ਚੇਤਿਆਂ`ਚ ਵਸਿਆ ਰਹੇਗਾ`ਪਾਲੀ ਪਾਣੀ ਖੂਹ ਤੋਂ ਭਰੇ` ਵਾਲਾ ਗੁਰਪਾਲ ਸਿੰਘ ਪਾਲ- ਬਹਾਦਰ ਡਾਲਵੀ

 

ਗੁਰਪਾਲ ਸਿੰਘ ਪਾਲ ਉਰਫ `ਤਾਰ ਬਾਬੂ` ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਿਆ । ਆਪਣੀ ਉਮਰ ਦੀਆਂ 83 ਪੱਤਝੜਾਂ ਬਹਾਰਾਂ ਹੰਢਾ ਚੁੱਕਾ ਉਹ ਪਿਛਲੇ ਕੁਝ ਮਹੀਨਿਆਂ ਤੋਂ ਸਰੀਰਕ ਕਮਜ਼ੋਰੀ ਕਾਰਨ ਬਿਮਾਰ ਚਲਾ ਆ ਰਿਹਾ ਸੀ । ਪਿਛਲੇ ਸਾਲ ਪਾਲ ਕਈ ਮਹੀਨੇ ਪੀਲੀਏ ਦੀ ਗ੍ਰਿਫਤ ਵਿੱਚ ਆ ਚੁੱਕਾ ਸੀ । ਇਨ੍ਹਾਂ ਸਤਰਾਂ ਦੇ ਲੇਖਕ ਨੇ ਉਸਨੂੰ ਦੋ ਵਾਰ ਪੀਲੀਏ ਦੀ ਦੇਸੀ ਦਵਾਈ ਵੀ ਘੋਲੀਆ ਕਲਾਂ (ਮੋਗਾ) ਤੋਂ ਲੈ ਕੇ ਕੋਟਕਪੂਰੇ ਉਸਦੇ ਗ੍ਰਹਿ ਵਿਖੇ ਦਿੱਤੀ ਸੀ ਤੇ ਉਹ ਕਾਫੀ ਹੱਦ ਤੱਕ ਠੀਕ ਹੋ ਚੁੱਕਾ ਸੀ । ਪਿਛਲੇ ਲੱਗਭੱਗ 25-30 ਸਾਲਾਂ ਤੋਂ ਗੁਰਪਾਲ ਸਿੰਘ ਪਾਲ ਨਾਲ ਮੇਰੀ ਜਾਣ ਪਛਾਣ ਡੂੰਘੀ ਸਾਂਝ ਅਤੇ ਅਪਣੱਤ ਵਿਚ ਬਦਲ ਗਈ ਸੀ । ਭਾਵੇਂ ਉਹ ਮੇਰੇ ਬਾਪ ਦੀ ਉਮਰ ਦਾ ਸੀ, ਲੇਕਿਨ ਉਹ ਮੈਨੂੰ ਛੋਟਾ ਭਰਾ ਸਮਝਦਾ ਸੀ । ਉਸਦੇ ਤੁਰ ਜਾਣ ਨਾਲ ਪੰਜਾਬੀ ਸਭਿਆਚਾਰਕ ਗਾਇਕੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।

ਗੁਰਪਾਲ ਸਿੰਘ ਪਾਲ ਦਾ ਨਾਂਅ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਸੀ । ਖਾਸ ਕਰਕੇ ਮਾਲਵੇ ਦੇ ਖਿੱਤੇ ਵਿਚ ਉਹ ਆਪਣੀ ਨਿਵੇਕਲੀ ਅਤੇ ਵਿਲੱਖਣ ਪਹਿਚਾਣ ਬਣਾ ਚੁੱਕਾ ਸੀ । ਅੱਜ ਤੋਂ ਲੱਗਭੱਗ ਸਾਢੇ ਚਾਰ ਦਹਾਕੇ ਤੋਂ ਪਹਿਲਾਂ ਉਸਦਾ `ਵਰਮਾ ਗ੍ਰਾਮੋਫੋਨ ਕੰਪਨੀ ਮੋਗਾ` ਵਿਚ ਰਿਕਾਰਡ ਹੋਇਆ ਗੀਤ `ਪਾਲੀ ਪਾਣੀ ਖੂਹ ਤੋਂ ਭਰੇ` ਬਹੁ ਚਰਚਿਤ ਅਤੇ ਮਕਬੂਲੀਅਤ ਦੀਆਂ ਬੁਲੰਦੀਆਂ ਉੱਪਰ ਐਸਾ ਪਹੁੰਚਿਆ ਕਿ ਇਸ ਗੀਤ ਦਾ ਮੁੱਖੜਾ ਹੀ ਉਸਦੇ ਨਾਂਅ ਨਾਲ ਜੁੜ ਗਿਆ ਸੀ । ਜਿਥੇ ਕਿਤੇ ਵੀ ਉਹ ਪ੍ਰੋਗਰਾਮ ਦੇਣ ਜਾਂਦਾ ਸੀ, ਸਰੋਤਿਆਂ ਵੱਲੋਂ ਆਪ ਮੁਹਾਰੇ ਹੀ ਇਸ ਗੀਤ ਦੀ ਫ਼ਰਮਾਇਸ਼ ਉੱਘੜ ਪੈਂਦੀ ਸੀ । ਅੱਜ ਵੀ ਬੱਸਾਂ, ਟਰੱਕਾਂ ਦੇ ਮਗਰ `ਪਾਲੀ ਪਾਣੀ ਖੂਹ ਤੋਂ ਭਰੇ` ਲਿਖਿਆ ਹੋਇਆ ਮਿਲ ਜਾਂਦਾ ਹੈ । ਸਵਰਗੀ ਗੁਰਦੀਪ ਘੋਲੀਏ ਦੁਆਰਾ ਲਿਖੇ ਇਸ ਗੀਤ ਨੂੰ ਕੁੜੀਆਂ ਚਿੜੀਆਂ ਤੇ ਮੁਟਿਆਰਾਂ ਨੇ ਆਪਣੀਆਂ ਦਰੀਆਂ ਸਰ੍ਹਾਣਿਆਂ ਉੱਤੇ ਇਹ ਸ਼ਬਦ ਉਕਰ ਕੇ ਇਸ ਗੀਤ ਨੂੰ ਹਮੇਸ਼ਾ ਹਮੇਸ਼ਾ ਲਈ ਅਮਰ ਕਰ ਦਿੱਤਾ । ਪਿਛਲੇ ਡੇਢ ਦਹਾਕੇ ਦੇ ਕਰੀਬ ਉੱਘੇ ਸਾਹਿਤਕਾਰ ਡਾ. ਲਖਵਿੰਦਰ ਜੌਹਲ ਨੇ ਜਲੰਧਰ ਦੂਰਦਰਸ਼ਨ ਦੇ ਬਹੁ ਚਰਚਿਤ ਪ੍ਰੋਗਰਾਮ `ਲਿਸ਼ਕਾਰਾ` ਅਤੇ ਖਤਾਂ ਦੇ ਜਵਾਬ ਪ੍ਰੋਗਰਾਮ `ਸਿਰਨਾਵਾਂ` ਵਿੱਚ ਟੈਲੀਕਾਸਟ ਕਰਕੇ ਇਸ ਗੀਤ ਦੀ ਮਕਬੂਲੀਅਤ ਨੂੰ ਤਾਜ਼ਾ ਕੀਤਾ ਸੀ । 1960 ਤੋਂ ਉਹ ਲਗਾਤਾਰ ਬਿਮਾਰ ਹੋਣ ਤੋਂ ਪਹਿਲਾਂ ਤੱਕ ਗਾ ਰਿਹਾ ਸੀ ਅਤੇ ਰੇਡੀਓ ਦਾ ਬੀ ਕਲਾਸ ਦਾ ਗਾਇਕ ਸੀ । ਉਸਦੇ ਕਈ ਗੀਤ ਵਰਮਾ ਗ੍ਰਾਮੋਫੋਨ ਕੰਪਨੀ ਅਤੇ ਐਚ. ਐਮ. ਵੀ. ਕੰਪਨੀ ਵਿਚ ਰਿਕਾਰਡ ਹੋਏ ਹਨ ।
