਕ ਆਪਣਾ ਕੰਮ ਮੁਕੰਮਲ ਕਰਨਾ ਸੀ ਅਤੇ ਆਪਣਾ ਵਾਅਦਾ ਪੂਰਾ ਕਰਨ ਲਈ 31 ਦਸੰਬਰ 2017 ਤੱਕ ਸਮਾਂ ਮੰਗਿਆ ਸੀ ਪਰ ਉਕਤ ਕੰਪਨੀ ਨੇ ਨੈਸ਼ਨਲ ਹਾਈਵੇ ਨੂੰ ਸਮੇਂ ਸਿਰ ਚਾਲੂ ਨਾ ਕਰਕੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ ।

ਇਸ ਸਬੰਧੀ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਆਮ ਆਦਮੀ ਪਾਰਟੀ ਦੇ  ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਨੇ ਆਖਿਆ ਕਿ ਕੰਪਨੀ ਦੇ ਚੇਅਰਮੈਨ ਸੁਭਾਸ਼ ਚੰਦਰਾ ਰਾਜ ਸਭਾ ਦੇ ਮੈਂਬਰ ਵੀ ਹਨ ਅਤੇ ਹਿੰਦੋਸਤਾਨ ਦੇ ਬਹੁਤ ਹੀ ਜ਼ਿੰਮੇਵਾਰ ਵਿਅਕਤੀ ਨੇ ਪਰ ਸਿਤਮਜ਼ਰੀਫੀ ਇਹ ਹੈ ਕਿ ਉਹਨਾਂ ਵੱਲੋਂ ਮੋਗਾ ਵਿਖੇ ਆ ਕੇ ਮੋਗਾ ਨਿਵਾਸੀਆਂ ਨਾਲ ਜਨਤਕ ਤੌਰ ’ਤੇ ਵਾਅਦਾ ਕੀਤਾ ਗਿਆ ਸੀ ਕਿ ਨੈਸ਼ਨਲ ਹਾਈਵੇ ਦਾ ਕੰਮ ਕੰਪਨੀ ਵੱਲੋਂ 31 ਦਸੰਬਰ 2017 ਤੱਕ ਪੂਰਾ ਕਰ ਲਿਆ ਜਾਵੇਗਾ ਅਤੇ ਐਸਲ ਗਰੁੱਪ ਕੰਪਨੀ ਦੇ ਚੇਅਰਮੈਨ ਦੇ ਤੌਰ ’ਤੇ ਉਹਨਾਂ ਨੇ ਜਨਤਕ ਤੌਰ ਇਸ ਗੱਲ ਦੀ ਮੁਆਫ਼ੀ ਵੀ ਮੰਗੀ ਸੀ ਕਿ ਲੁਧਿਆਣਾ ਤੋਂ ਤਲਵੰਡੀ ਭਾਈ ਤੱਕ ਨੈਸ਼ਨਲ ਹਾਈਵੇ ਦੇ ਕੰਮ ਵਿਚ ਹੋਈ ਦੇਰੀ ਲਈ ਉਹ ਮੁਆਫ਼ੀ ਮੰਗਦੇ ਹਨ ਪਰ ਅੱਜ 31 ਦਸੰਬਰ 2017 ਦਾ ਦਿਨ ਵੀ ਲੰਘਣ ਜਾ ਰਿਹਾ ਹੈ ਪਰ ਸ਼ੁਭਾਸ਼ ਚੰਦਰਾ ਦਾ ਵਾਅਦਾ ਵਫਾ ਹੰੁਦਾ ਨਜ਼ਰ ਨਹੀਂ ਆ ਰਿਹਾ। ਬਾਵਾ ਨੇ ‘ਸਾਡਾ ਮੋਗਾ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਭਾਸ਼ ਚੰਦਰਾ ਦੀ ਕਹਿਣੀ ਅਤੇ ਕਰਨੀ ’ਚ ਜ਼ਮੀਨ ਆਸਮਾਨ ਦਾ ਫਰਕ ਹੈ। ਇਸ ਸਬੰਧੀ ਐਡਵੋਕੇਟ ਨਸੀਬ ਬਾਵਾ ਨੇ ਕਿਹਾ ਕਿ ਇਸ ਤਰਾਂ ਲੱਗਦਾ ਹੈ ਕਿ ਐਸਲ ਕੰਪਨੀ ਇਕ ਗੈਰ ਜ਼ਿੰਮੇਵਾਰਨਾ ਕੰਪਨੀ ਹੈ ਅਤੇ ਉਹਨਾਂ ਕੇਂਦਰ ਸਰਕਾਰ ਤੋਂ ਇਸ ਗੱਲ ਦੀ ਮੰਗ ਕੀਤੀ ਕਿ ਅਜਿਹੀਆਂ ਕੰਪਨੀਆਂ ਨੂੰ ਸਰਕਾਰ ਵੱਲੋਂ ਬਲੈਕ ਲਿਸਟ ਕਰਕੇ ਫੌਜਦਾਰੀ ਪਰਚਾ ਦਰਜ ਕਰਨਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਲਾਪ੍ਰਵਾਹ ਕੰਪਨੀਆਂ ਲੋਕਾਂ ਦੀਆਂ ਭਾਵਨਾਵਾਂ ਨਾਲ ਨਾ ਖੇਡ ਸਕਣ। ਸ਼੍ਰੀ ਬਾਵਾ ਨੇ ਕੇਂਦਰ ਸਰਕਾਰ ਅਤੇ ਨੈਸ਼ਨਲ ਹਾਈਵੇ ਆਫ਼ ਇੰਡੀਆ ਤੋਂ ਇਸ ਨੈਸ਼ਨਲ ਹਾਈਵੇ ਵਿਚ ਬੇਨਿਯਮੀਆਂ ਦੇ ਖਿਲਾਫ਼ ਇਨਕੁਆਰੀ ਕਰਨ ਦੀ ਮੰਗ ਕੀਤੀ । ਉਹਨਾਂ ਕਿਹਾ ਕਿ ਇਸ ਕੰਪਨੀ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਵਾਰ ਵਾਰ ਕਿਹਾ ਕਿ ਜਾ ਰਿਹਾ ਹੈ ਕਿ ਉਹ ਪੁਲਾਂ ਦੇ ਨਾਲ ਸੜਕਾਂ ਦੀ ਸਹੀ ਤਰੀਕੇ ਨਾਲ ਮੁਰੰਮਤ ਕਰਨ ਅਤੇ ਪੁਲਾਂ ਦੇ ਨਾਲ (ਵਾਲ ਟੂ ਵਾਲ) ਭਾਵ ਪੁਲ ਤੋਂ ਦੁਕਾਨਾਂ ਤੱਕ ਸੜਕਾਂ ਬਣਾਉਣ ਪਰ ਕੰਪਨੀ ਦੇ ਮੁਲਾਜ਼ਮ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਰਦੇ। ਸ਼੍ਰੀ ਬਾਵਾ ਨੇ ਕੰਪਨੀ ਨੂੰ ਤਾੜਨਾ ਕੀਤੀ ਕਿ ਇਸ ਹਾਈਵੇ ਦੀ ਦੇਰੀ ਲਈ ਉਹਨਾਂ ਨੂੰ ਆਮ ਜਨਤਾ ਅਤੇ ਅਦਾਲਤਾਂ ਵਿਚ ਜਵਾਬ ਦੇਹੀ ਦੇਣੀ ਪਵੇਗੀ । ਉਹਨਾਂ ਦੁੱਖ ਪ੍ਰਗਟ ਕੀਤਾ ਕਿ ਕੀੜੀ ਦੀ ਚਾਲੇ ਚੱਲ ਰਹੇ ਉਸਾਰੀ ਕਾਰਜਾਂ ਕਾਰਨ ਅਨੇਕਾਂ ਕੀਮਤੀ ਜਾਨਾਂ ਜਾਣ ਦੇ ਬਾਵਜੂਦ ਪ੍ਰਸ਼ਾਸ਼ਨ ਇਸ ਕੰਪਨੀ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਿਹਾ ।

********* *ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