ਸਮਾਜਿਕ ਬੁਰਾਈਆਂ ਦਾ ਜੜੋਂ ਸਫ਼ਾਇਆ ਕੀਤਾ ਜਾਵੇਗਾ-ਐਮ.ਐਲ.ਏ. ਡਾ. ਹਰਜੋਤ

ਮੋਗਾ,  19 ਦਸੰਬਰ (ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ: ਹਰਜੋਤ ਕਮਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਗਾ ਹਲਕੇ ਵਿੱਚ ਅਸਮਾਜਿਕ ਤੱਤਾਂ ਨੂੰ ਨੱਥ ਪਾਈ ਜਾਵੇਗੀ ਅਤੇ ਹਲਕੇ ਵਿੱਚ ਨਸ਼ਾ, ਰਿਸ਼ਵਤਖੋਰੀ, ਭਿ੍ਰਸ਼ਟਾਚਾਰ, ਗੁੰਡਾਗਰਦੀ, ਦੜਾ ਸੱਟਾ, ਜੂਆ-ਠੱਗੀ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਜੜੋਂ ਖਾਤਮਾ ਕੀਤਾ ਜਾਵੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਅਜਿਹੀਆਂ ਅਸਮਾਜਿਕ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਦੀ ਜਾਣਕਾਰੀ ਸਬੰਧਿਤ ਪੁਲਿਸ ਸਟੇਸ਼ਨ ਜਾਂ ਮੇਰੇ ਦਫ਼ਤਰ ਵਿੱਚ ਦਿੱਤੀ ਜਾਵੇ ਤਾਂ ਜੋ ਮੌਕੇ ਤੇ ਹੀ ਅਜਿਹੇ ਅਸਮਾਜਿਕ ਤੱਤਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨਾਂ ਕਿਹਾ ਕਿ ਮੋਗਾ ਹਲਕੇ ਵਿੱਚ ਸਮਾਜਿਕ ਬੁਰਾਈਆਂ ਫੈਲਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਤੇ ਉਨਾਂ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆਂ ਦੇ ਪੂਰਨ ਨਿਪਟਾਰੇ ਲਈ ਮੰਡੀ ਵਿੱਚ ਪਾਰਕਿੰਗ ਦੀ ਸੁਵਿਧਾ ਉਪਲਬਧ ਕਰਵਾਉਣ ਦੇ ਨਾਲ ਨਾਲ ਬਾਜ਼ਾਰ ਵਿੱਚ ਗੱਡੀਆਂ ਦੀ ਪਾਰਕਿੰਗ ਬੰਦ ਕਰਵਾਈ ਜਾਵੇਗੀ ਤਾਂ ਕਿ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਡਾ. ਹਰਜੋਤ ਨੇ ਕਿਹਾ ਕਿ ਸਿਵਲ ਹਸਪਤਾਲ ਮੇਨ ਬਜ਼ਾਰ ਵਿੱਚ ਹੋਣ ਕਾਰਨ ਅਤੇ ਬਾਜ਼ਾਰ ਵਿੱਚ ਵਹੀਕਲ ਪਾਰਕਿੰਗ ਹੋਣ ਕਾਰਨ ਮਰੀਜ਼ਾ ਨੂੰ ਐਂਬੂਲੈਂਸ ਰਾਹੀ ਹਸਪਤਾਲ ਤੱਕ ਲਿਜਾਣ ਵਿੱਚ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਡਾ: ਹਰਜੋਤ ਨੇ ਕਿਹਾ ਕਿ ਉਨਾਂ ਦਾ ਸੁਪਨਾ ਹੈ ਕਿ ਸ਼ਹਿਰ ਵਿੱਚ ਟ੍ਰੈਫਿਕ ਸਮੱਸਿਆ ਦੇ ਪੱਕੇ ਹੱਲ ਲਈ ਮਲਟੀਸਟੋਰੀ ਪਾਰਕਿੰਗ ਸਿਸਟਮ ਪ੍ਰੋਜੈਕਟ ਲਗਾਇਆ ਜਾਵੇ ਤਾਂ ਕਿ ਸ਼ਹਿਰ ਦੀ ਟ੍ਰੈਫਿਕ ਸਮੱਸਿਆਂ ਦਾ 100 ਫੀਸਦੀ ਹੱਲ ਹੋ ਸਕੇ ਅਤੇ ਜਦੋਂ ਤੱਕ ਮਲਟੀਸਟੋਰੀ ਪਾਰਕਿੰਗ ਸਿਸਟਮ ਨਹੀਂ ਲੱਗ ਜਾਂਦਾ ਉਦੋਂ ਤੱਕ ਟ੍ਰੈਫਿਕ ਸਮੱਸਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯੋਗ ਉਪਰਾਲੇ ਕੀਤੇ ਜਾਣਗੇ। ਉਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਨਾਂ ਜੋ ਵਾਅਦੇ ਹਲਕਾ ਵਾਸੀਆਂ ਨਾਲ ਕੀਤੇ ਸੀ, ਉਸਨੂੰ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।