ਪਿਛਲੇ ਸਾਲਾਂ ਦੌਰਾਨ ਗੁਰਪਾਲ ਸਿੰਘ ਦੀਆਂ `ਦੁਨੀਆਂ ਨੱਚੀ ਜਾਂਦੀ ਐ`, `ਸਿੱਖੀ ਖੰਡਿਓਂ ਤਿੱਖੀ`, `ਤੇਰੀ ਤੋਰ ਮਸਤਾਨੀ` ਅਤੇ `ਧੰਨ ਫਰੀਦਾ ਧੰਨ ਫਰੀਦਾ` ਨੇ ਮਾਰਕੀਟ ਵਿਚ ਧੁੰਮਾਂ ਪਾਈਆਂ ਸਨ । ਗੁਰਪਾਲ ਸਿੰਘ ਪਾਲ ਦੇ ਮਕਬੂਲ ਗੀਤ `ਪਾਲੀ ਪਾਣੀ ਖੂਹ ਤੋਂ ਭਰੇ`, `ਦਾਤੇ ਦੀਆਂ ਬੇਪਰਵਾਹੀਆਂ ਤੋਂ`,`ਸਿੱਖੀ ਦਾ ਬੂਟਾ`,`ਅੰਬੀ ਦਾ ਬੂਟਾ` (ਪ੍ਰੋ. ਮੋਹਨ ਸਿੰਘ ਦਾ ਲਿਖਿਆ), `ਨਹੀਂ ਨਿਭਣੀ ਜੇਠਾਣੀ ਨਾਲ`, `ਮੈਨੂੰ ਵਿਦਾ ਕਰੋ ਸਖੀਓ`, `ਮੁੰਦਰੀ ਘੜਦੇ ਵੇ ਸੁਨਿਆਰਿਆ`, `ਬਾਲਮਾਂ ਸੌਂ ਜਾਵਾਂ ਮੇਰੀ ਅੱਖੀਆਂ `ਚ ਨੀਂਦਰ ਰੜਕੇ`, `ਲੱਭ ਲੈਂਦੇ ਨੇ ਕਾਫ਼ਰ ਹੋਕੇ ਖੋਜੀ ਅੰਤ ਟਿਕਾਣਾ`, `ਤੋੜ ਮੁਹੱਬਤਾਂ ਗਲ਼ੀ ਮੇਰੀ `ਚੋਂ` ਲੰਘ ਚੱਲਿਐਂ ਚੁੱਪ ਕੀਤਾ ਵੇ`, `ਪੈਸਾ ਜਿਵੇਂ ਨਚਾਈ ਜਾਂਦੈ ਦੁਨੀਆਂ ਨੱਚੀ ਜਾਂਦੀ ਐ` ਅਤੇ `ਪੜ੍ਹ ਫਰੀਦ ਦੀ ਬਾਣੀ ਜੀਵਣ ਸਫਲ ਬਣਾਉਣਾ ਜੇ (ਰਚਿਤ ਬਹਾਦਰ ਡਾਲਵੀ) ਹਾਸੇ ਵੀ ਸਰੋਤਿਆਂ ਦੇ ਮਨਾਂ ਵਿਚ ਵਸੇ ਹੋਏ ਹਨ ।
ਗੁਰਪਾਲ ਸਿੰਘ ਪਾਲ ਦਾ ਜਨਮ 4 ਅਕਤੂਬਰ 1935 ਨੂੰ ਪਿੰਡ ਕਨੇਚ (ਨੇੜੇ ਸਾਹਨੇਵਾਲ) ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ੍ਰ. ਲਹਿਣਾ ਸਿੰਘ ਦੇ ਘਰ ਮਾਤਾ ਸਰਦਾਰਨੀ ਗੁਰਦਿਆਲ ਕੌਰ ਦੀ ਕੁੱਖੋਂ ਹੋਇਆ । ਮੈਟ੍ਰਿਕ 1956 ਵਿਚ ਕਰਕੇ ਆਪਣੇ ਵੱਡੇ ਭਰਾ ਸ. ਮਿੱਤ ਸਿੰਘ ਜੋ ਗਿੱਲ ਪਿੰਡ (ਨੇੜੇ ਬਾਘਾਪੁਰਾਣਾ) ਵਿਖੇ ਓਵਰਸੀਅਰ ਸਨ, ਕੋਲ ਚਲਾ ਗਿਆ । ਉਥੇ ਬਲਵੰਤ ਸਿੰਘ ਮਾਂਗਟ `ਤਾਰ ਬਾਬੂ` ਤੋਂ ਟੈਲੀਗ੍ਰਾਫੀ ਦੀ ਟਰੇਨਿੰਗ ਕਰਕੇ 1959 ਵਿੱਚ ਪਿੰਡ ਰਣੀਆਂ ਵਿਖੇ `ਤਾਰ ਬਾਬੂ` ਲੱਗ ਗਿਆ । ਉਸੇ ਦਿਨ ਤੋਂ ਉਸਦੇ ਨਾਂਅ ਨਾਲ ਗੁਰਪਾਲ ਸਿੰਘ `ਤਾਰ ਬਾਬੂ` ਜੁੜ ਗਿਆ । ਸਕੂਲੀ ਸਮੇਂ ਹੀ ਸਾਹਨੇਵਾਲ ਪੜ੍ਹਦੇ ਸਮੇਂ ਬਾਲ ਸਭਾ ਤੋਂ ਉਸਨੂੰ ਗਾਉਣ ਦਾ ਸੌਂਕ ਲੱਗ ਗਿਆ । ਸਭ ਤੋਂ ਪਹਿਲਾਂ ਗੀਤ ਗਿਆਨੀ ਅਰਜਨ ਸਿੰਘ ਕਨੇਚ ਵਾਲੇ ਦਾ ਲਿਖਿਆ `ਇਤਫਾਕ ਰੱਖੋ, ਦਿਲ ਸਾਫ਼ ਰੱਖੋ, ਇਹ ਬਰਕਤ ਸਾਰੀ ਏਕੇ ਦੀ` ਗਾਇਆ । ਪਾਲ ਨੇ ਗਿਆਨ ਸਿੰਘ ਸੁਰਜੀਤ ਤੋਂ ਬੈਜੋਂ ਸਿੱਖੀ ਤੇ ਤੂੰਬੀ ਦੀ ਕਲਾ ਸਿੱਖਣ ਲਈ ਗੁਰਚਰਨ ਸਿੰਘ ਥਿੰਦ ਬੱਧਨੀ ਵਾਲੇ ਨੂੰ ਉਸਤਾਦ ਧਾਰਿਆ । ਕਲਾਸੀਕਲ ਸੰਗੀਤ ਦੀ ਸਿੱਖਿਆ ਉਸਤਾਦ ਜਸਵੰਤ ਸਿੰਘ ਭੰਵਰਾ ਤੋਂ ਗ੍ਰਹਿਣ ਕੀਤੀ ਅਤੇ ਗਿਆਨੀ ਨਿਰਭੈ ਸਿੰਘ ਦੁਆਰੇਆਣਾ ਤੋਂ ਕਵਿਤਾ ਤੇ ਗੀਤ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਉਸਨੇ ਜ਼ਿਆਦਾਤਰ ਪ੍ਰੋ. ਮੋਹਨ ਸਿੰਘ, ਉਸਤਾਦ ਗ਼ਜ਼ਲਗੋ ਦੀਪਕ ਜੈਤੋਈ, ਬਾਬੂ ਸਿੰਘ ਮਾਨ, ਗੁਰਾਂਦਿੱਤਾ ਸੰਧੂ, ਬਹਾਦਰ ਡਾਲਵੀ, ਸਵਰਗੀ ਗੁਰਦੀਪ ਘੋਲੀਆ, ਗੁਰਪਾਲ ਸਿੰਘ ਚੋਟੀਆਂ, ਦਾਨ ਸਿੰਘ ਕੋਮਲ, ਗੁਰਦਿੱਤ ਸਿੰਘ ਕੁੰਦਨ ਦੇ ਲਿਖੇ ਗੀਤਾਂ ਨੂੰ ਆਪਣੀਆਂ ਤਰਜ਼ਾਂ ਵਿਚ ਰਿਕਾਰਡ ਕਰਵਾਇਆ । ਵਿਦੇਸ਼ਾਂ ਵਿਚ ਵੀ ਉਸਨੇ ਆਪਣੇ ਸਭਿਆਚਾਰਕ ਗੀਤਾਂ ਦੀ ਮਹਿਕ ਖਿਲਾਰੀ । ਹਾਲੇ ਕੁੱਝ ਸਾਲ ਪਹਿਲਾਂ ਹੀ ਉਸ ਦੀਆਂ ਨਵੀਆਂ ਕੈਸਿਟਾਂ `ਦਸਵੇਂ ਗੁਰਾਂ ਦੀ ਜਿੰਦ ਜਾਨ ਖਾਲਸਾ`, `ਵਾਹਿਗੁਰੂ ਅੱਲਾ ਰਾਮ ਖ਼ੁਦਾ (ਸ਼ਲੋਕ ਭਗਤ ਕਬੀਰ ਜੀ), ਧਾਰਮਿਕ ਕੈਸਿਟਾਂ ਅਤੇ ਗੀਤਾਂ ਦੀ ਕੈਸਿਟ `ਅੰਬੀ ਦਾ ਬੂਟਾ` ਆਦਿ ਮਾਰਕੀਟ ਵਿਚ ਆਈਆਂ ਸਨ । 1970 ਦੇ ਲੱਗਭੱਗ ਗੁਰਪਾਲ ਸਿੰਘ ਪਾਲ ਨੇ ਰਾਜਿੰਦਰ ਰਾਜਨ, ਸਵਰਨ ਲਤਾ ਅਤੇ ਜਗਮੋਹਨ ਕੌਰ ਨਾਲ ਕੁੱਝ ਗੀਤ ਗਾਏ ਸਨ । ਉੱਘੀ ਗਾਇਕਾ ਜਸਵਿੰਦਰ ਬਰਾੜ ਬਠਿੰਡਾ ਵੀ ਉਸਦੀ ਹੋਣਹਾਰ ਸ਼ਗਿਰਦ ਹੈ । ਪ੍ਰੋ. ਮੋਹਨ ਸਿੰਘ ਮੇਲੇ ਤੋਂ ਇਲਾਵਾ ਕਈ ਸਭਾਵਾਂ ਅਤੇ ਸੰਸਥਾਵਾਂ ਨੇ ਉਸਦੀ ਸਭਿਆਚਾਰਕ ਗਾਇਕੀ ਨੂੰ ਸਨਮਾਨਿਆ ਹੈ । ਉਹ ਪੈਸੇ ਦੀ ਚਮਕ ਤੋਂ ਦੂਰ ਰਿਹਾ ਤੇ ਸਾਫ਼ ਸੁਥਰੀ ਗਾਇਕੀ ਨਾਲ ਹੀ ਪਰਨਾਇਆ ਰਿਹਾ । ਤੰਗੀਆਂ ਤੁਰਸ਼ੀਆਂ ਵੀ ਆਪ ਦੇ ਹਿੱਸੇ ਬਹੁਤ ਆਈਆਂ । ਆਖੀਰ ਆਪਣੀ 83 ਸਾਲ ਦੀ ਉਮਰ ਭੋਗ ਕੇ 28 ਨਵੰਬਰ ਦਿਨ ਮੰਗਲਵਾਰ ਰਾਤ ਨੂੰ ਸਦਾ ਦੀ ਨੀਂਦ ਸੌਂ ਗਿਆ । ਉਸਦੀ ਸਭਿਆਚਾਰਕ ਤੇ ਸਾਫ਼ ਸੁਥਰੀ ਗਾਇਕੀ ਹਮੇਸ਼ਾਂ ਲਈ ਉਸਦੇ ਚਾਹੁਣ ਵਾਲਿਆਂ ਦੇ ਮਨਾਂ ਵਿਚ ਵਸੀ ਰਹੇਗੀ । 
ਬਹਾਦਰ ਡਾਲਵੀ
ਮਕਾਨ ਨੰਬਰ 6/120
ਰਾਜਗੁਰੂ ਨਗਰ ਮੋਗਾ-142001
94172-35502
bahadur.dalvi@yahoo.com